ਵਰਮਾ ਦੀ ‘ਜਾਸੂਸੀ’ ਕਰਦੇ ਚਾਰ ਵਿਅਕਤੀ ਕਾਬੂ


ਆਈਬੀ ਦੇ ਮੁਲਾਜ਼ਮ ਉੱਚ ਸੁਰੱਖਿਆ ਵਾਲੇ ਜ਼ੋਨ ’ਚ ਤਾਇਨਾਤ ਕੀਤੇ ਸਨ: ਗ੍ਰਹਿ ਮੰਤਰਾਲਾ
ਨਵੀਂ ਦਿੱਲੀ - ਸੀਬੀਆਈ ’ਚ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਤਾਕਤਾਂ ਖੋਹ ਕੇ ਛੁੱਟੀ ’ਤੇ ਭੇਜੇ ਗਏ ਜਾਂਚ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰੋਂ ਚਾਰ ਵਿਅਕਤੀਆਂ ਨੂੰ ਫੜਿਆ ਗਿਆ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਖ਼ੁਫ਼ੀਆ ਬਿਊਰੋ (ਆਈਬੀ) ਨਾਲ ਸਬੰਧਤ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਭਾਵੇਂ ਕਿਹਾ ਹੈ ਕਿ ਚਾਰੇ ਵਿਅਕਤੀ ਉੱਚ ਸੁਰੱਖਿਆ ਵਾਲੇ ਇਲਾਕੇ 2 ਜਨਪਥ ’ਤੇ ਆਪਣੀ ਰੁਟੀਨ ਡਿਊਟੀ ’ਤੇ ਤਾਇਨਾਤ ਸਨ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪੁਲੀਸ ਆਪਣੇ ਨਾਲ ਲੈ ਗਈ ਅਤੇ ਪੁੱਛ-ਗਿੱਛ ਕੀਤੀ ਗਈ ਪਰ ਡੀਸੀਪੀ (ਨਵੀਂ ਦਿੱਲੀ) ਮਧੁਰ ਵਰਮਾ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਅਤੇ ਪੁੱਛ-ਗਿੱਛ ਕਰਨ ਤੋਂ ਇਨਕਾਰ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਖ਼ੁਫ਼ੀਆ ਬਿਊਰੋ ਨੂੰ ਅੰਦਰੂਨੀ ਸੁਰੱਖਿਆ ਅਤੇ ਲੋਕਾਂ ’ਤੇ ਪੈਣ ਵਾਲੇ ਅਸਰ ਵਰਗ ਹਾਲਾਤ ਸਬੰਧੀ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਸੰਵੇਦਨਸ਼ੀਲ ਇਲਾਕਿਆਂ’ ’ਚ ਵੀ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਥਾਨਕ ਏਜੰਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਪਰ ਕਈ ਵਾਰ ਗੁੱਪ-ਚੁੱਪ ਢੰਗ ਨਾਲ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ‘ਰੂਟੀਨ ਡਿਊਟੀਆਂ’ ’ਤੇ ਹੋਣ ਕਰਕੇ ਅਜਿਹੇ ਅਧਿਕਾਰੀਆਂ ਕੋਲ ਸ਼ਨਾਖ਼ਤੀ ਪੱਤਰ ਵੀ ਹੁੰਦੇ ਹਨ। ਅਧਿਕਾਰੀ ਮੁਤਾਬਕ ਇਕ ਯੂਨਿਟ ਅੱਜ ਤੜਕੇ ਜਨਪਥ ’ਤੇ ਰੁਕਿਆ ਹੋਇਆ ਸੀ ਕਿਉਂਕਿ ਉਥੇ ਕੁਝ ਗ਼ੈਰਮਾਮੂਲੀ ਲੋਕਾਂ ਦਾ ਇਕੱਠ ਸੀ। ਅਜਿਹੇ ਸਥਾਨ ’ਤੇ ਲੋਕਾਂ ਦੇ ਇਕੱਤਰ ਹੋਣ ਦਾ ਜਾਇਜ਼ਾ ਲਿਆ ਜਾ ਰਿਹਾ ਸੀ। ਇਕ ਹੋਰ ਅਧਿਕਾਰੀ ਨੇ ਕਿਹਾ,‘‘ਇਹ ਉੱਚ ਸੁਰੱਖਿਆ ਜ਼ੋਨ ਵਾਲਾ ਇਲਾਕਾ ਹੈ ਜਿਥੇ ਕਈ ਅਹਿਮ ਹਸਤੀਆਂ ਰਹਿੰਦੀਆਂ ਹਨ। ਬਦਕਿਸਮਤੀ ਨਾਲ ਉਨ੍ਹਾਂ (ਆਈਬੀ) ਦੀ ਮੌਜੂਦਗੀ ਨੂੰ ਦੂਜੇ ਢੰਗ ਨਾਲ ਦਰਸਾਇਆ ਗਿਆ।’’ ਸੀਬੀਆਈ ਡਾਇਰੈਕਟਰ ਦੀ ਸਰਕਾਰੀ ਰਿਹਾਇਸ਼ ਲਾਗੇ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਵੀ ਰਹਿੰਦੇ ਹਨ।
