ਚੰਡੀਗੜ੍ਹ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ਾਰਤੀ ਸਾਥੀਆਂ ਦੇ ਮਹਿਕਮਿਆਂ ਵਿੱਚ ਵੱਡਾ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 13 ਮੰਤਰੀਆਂ ਦੇ ਮਹਿਕਮੇ ਬਦਲ ਦਿੱਤੇ ਹਨ। ਕੇਵਲ ਚਾਰ ਮੰਤਰੀਆਂ ਦੇ ਮਹਿਕਮਿਆਂ ਵਿੱਚ ਫੇਰ ਬਦਲ ਨਹੀਂ ਕੀਤਾ ਗਿਆ। ਸਿੱਧੁੂ ਦਾ ਸਥਾਨਕ ਸਰਕਾਰਾਂ ਦਾ ਮਹਿਕਮਾ ਬ੍ਰਹਮ ਮਹਿੰਦਰਾ ਨੂੰ ਦੇ ਦਿੱਤਾ ਹੈ ਤੇ ਉਨ੍ਹਾਂ ਕੋਲੋਂ ਸਿਹਤ ਮਹਿਕਮਾ ਵਾਪਸ ਲੈ ਲਿਆ ਹੈ ਤੇ ਸਿੱਧੂ ਨੂੰ ਬਿਜਲੀ, ਨਵੀਂ ਅਤੇ ਨਵੀਨੀਯੋਗ ਊਰਜਾ ਦਾ ਮਹਿਕਮਾ ਦਿੱਤਾ ਹੈ।
ਲੋਕ ਸਭਾ ਚੋਣਾਂ ਸਮੇਂ ਹੀ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਿੱਧੂ ਵਿਚਾਲੇ ਤਿੱਖੇ ਮੱਤਭੇਦ ਪੈਦਾ ਹੋ ਗਏ ਸਨ ਤੇ ਚੋਣ ਨਤੀਜਿਆਂ ਤੋਂ ਬਾਅਦ ਉਸ ਵੇਲੇ ਹੋਰ ਤਿੱਖੇ ਹੋ ਗਏ ਸਨ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰਾਂ ਵਿੱਚ ਕਾਂਗਰਸ ਨੂੰ ਘੱਟ ਵੋਟਾਂ ਪਈਆਂ ਹਨ ਤੇ ਇਸ ਕਰਕੇ ਕਾਂਗਰਸ ਦੋ, ਤਿੰਨ ਸੀਟਾਂ ਹਾਰ ਗਈ ਹੈ। ਇਸ ਲਈ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅੱਜ ਸਿੱਧੂ ਵਜ਼ਾਰਤ ਦੀ ਮੀਟਿੰਗ ਵਿਚ ਨਹੀਂ ਗਏ ਤੇ ਆਪਣੇ ਨਿਵਾਸ ਸਥਾਨ ਉੱਤੇ ਪ੍ਰੈਸ ਕਾਨਫਰੰਸ ਕੀਤੀ। ਜਾਣਕਾਰਾਂ ਦਾ ਕਹਿਣਾ ਹੈ ਕਿ ਕੁੱਝ ਮੰਤਰੀਆਂ ਨੇ ਸਿੱਧੂ ਖਿਲਾਫ਼ ਕਾਰਵਾਈ ਕਰਨ ਦੀ ਆਵਾਜ਼ ਉਠਾਈ। ਇਸ ਤੋਂ ਬਾਅਦ ਵਿਭਾਗ ਬਦਲਣ ਦੀ ਕਾਰਵਾਈ ਸ਼ੁਰੂ ਹੋ ਗਈ। ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਦੀ ਫਾਈਲ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਨੂੰ ਐੱਸਐੱਮਐੱਸ ਕਰਕੇ ਸਿੱਧੂ ਦਾ ਮਹਿਕਮਾ ਨਾ ਬਦਲਣ ਲਈ ਕਿਹਾ ਸੀ। ਇਸ ਸੁਨੇਹੇ ਦਾ ਮੁੱਖ ਮੰਤਰੀ ਨੇ ਕੋਈ ਜੁਆਬ ਦਿੱਤਾ ਹੈ ਜਾਂ ਨਹੀਂ, ਇਸ ਦਾ ਪਤਾ ਨਹੀਂ ਲੱਗ ਸਕਿਆ।
ਚੋਣਾਂ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਮਾੜੀ ਹੋਵੇਗੀ, ਉਨ੍ਹਾਂ ਦੀ ਵਜ਼ਾਰਤ ਵਿੱਚੋਂ ਛਾਂਟੀ ਕੀਤੀ ਜਾਵੇਗੀ ਪਰ ਅਜੇ ਅਜਿਹਾ ਕੁੱਝ ਨਹੀਂ ਕੀਤਾ ਗਿਆ ਤੇ ਕੇਵਲ ਵਿਭਾਗਾਂ ਵਿਚ ਫੇਰ ਬਦਲ ਕਰਕੇ ਹੀ ਕੰਮ ਸਾਰ ਲਿਆ ਗਿਆ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੂੰ ਹੁਣ ਸਥਾਨਕ ਸਰਕਾਰਾਂ, ਸੰਸਦੀ ਮਾਮਲੇ ਅਤੇ ਸ਼ਿਕਾਇਤ ਨਿਵਾਰਨ ਮਾਮਲੇ ਦਿੱਤੇ ਹਨ। ਸ੍ਰੀ ਓਮ ਪ੍ਰਕਾਸ਼ ਸੋਨੀ ਕੋਲੋਂ ਸਿੱਖਿਆ ਵਿਭਾਗ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਨੂੰ ਡਾਕਟਰੀ ਸਿੱਖਿਆ ,ਖੋਜ, ਸੁਤੰਤਰਤਾ ਸੈਨਾਨੀ, ਅਤੇ ਫੂਡ ਪ੍ਰੋਸੈਸਿੰਗ, ਸ੍ਰੀਮਤੀ ਅਰੁਣਾ ਚੌਧਰੀ ਕੋਲੋਂ ਟਰਾਂਸਪੋਰਟ ਵਿਭਾਗ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਕੋਲ ਸਮਾਜਿਕ ਸੁਰੱਖਿਆ, ਔਰਤਾਂ, ਬਾਲ ਭਲਾਈ ਵਿਕਾਸ ਵਿਭਾਗ ਰਹਿ ਗਿਆ ਹੈ ਤੇ ਸ੍ਰੀਮਤੀ ਰਜ਼ੀਆਂ ਸੁਲਤਾਨਾ ਨੂੰ ਟਰਾਂਸਪੋਰਟ ਵਿਭਾਗ ਦੇ ਦਿੱਤਾ ਹੈ ਤੇ ਉਨ੍ਹਾਂ ਕੋਲ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵੀ ਰਹਿਣਗੇ। ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੂੰ ਸਿੰਜਾਈ, ਮਾਈਨਿੰਗ ਵਿਭਾਗ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਭਾਗ ਦੇ ਦਿੱਤਾ ਹੈ। ਸ਼ਹਿਰੀ ਵਿਭਾਗ ਪਹਿਲਾਂ ਪੇਂਡੂ ਪੰਚਾਇਤ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲ ਸੀ। ਉਨ੍ਹਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਨਾਲ ਦੋ ਨਵੇਂ ਅਹਿਮ ਵਿਭਾਗ ਪਸ਼ੂ , ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਦਿੱਤੇ ਹਨ।

 

 

fbbg-image

Latest News
Magazine Archive