ਕਿਮ ਨਾਲ ਮਿਲ ਕੇ ਪਾਬੰਦੀਆਂ ਨੂੰ ਮਾਤ ਦੇਵਾਂਗੇ: ਪੂਤਿਨ

ਕਿਮ ਨਾਲ ਮਿਲ ਕੇ ਪਾਬੰਦੀਆਂ ਨੂੰ ਮਾਤ ਦੇਵਾਂਗੇ: ਪੂਤਿਨ

ਸਿਓਲ, (ਇੰਡੋ ਕਨੇਡੀਅਨ ਟਾਇਮਜ਼)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ’ਚ ਕੀਤੀ ਗਈ ਕਾਰਵਾਈ ਲਈ ਹਮਾਇਤ ਦੇਣ ਵਾਸਤੇ ਉੱਤਰੀ ਕੋਰੀਆ ਦਾ ਧੰਨਵਾਦ ਕੀਤਾ ਹੈ। ਪਿਓਂਗਯਾਂਗ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਅਮਰੀਕਾ ਦੀ ਅਗਵਾਈ ਹੇਠ ਲਾਈਆਂ ਗਈਆਂ ਪਾਬੰਦੀਆਂ ਨੂੰ ਮਾਤ ਦੇਣ ਲਈ ਇਕ-ਦੂਜੇ ਨੂੰ ਸਹਿਯੋਗ ਦੇਣਗੇ। ਪੂਤਿਨ ਦੇ ਦੋ ਦਿਨਾ ਦੌਰੇ ਤੋਂ ਪਹਿਲਾਂ ਉਨ੍ਹਾਂ ਦਾ ਬਿਆਨ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ’ਚ ਨਸ਼ਰ ਹੋਇਆ ਹੈ। ਪੂਤਿਨ ਦਾ ਇਹ 24 ਸਾਲਾਂ ’ਚ ਉੱਤਰੀ ਕੋਰੀਆ ਦਾ ਪਹਿਲਾ ਦੌਰਾ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਉੱਤਰੀ ਕੋਰੀਆ ਵਪਾਰ ਅਤੇ ਅਦਾਇਗੀ ਪ੍ਰਣਾਲੀਆਂ ਵਿਕਸਤ ਕਰਨਗੇ ਜਿਨ੍ਹਾਂ ’ਤੇ ਪੱਛਮ ਦਾ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਇਕਪਾਸੜ ਅਤੇ ਗ਼ੈਰਕਾਨੂੰਨੀ ਹਨ। ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰੋਗਰਾਮਾਂ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ**ਕੌਂਸਲ ਜਦਕਿ ਯੂਕਰੇਨ ’ਤੇ ਹਮਲੇ ਕਾਰਨ ਰੂਸ ਖ਼ਿਲਾਫ਼ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲਾਂ ਨੇ ਪਾਬੰਦੀਆਂ ਲਾਈਆਂ ਹਨ। ਪੂਤਿਨ ਨੇ ਕਿਹਾ ਕਿ ਦੋਵੇਂ ਮੁਲਕ ਸੈਰ-ਸਪਾਟਾ, ਸੱਭਿਆਚਾਰ ਅਤੇ ਸਿੱਖਿਆ ’ਚ ਸਹਿਯੋਗ ਵਧਾਉਣਗੇ। ਉੱਤਰੀ ਕੋਰੀਆ ਰਵਾਨਾ ਹੋਣ ਤੋਂ ਪਹਿਲਾਂ ਪੂਤਿਨ ਨੇ ਮੰਗਲਵਾਰ ਨੂੰ ਪੂਰਬੀ ਰੂਸ ਦੇ ਸ਼ਹਿਰ ਯਾਕੁਤਸਕ ਦਾ ਦੌਰਾ ਕੀਤਾ ਅਤੇ ਗਵਰਨਰ ਐਸੇਨ ਨਿਕੋਲਯੇਵ ਨਾਲ ਮੁਲਾਕਾਤ ਕਰਕੇ ਖ਼ਿੱਤੇ ਦੇ ਤਕਨਾਲੋਜੀ ਅਤੇ ਰੱਖਿਆ ਨਾਲ ਸਬੰਧਤ ਪ੍ਰਾਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ।

ਉੱਤਰੀ ਕੋਰੀਆ ਦੇ ਜਵਾਨਾਂ ਨੂੰ ਰੋਕਣ ਲਈ ਸਰਹੱਦ ’ਤੇ ਚੱਲੀਆਂ ਗੋਲੀਆਂ
ਸਿਓਲ: ਉੱਤਰੀ ਕੋਰੀਆ ਦੇ ਜਵਾਨਾਂ ਵੱਲੋਂ ਗਲਤੀ ਨਾਲ ਸਰਹੱਦ ਪਾਰ ਕਰਨ ’ਤੇ ਦੱਖਣੀ ਕੋਰੀਆ ਦੇ ਜਵਾਨਾਂ ਨੇ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਉੱਤਰੀ ਕੋਰੀਆ ਦੇ ਜਵਾਨਾਂ ਨੇ ਸਰਹੱਦ ਉਲੰਘਣ ਦੀ ਕੋਸ਼ਿਸ਼ ਕੀਤੀ। ਉੱਤਰੀ ਕੋਰੀਆ ਦੇ ਜਵਾਨਾਂ ਨੇ ਜਵਾਬ ’ਚ ਕੋਈ ਗੋਲੀ ਨਹੀਂ ਚਲਾਈ। ਉਸਾਰੀ ਦੇ ਕੰਮ ’ਚ ਲੱਗੇ ਕਰੀਬ 20 ਤੋਂ 30 ਜਵਾਨ ਗਲਤੀ ਨਾਲ ਦੂਜੇ ਪਾਸੇ ਵੱਲ ਨੂੰ ਚਲੇ ਗਏ ਜਿਸ ਮਗਰੋਂ ਦੱਖਣੀ ਕੋਰੀਆ ਦੇ ਜਵਾਨਾਂ ਨੇ ਚਿਤਾਵਨੀ ਦਿੰਦਿਆਂ ਹਵਾ ’ਚ ਗੋਲੀਆਂ ਦਾਗ਼ੀਆਂ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਮੁਤਾਬਕ ਇਸ ਮਗਰੋਂ ਕੋਈ ਸ਼ੱਕੀ ਸਰਗਰਮੀ ਨਜ਼ਰ ਨਹੀਂ ਆਈ। ਇਲਾਕੇ ’ਚ ਸੰਘਣਾ ਜੰਗਲ ਹੋਣ ਕਾਰਨ ਉੱਤਰੀ ਕੋਰੀਆ ਦੇ ਜਵਾਨਾਂ ਨੂੰ ਸਰਹੱਦ ਦਾ ਪਤਾ ਨਹੀਂ ਲੱਗਿਆ ਹੋਵੇਗਾ ਜਿਸ ਕਾਰਨ ਉਹ ਅੱਗੇ ਤੱਕ ਨਿਕਲ ਆਏ ਸਨ।

sant sagar