ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ

ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ

ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ
ਨਵੀਂ ਦਿੱਲੀ:ਬਿਨਾਂ ਮਨਜ਼ੂਰੀ ਤੋਂ ਇਕ ਧਾਰਮਿਕ ਸਥਾਨ ਚਲਾਉਣ ’ਤੇ ਕਤਰ ਅਥਾਰਿਟੀਜ਼ ਵੱਲੋਂ ਹਾਸਲ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅੱਜ ਦੋਹਾ ਵਿੱਚ ਭਾਰਤੀ ਦੂਤਾਵਾਸ ਨੂੰ ਸੌਂਪੇ ਗਏ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਬਿਆਨ ਵਿੱਚ ਕਤਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਖਾੜੀ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਉੱਥੋਂ ਦੇ ਸਥਾਨਕ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ। ਜੈਸਵਾਲ ਨੇ ‘ਐਕਸ’ ਉੱਤੇ ਕਿਹਾ, ‘‘ਕਤਰ ਅਥਾਰਿਟੀਜ਼ ਨੇ ਅੱਜ ਦੋਹਾ ਵਿਚਲੇ ਸਾਡੇ ਦੂਤਾਵਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸੌਂਪੇ ਹਨ। ਬਿਨਾ ਮਨਜ਼ੂਰੀ ਤੋਂ ਧਾਰਮਿਕ ਸਥਾਨ ਚਲਾਉਣ ਦੇ ਇਕ ਮਾਮਲੇ ਵਿੱਚ ਭਾਰਤੀ ਨਾਗਰਿਕਾਂ ਕੋਲੋਂ ਇਹ ਪਾਵਨ ਸਰੂਪ ਹਾਸਲ ਕੀਤੇ ਗਏ ਸਨ। ਅਸੀਂ ਇਸ ਲਈ ਕਤਰ ਸਰਕਾਰ ਦਾ ਧੰਨਵਾਦ ਕਰਦੇ ਹਾਂ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ, ‘‘ਅਸੀਂ ਕਤਰ ਜਾਂ ਹੋਰ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਰੇ ਮਾਮਲਿਆਂ ਵਿੱਚ ਉੱਥੋਂ ਦੇ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ।’’ਇਸ ਤੋਂ ਪਹਿਲਾਂ 23 ਅਗਸਤ ਨੂੰ ਜੈਸਵਾਲ ਨੇ ਦੱਸਿਆ ਸੀ ਕਿ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਇਕ ਧਾਰਮਿਕ ਸਥਾਨ ਚਲਾਉਣ ਦੇ ਦੋਸ਼ ਹੇਠ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ/ਸਮੂਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਹਾਸਲ ਕੀਤੇ। ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ 23 ਅਗਸਤ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਕਤਰ ਪੁਲੀਸ ਕੋਲ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਛੁਡਾਇਆ ਜਾਵੇ। ਉਨ੍ਹਾਂ ਜੈਸ਼ੰਕਰ ਨੂੰ ਇਹ ਮਾਮਲਾ ਕਤਰ ਅਥਾਰਿਟੀਜ਼ ਨਾਲ ਉਠਾਉਣ ਅਤੇ ਕਤਰ ਦੇ ਸਿੱਖਾਂ ਨੂੰ ਉੱਥੇ ਗੁਰਦੁਆਰੇ ਸਥਾਪਤ ਕਰਨ ਦੀ ਇਜਾਜ਼ਤ ਦਿਵਾਉਣ ਦੀ ਅਪੀਲ ਵੀ ਕੀਤੀ ਸੀ।

sant sagar