ਜ਼ੈਲੇਂਸਕੀ ਵੱਲੋਂ ਰੂਸੀ ਹਮਲਿਆਂ ਕਾਰਨ ਵਿਦੇਸ਼ੀ ਦੌਰੇ ਮੁਲਤਵੀ
(ਇੰਡੋ ਕਨੇਡੀਅਨ ਟਾਇਮਜ਼ )ਕੀਵ-ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਰੂਸ ਵੱਲੋਂ ਕੀਤੇ ਜਾ ਰਹੇ ਤਿੱਖੇ ਹਮਲਿਆਂ ਕਾਰਨ ਆਪਣੇ ਸਾਰੇ ਵਿਦੇਸ਼ੀ ਦੌਰੇ ਮੁਲਤਵੀ ਕਰ ਦਿੱਤੇ ਹਨ। ਅਮਰੀਕੀ ਹਮਾਇਤ ਦਾ ਭਰੋਸਾ ਦੇਣ ਲਈ ਯੂਕਰੇਨ ਦੇ ਦੌਰੇ ’ਤੇ ਆਏ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਕੀਵ ’ਚ ਡਰੋਨ ਬਣਾਉਣ ਵਾਲੇ ਕਾਰਖਾਨੇ ਦਾ ਦੌਰਾ ਕੀਤਾ। ਜ਼ੈਲੇਂਸਕੀ ਨੇ ਸਾਰੇ ਵਿਦੇਸ਼ੀ ਦੌਰੇ ਰੱਦ ਕਰਦਿਆਂ ਆਪਣੀ ਟੀਮ ਨੂੰ ਨਵੇਂ ਸਿਰੇ ਤੋਂ ਪ੍ਰੋਗਰਾਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ‘ਟੈਲੀਗ੍ਰਾਮ’ ’ਤੇ ਜ਼ੈਲੇਂਸਕੀ ਦੇ ਦਫ਼ਤਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਬਿਆਨ ’ਚ ਕਿਹਾ ਕਿ ਭਾਈਵਾਲ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣਗੇ। ਜ਼ੈਲੇਂਸਕੀ ਨੇ ਸਪੇਨ ਅਤੇ ਪੁਰਤਗਾਲ ਦੇ ਦੌਰੇ ’ਤੇ ਜਾਣਾ ਸੀ। ਜ਼ੈਲੇਂਸਕੀ ਦੇ ਦੌਰਾ ਰੱਦ ਕਰਨ ਸਬੰਧੀ ਫ਼ੈਸਲੇ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਯੂਕਰੇਨ ਨੂੰ ਰੂਸ ਦੇ ਨਵੇਂ ਅਤੇ ਤਿੱਖੇ ਹਮਲੇ ਦਾ ਟਾਕਰਾ ਕਰਨ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਿੰਕਨ ਨੇ ਅਨਾਜ ਗੁਦਾਮ ਦਾ ਵੀ ਦੌਰਾ ਕੀਤਾ ਅਤੇ ਜੰਗ ਦੌਰਾਨ ਯੂਕਰੇਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਰਵਾਇਤੀ ਸਮੁੰਦਰੀ ਮਾਰਗ ’ਚ ਅੜਿੱਕੇ ਡਾਹੁਣ ਮਗਰੋਂ ਯੂਕਰੇਨ ਅਨਾਜ ਦੀ ਬਰਾਮਦ ਰੇਲ ਰਾਹੀਂ ਯਕੀਨੀ ਬਣਾ ਰਿਹਾ ਹੈ। ਰੂਸੀ ਫ਼ੌਜ ਨੇ ਯੂਕਰੇਨ ਦੇ ਖਾਰਕੀਵ ਖ਼ਿੱਤੇ ’ਚ ਨਵੇਂ ਸਿਰੇ ਤੋਂ ਹਮਲੇ ਸ਼ੁਰੂ ਕੀਤੇ ਹਨ। ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤੇ ਗਏ ਹਮਲਿਆਂ ਕਾਰਨ ਕਰੀਬ 8 ਹਜ਼ਾਰ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਸੇਵਾਸਤੋਪੋਲ ਦੇ ਗਵਰਨਰ ਮਿਖਾਈਲ ਰਾਜ਼ਵੋਜ਼ਯੇਵ ਨੇ ਕਿਹਾ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਕਾਲਾ ਸਾਗਰ ਅਤੇ ਬੇਲਬੇਕ ਏਅਰ ਬੇਸ ਨੇੜੇ ਕਈ ਯੂਕਰੇਨੀ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਮਿਜ਼ਾਈਲਾਂ ਦੇ ਟੁਕੜੇ ਰਿਹਾਇਸ਼ੀ ਇਲਾਕਿਆਂ ’ਚ ਡਿੱਗੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਰੂਸ ਨੇ ਬੇਲਗ੍ਰਾਦ ਖ਼ਿੱਤੇ ’ਚ 9 ਯੂਕਰੇਨੀ ਡਰੋਨ, ਦੋ ਵਿਲਹਾ ਰਾਕੇਟ, ਦੋ ਰਡਾਰ ਵਿਰੋਧੀ ਹਾਰਮ ਮਿਜ਼ਾਈਲਾਂ ਅਤੇ ਦੋ ਹੈਮਰ ਬੰਬ ਵੀ ਤਬਾਹ ਕਰ ਦਿੱਤੇ। ਪਿੰਡ ਦੁਬੋਵੋਯੇ ’ਚ ਯੂਕਰੇਨੀ ਰਾਕੇਟ ਹਮਲੇ ’ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕੁਰਸਕ ਖ਼ਿੱਤੇ ’ਚ ਪੰਜ ਅਤੇ ਬ੍ਰਿਯਾਂਸਕ ਖ਼ਿੱਤੇ ’ਚ ਤਿੰਨ ਡਰੋਨ ਮਾਰ ਸੁੱਟੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਕ ਹੋਰ ਯੂਕਰੇਨੀ ਡਰੋਨ ਤਾਤਾਰਸਤਾਨ ਖ਼ਿੱਤੇ ’ਚ ਡੇਗਿਆ ਗਿਆ। ਇਸੇ ਤਰ੍ਹਾਂ ਰੋਸਤੋਵ ਖ਼ਿੱਤੇ ’ਚ ਦੋ ਡਰੋਨਾਂ ਨੇ ਤੇਲ ਡਿਪੂ ’ਤੇ ਹਮਲਾ ਕੀਤਾ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।