ਕਾਂਗਰਸ ਦੀ ਸਰਕਾਰ ਬਣੀ ਤਾਂ ਇਕ ਰੈਂਕ

ਇਕ ਪੈਨਸ਼ਨ ਲਾਗੂ ਕਰਾਂਗੇ: ਰਾਹੁਲ


ਨਵੀਂ ਦਿੱਲੀ - ਰਾਹੁਲ ਗਾਂਧੀ ਨੇ ਅੱਜ ਅੱਜ ਭਰੋਸਾ ਦਿਵਾਇਆ ਕਿ ਜੇ ਚੋਣਾਂ ਤੋਂ ਬਾਅਦ ਕਾਂਗਰਸ ਦੀ ਅਗਵਾਈ ਹੇਠ ਨਵੀਂ ਸਰਕਾਰ ਬਣੀ ਤਾਂ ਪਾਰਟੀ ‘ਇਕ ਰੈਂਕ ਇਕ ਪੈਨਸ਼ਨ’ ਦੇ ਮੁੱਦੇ ’ਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਕਾਂਗਰਸ ਪ੍ਰਧਾਨ ਨੇ ਇਹ ਟਿੱਪਣੀ ਅੱਜ ਇੱਥੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿਚ ਸਾਬਕਾ ਫ਼ੌਜੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ ਕੀਤੀ ਜਿਸ ਦੌਰਾਨ ਰਾਫ਼ਾਲ ਸੌਦੇ ਤੇ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਵੀ ਕੀਤਾ ਗਿਆ।
ਸ੍ਰੀ ਗਾਂਧੀ ਨੇ ਸਾਬਕਾ ਫ਼ੌਜੀਆਂ ਨੂੰ ਭਰੋਸਾ ਦਿਵਾਇਆ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਸੱਤਾ ਵਿਚ ਆਈ ਤਾਂ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ‘‘ ਸਾਬਕਾ ਫ਼ੌਜੀਆਂ ਨੇ ਮੈਨੂੰ ਦੱਸਿਆ ਕਿ ਮੋਦੀ ਸਰਕਾਰ ਇਕ ਰੈਂਕ ਇਕ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਰਹੀ। ਅਸੀਂ ਕੁਝ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ। ਇਹ ਸਭ ਮੁੱਦੇ ਅੰਤਰ ਸਬੰਧਤ ਹਨ। ਰਾਫ਼ਾਲ ਸੌਦੇ ਤਹਿਤ ਸਰਕਾਰ ਨੇ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਨੂੰ ਦੇ ਦਿੱਤੇ ਹਨ ਪਰ ਸਾਡੇ ਜਵਾਨਾਂ ਨੂੰ ਇਕ ਰੈਂਕ ਇਕ ਪੈਨਸ਼ਨ ਨਹੀਂ ਦਿੱਤੀ। ਪੈਨਸ਼ਨ ਦਾ ਬੋਝ 30 ਹਜ਼ਾਰ ਕਰੋੜ ਰੁਪਏ ਨਹੀਂ ਸੀ। ਢੁਕਵੇਂ ਹਥਿਆਰ ਤੇ ਗੋਲੀ ਸਿੱਕਾ ਨਾ ਹੋਣ ਕਰ ਕੇ ਤੇ ਸਰਕਾਰ ਦੀ ਗ਼ਲਤ ਨੀਤੀ ਕਾਰਨ ਸਾਡੇ ਫ਼ੌਜੀ ਜਵਾਨ ਸਰਹੱਦਾਂ ’ਤੇ ਆਪਣੀਆਂ ਜਾਨਾਂ ਗੁਆ ਰਹੇ ਹਨ।
ਕਾਂਗਰਸ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਰਾਫ਼ਾਲ ਜਹਾਜ਼ਾਂ ਦਾ ਸੌਦਾ ਰਿਲਾਇੰਸ ਨੂੰ ਦਿਵਾਇਆ ਹੈ ਜਦਕਿ ਇਸ ਪ੍ਰਾਈਵੇਟ ਫਰਮ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਸਾਬਕਾ ਫ਼ੌਜੀਆਂ ਨਾਲ ਇਸ ਮੀਟਿੰਗ ਵਿਚ ਕਾਂਗਰਸ ਆਗੂ ਏ ਕੇ ਐਂਟਨੀ, ਅਸ਼ੋਕ ਗਹਿਲੋਤ, ਰਣਦੀਪ ਸੁਰਜੇਵਾਲਾ, ਮੇਜਰ ਜਨਰਲ ਸੇਵਾਮੁਕਤ ਸਤਬੀਰ ਤੇ ਹਥਿਆਰਬੰਦ ਬਲਾਂ ਦੇ ਕਈ ਹੋਰ ਸੇਵਾਮੁਕਤ ਸੀਨੀਅਰ ਅਫ਼ਸਰ ਮੌਜੂਦ ਸਨ।

 

 

fbbg-image

Latest News
Magazine Archive