ਜਬਰੀ ਵਤਨ ਵਾਪਸੀ ਕਾਰਨ ਸੁਨਹਿਰੀ ਭਵਿੱਖ ਦੇ ਸੁਪਨੇ ਟੁੱਟੇ

ਜਬਰੀ ਵਤਨ ਵਾਪਸੀ ਕਾਰਨ ਸੁਨਹਿਰੀ ਭਵਿੱਖ ਦੇ ਸੁਪਨੇ ਟੁੱਟੇ
ਟਾਂਡਾ-ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ’ਚੋਂ ਦੋ ਵਿਅਕਤੀ ਟਾਂਡਾ ਇਲਾਕੇ ਦੇ ਪਿੰਡ ਦਾਰਾਪੁਰ ਤੇ ਟਾਹਲੀ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਦਾਰਾਪੁਰ ਵਾਸੀ ਸੁਖਪਾਲ ਪੁੱਤਰ ਪ੍ਰੇਮ ਪਾਲ ਅੱਠ ਮਹੀਨੇ ਪਹਿਲਾਂ ਵਰਕ ਪਰਮਿਟ ’ਤੇ ਇਟਲੀ ਗਿਆ ਸੀ ਤੇ ਬਾਅਦ ਵਿੱਚ ਅਮਰੀਕਾ ਦਾਖਲ ਹੁੰਦੇ ਫੜਿਆ ਗਿਆ ਸੀ। ਸੁਖਪਾਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਪਾਲ ਦੇ ਅਮਰੀਕਾ ਤੋਂ ਡਿਪੋਰਟ ਹੋਣ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ, ‘‘ਸੁਖਪਾਲ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਵਰਕ ਪਰਮਿਟ ’ਤੇ ਇਟਲੀ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨਾਲ ਗੱਲ ਹੋਈ ਸੀ। ਉਹ ਉੱਥੋਂ ਅਮਰੀਕਾ ਕਿਵੇਂ ਗਿਆ, ਇਸ ਬਾਰੇ ਉਸ ਨੇ ਸਾਨੂੰ ਕੁਝ ਨਹੀਂ ਦੱਸਿਆ।’’
ਦੂਜਾ ਵਿਅਕਤੀ ਨੇੜਲੇ ਪਿੰਡ ਟਾਹਲੀ ਦਾ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਹੈ। ਉਹ ਪਿਛਲੇ ਮਹੀਨੇ ਹੀ ਬਾਰਡਰ ਪਾਰ ਕਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਇਆ ਸੀ ਤੇ ਫੜੇ ਜਾਣ ਤੋਂ ਬਾਅਦ ਕੈਂਪ ’ਚ ਸੀ। ਹਰਵਿੰਦਰ ਸਿੰਘ ਦੀ ਪਤਨੀ ਕੁਲਜਿੰਦਰ ਕੌਰ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਅਮਰੀਕਾ ਜਾਣ ਲਈ ਘਰੋਂ ਗਿਆ ਸੀ। ਕੁਲਜਿੰਦਰ ਕੌਰ ਮੁਤਾਬਕ ਏਜੰਟ ਨੇ 42 ਲੱਖ ਰੁਪਏ ਲੈਣ ਦੇ ਬਾਵਜੂਦ ਕਾਨੂੰਨੀ ਤਰੀਕੇ ਦੀ ਬਜਾਇ ਉਸ ਦੇ ਪਤੀ ਹਰਵਿੰਦਰ ਨੂੰ ਧੋਖੇ ਨਾਲ ਡੌਂਕੀ ਲਵਾ ਕੇ ਅਮਰੀਕਾ ਭੇਜਿਆ ਸੀ। ਉਸ ਦੇ ਪਤੀ ਨੇ 15 ਜਨਵਰੀ ਨੂੰ ਮੈਸਜ ਕਰ ਕੇ ਅਮਰੀਕਾ ਦਾ ਬਾਰਡਰ ਪਾਰ ਕਰਨ ਬਾਰੇ ਦੱਸਿਆ ਸੀ ਪਰ ਬਾਅਦ ਵਿੱਚ ਉਸ ਨਾਲ ਕੋਈ ਰਾਬਤਾ ਨਹੀਂ ਹੋਇਆ ਅਤੇ ਅੱਜ ਹੀ ਉਨ੍ਹਾਂ ਨੂੰ ਉਸ ਦੇ ਵਤਨ ਵਾਪਸੀ ਦੀ ਸੂਚਨਾ ਮਿਲੀ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਜੜੌਤ ਵਾਸੀ ਪ੍ਰਦੀਪ (22) ਉਰਫ਼ ਦੀਪੂ ਨੂੰ ਛੇ ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ ਮਗਰੋਂ ਅਮਰੀਕਾ ਤੋਂ ਵਾਪਸ ਘਰ ਭੇਜ ਦਿੱਤਾ ਗਿਆ ਹੈ। ਜਿਵੇਂ ਹੀ ਉਸ ਨੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅਮਰੀਕਾ ਦੀ ਪੁਲੀਸ ਨੇ ਫੜ ਲਿਆ ਤੇ ਹੁਣ205 ਜਣਿਆਂ ਦੇ ਭਾਰਤੀ ਗਰੁੱਪ ਸਣੇ ਮੁਲਕ ਵਾਪਸ ਭੇਜ ਦਿੱਤਾ ਗਿਆ ਹੈ।