ਇਜ਼ਰਾਇਲੀ ਹਵਾਈ ਹਮਲੇ ਵਿੱਚ 16 ਹਲਾਕ

ਇਜ਼ਰਾਇਲੀ ਹਵਾਈ ਹਮਲੇ ਵਿੱਚ 16 ਹਲਾਕ

ਮ੍ਰਿਤਕਾਂ ’ਚ ਚਾਰ ਬੱਚੇ ਅਤੇ ਪੰਜ ਔਰਤਾਂ ਸ਼ਾਮਲ; ਜੰਗ ’ਚ ਹੁਣ ਤੱਕ 41 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ

ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਗਾਜ਼ਾ ਪੱਟੀ ’ਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਹਵਾਈ ਹਮਲਿਆਂ ’ਚ 16 ਵਿਅਕਤੀ ਮਾਰੇ ਗਏ। ਮ੍ਰਿਤਕਾਂ ’ਚ ਚਾਰ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ। ਨੁਸਰਤ ਸ਼ਰਨਾਰਥੀ ਕੈਂਪ ’ਤੇ ਅੱਜ ਤੜਕੇ ਕੀਤੇ ਹਮਲੇ ’ਚ ਘਰ ਮਲਬਾ ਬਣ ਗਿਆ, ਜਿਸ ’ਚ ਚਾਰ ਔਰਤਾਂ ਅਤੇ ਦੋ ਬੱਚਿਆਂ ਸਮੇਤ 10 ਵਿਅਕਤੀ ਮਾਰੇ ਗਏ। ਅਵਦਾ ਹਸਪਤਾਲ ਮੁਤਾਬਕ ਇਸ ਹਮਲੇ ’ਚ 13 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ, ਜੋ ਜ਼ੇਰੇ ਇਲਾਜ ਹਨ।

ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਸ਼ਹਿਰ ’ਚ ਕੀਤੇ ਗਏ ਹੋਰ ਹਮਲੇ ’ਚ ਔਰਤ ਅਤੇ ਦੋ ਬੱਚਿਆਂ ਸਮੇਤ ਛੇ ਵਿਅਕਤੀ ਮਾਰੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਹਮਾਸ ਅਤੇ ਹੋਰ ਹਥਿਆਰਬੰਦ ਗੁੱਟਾਂ ’ਤੇ ਦੋਸ਼ ਲਾਇਆ ਹੈ ਕਿ ਉਹ ਰਿਹਾਇਸ਼ੀ ਇਲਾਕਿਆਂ ’ਚ ਪਨਾਹ ਲੈ ਕੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ’ਚ ਪਾ ਰਹੇ ਹਨ। ਉਧਰ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਮਗਰੋਂ ਜੰਗ ’ਚ 41 ਹਜ਼ਾਰ ਤੋਂ ਵਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਨੇ ਕੋਈ ਸਬੂਤ ਦਿੱਤੇ ਬਿਨਾਂ ਦਾਅਵਾ ਕੀਤਾ ਹੈ ਕਿ ਉਸ ਨੇ 17 ਹਜ਼ਾਰ ਤੋਂ ਵਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਜ਼ਰਾਇਲੀ ਫੌਜ ਵੱਲੋਂ ਕਿਸੇ ਇਕ ਹਮਲੇ ’ਤੇ ਘੱਟ ਹੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਜਿਸ ’ਚ ਅਕਸਰ ਔਰਤਾਂ ਅਤੇ ਬੱਚਿਆਂ ਦੀ ਮੌਤ ਹੁੰਦੀ ਹੈ। ਇਜ਼ਰਾਈਲ ਜਾਨੀ ਨੁਕਸਾਨ ਦੇ ਵੇਰਵੇ ਨਹੀਂ ਦਿੰਦਾ ਹੈ ਪਰ ਉਹ ਸਿਰਫ਼ ਆਖਦਾ ਹੈ ਕਿ ਮਾਰੇ ਗਏ ਵਿਅਕਤੀਆਂ ’ਚ ਅੱਧੇ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਸ਼ਾਮਲ ਹਨ। 

ad