ਮਨੋਜ ਪ੍ਰਸਾਦ ਦਾ ਰਿਮਾਂਡ ਪੰਜ ਦਿਨ ਹੋਰ ਵਧਾਇਆ: ਦਿੱਲੀ ਦੀ ਅਦਾਲਤ ਨੇ ਜਾਂਚ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਕਥਿਤ ਸ਼ਮੂਲੀਅਤ ਵਾਲੇ ਰਿਸ਼ਵਤਖੋਰੀ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਨੋਜ ਪ੍ਰਸਾਦ ਦਾ ਸੀਬੀਆਈ ਰਿਮਾਂਡ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਵਿਚੋਲੇ ਪ੍ਰਸਾਦ ਦੀ ਹਿਰਾਸਤੀ ਪੁੱਛ-ਗਿੱਛ ਦੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਮੰਗ ਨੂੰ ਸਵੀਕਾਰ ਕਰ ਲਿਆ।
ਸਵਾਮੀ ਵੱਲੋਂ ਵਰਮਾ ਦੀ ਵਕਾਲਤ: ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਅਹਿਮਦਾਬਾਦ ’ਚ ਕਿਹਾ ਕਿ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਭ੍ਰਿਸ਼ਟਾਚਾਰ ’ਤੇ ਨਕੇਲ ਕਸਣ ਲਈ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਵਰਮਾ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਵਿਚਾਰ ਕਰਨ। ਸ੍ਰੀ ਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ’ਤੇ ਪੂਰਾ ਭਰੋਸਾ ਹੈ ਪਰ ਉਨ੍ਹਾਂ ਨੇੜਲੇ ਕੁਝ ਵਿਅਕਤੀ ਮੋਦੀ ਅਤੇ ਭਾਜਪਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਰਾਫਾਲ ਜਾਂਚ ਦੇ ਡਰੋਂ ਸੀਬੀਆਈ ਮੁਖੀ ਨੂੰ ਹਟਾਇਆ: ਰਾਹੁਲ
ਕੋਟਾ/ ਸੀਕਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਧੀ ਰਾਤ ਦੇ ਵਕਤ ਸੀਬੀਆਈ ਦੇ ਮੁਖੀ ਨੂੰ ਇਸ ਲਈ ਹਟਾਇਆ ਕਿਉਂਕਿ ਉਹ ਰਾਫਾਲ ਸੌਦੇ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਜਾ ਰਹੇ ਸਨ। ਅੱਜ ਸੀਕਰ ਵਿਚ ਇਕ ਚੋਣ ਰੈਲੀ ਵਿਚ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਦੇਸ਼ ਦੀ ਚੌਕੀਦਾਰੀ ਕਰਨ ਦੇ ਦਿੱਤੇ ਭਰੋਸੇ ਦੀ ਖਿੱਲੀ ਉਡਾਉਂਦਿਆਂ ਕਿਹਾ ‘‘ ਇਹ (ਸੀਬੀਆਈ ਮੁਖੀ ਨੂੰ ਹਟਾਉਣ) ਕਾਰਵਾਈ ਦਿਨੇ ਨਹੀਂ ਕੀਤੀ ਗਈ ਸਗੋਂ ਉਦੋਂ ਕੀਤੀ ਗਈ ਜਦੋਂ ਲੋਕ ਸੁੱਤੇ ਪਏ ਸਨ। ਇਕ ਚੌਕੀਦਾਰ ਨੇ ਦੇਸ਼ ਦੇ ਬਾਕੀ ਸਾਰੇ ਚੌਕੀਦਾਰਾਂ ਨੂੰ ਨਕਾਰਾ ