ਅਮਰੀਕਾ ’ਚ ਸੜਕ ਹਾਦਸਾ; ਚਾਰ ਭਾਰਤੀ ਜਿਊਂਦੇ ਸੜੇ

ਅਮਰੀਕਾ ’ਚ ਸੜਕ ਹਾਦਸਾ; ਚਾਰ ਭਾਰਤੀ ਜਿਊਂਦੇ ਸੜੇ

ਹਿਊਸਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਟੈਕਸਾਸ ’ਚ ਲੰਘੇ ਹਫ਼ਤੇ ਸੜਕ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਹੈਦਰਾਬਾਦ ਦੇ ਕੁਕਟਪੱਲੀ ਉਪ ਨਗਰ ਦੇ ਆਰੀਅਨ ਰਘੁਨਾਥ ਓਰਮਪੱਟੀ ਅਤੇ ਉਸ ਦੇ ਦੋਸਤ ਫਾਰੂਕ ਸ਼ੇਖ, ਇੱਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਲਾਚਰਲਾ ਤੇ ਤਾਮਿਲਨਾਡੂ ਦੀ ਦਰਸ਼ਿਨੀ ਵਾਸੁਦੇਵ ਵਜੋਂ ਹੋਈ ਹੈ। ਕੌਲਿਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਅਨੁਸਾਰ ਇਹ ਹਾਦਸਾ ਡਲਾਸ ਨੇੜੇ ਅੰਨਾ ’ਚ ਵ੍ਹਾਈਟ ਸਟ੍ਰੀਟ ’ਤੇ ਉੱਤਰ ਵਾਲੇ ਪਾਸੇ ਯੂਐੱਸ-75 ਤੋਂ ਥੋੜੀ ਦੂਰ ਵਾਪਰਿਆ ਤੇ ਇਸ ਹਾਦਸੇ ਦੀ ਲਪੇਟ ’ਚ ਪੰਜ ਵਾਹਨ ਆ ਗਏ। ਹਿਊਸਟਨ ’ਚ ਭਾਰਤ ਦੇ ਕੌਂਸੁਲ ਜਨਰਲ ਡੀਸੀ ਮੰਜੂਨਾਥ ਨੇ ਇਸ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਕੌਂਸੁਲੇਟ ਜਨਰਲ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਤੇ ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਦੇ ਲਗਾਤਾਰ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਪੂਰੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਮੁੱਢਲੀਆਂ ਮੀਡੀਆ ਰਿਪੋਰਟਾਂ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਲੰਘੇ ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਰਾਜਮਾਰਗ ’ਤੇ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ, ਜਿਨ੍ਹਾਂ ’ਚ ਐੱਸਯੂਵੀ ਵੀ ਸ਼ਾਮਲ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਐੱਸਯੂਵੀ ਦੇ ਪਿਛਲੇ ਹਿੱਸੇ ’ਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਸਯੂਵੀ ਨੂੰ ਅੱਗ ਲੱਗ ਗਈ ਤੇ ਉਸ ਵਿਚ ਸਵਾਰ ਚਾਰ ਜਣੇ ਜਿਊਂਦੇ ਸੜ ਗਏ। 

ਕੈਨੇਡਾ ਵਿੱਚ ਦੋ ਪੰਜਾਬੀਆਂ ਦੀ ਮੌਤ
ਫਗਵਾੜਾ/ਭਦੌੜ 

ਇੱਥੋਂ ਚੰਗੇ ਭਵਿੱਖ ਲਈ ਕੈਨੇਡਾ ਦੇ ਗਏ ਦੋ ਪੰਜਾਬੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਮੁਟਿਆਰ ਹੈ। ਮ੍ਰਿਤਕਾਂ ਦੀ ਪਛਾਣ ਰਜਤ ਕੁਮਾਰ (26) ਫਗਵਾੜਾ, ਜਦਕਿ ਵਿਆਹੁਤਾ ਗੁਰਮੀਤ ਕੌਰ (22) ਭਦੌੜ ਦੇ ਪਿੰਡ ਕਰਮਗੜ੍ਹ ਦੀ ਰਹਿਣ ਵਾਲੀ ਸੀ। ਰਜਤ ਕੁਮਾਰ (26) ਪੁੱਤਰ ਵਰਿੰਦਰ ਕੁਮਾਰ ਵਾਸੀ ਮੁਹੱਲਾ ਪ੍ਰੀਤ ਨਗਰ, ਫਗਵਾੜਾ ਦਾ ਰਹਿਣ ਵਾਲਾ ਸੀ ਤੇ 2019 ’ਚ ਕੈਨੇਡਾ ਗਿਆ ਸੀ। ਪੜ੍ਹਾਈ ਕਰਨ ਦੇ ਨਾਲ ਉਹ ਕੰਮ ਕਰ ਰਿਹਾ ਸੀ ਤੇ 31 ਅਗਸਤ ਨੂੰ ਜਦੋਂ ਬਰੈਂਪਟਨ ਖੇਤਰ ’ਚ ਹੀ ਕੰਮ ’ਤੇ ਜਾ ਰਿਹਾ ਸੀ ਤਾਂ ਅਚਾਨਕ ਟਰੱਕ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦਾ ਪਿਤਾ ਦਰਜ਼ੀ ਹੈ। ਰਜਤ ਦੀ ਭੈਣ ਉਸ ਨਾਲ ਰਹਿੰਦੀ ਸੀ ਤੇ ਹਾਦਸੇ ਵੇਲੇ ਘਰ ’ਚ ਹੀ ਮੌਜੂਦ ਸੀ। ਮੁਹੱਲੇ ਦੀ ਸਾਬਕਾ ਕੌਂਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਦੇਹ ਅਗਲੇ ਹਫ਼ਤੇ ਭਾਰਤ ਪੁੱਜਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕੈਨੇਡਾ ਵਿਚ ਪੜ੍ਹਾਈ ਕਰਨ ਗਈ ਲੜਕੀ ਗੁਰਮੀਤ ਕੌਰ ਦੀ ਸਰੀ ’ਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਕਰਮਗੜ੍ਹ ਇੱਥੇ ਆਪਣੇ ਨਾਨਕੇ ਪਿੰਡ ਵਿੱਚ ਆਪਣੇ ਨਾਨੇ ਸੌਦਾਗਰ ਸਿੰਘ ਬੁੱਟਰ ਕੋਲ ਰਹਿੰਦੀ ਸੀ। ਕੁਝ ਸਮਾਂ ਪਹਿਲਾਂ ਸੌਦਾਗਰ ਬੁੱਟਰ ਦੇ ਵਿਦੇਸ਼ ਰਹਿੰਦੇ ਪੁੱਤਰ ਨਾਮੀ ਸਿੰਘ ਦੀ ਮੌਤ ਹੋਣ ਕਾਰਨ ਗੁਰਮੀਤ ਕੌਰ ਦੇ ਮਾਪੇ ਵੀ ਇੱਥੇ ਹੀ ਰਹਿਣ ਲੱਗ ਪਏ ਸਨ ਅਤੇ ਲਗਪਗ ਡੇਢ ਸਾਲ ਪਹਿਲਾਂ ਗੁਰਮੀਤ ਕੌਰ ਦਾ ਵਿਆਹ ਪਿੰਡ ਥੰਮਣਗੜ੍ਹ (ਬਠਿੰਡਾ) ਦੇ ਨੌਜਵਾਨ ਲਖਬੀਰ ਸਿੰਘ ਨਾਲ ਕੀਤਾ ਗਿਆ ਸੀ। ਉਸ ਮਗਰੋਂ ਉਹ 29 ਦਸੰਬਰ 2023 ਨੂੰ ਕੈਨੇਡਾ ਚਲੀ ਗਈ ਸੀ, ਜਿੱਥੇ ਉਸ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਦੀ ਗੁਰਮੀਤ ਕੌਰ ਨਾਲ ਗੱਲ ਹੋਈ ਸੀ ਤੇ ਉਸ ਨੇ ਦੱਸਿਆ ਕਿ ਕੰਮ ਨਾ ਮਿਲਣ ਕਾਰਨ ਗੁਰਮੀਤ ਕੌਰ ਪ੍ਰੇਸ਼ਾਨ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੈਨੇਡਾ ਪੁਲੀਸ ਦਾ ਫੋਨ ਆਇਆ, ਜਿਸ ਤੋਂ ਉਨ੍ਹਾਂ ਨੂੰ ਗੁਰਮੀਤ ਕੌਰ ਦੀ ਮੌਤ ਬਾਰੇ ਪਤਾ ਲੱਗਾ। ਉਨ੍ਹਾਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੜਕੀ ਦੀ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਕੀਤੀ ਜਾਵੇ।
 

sant sagar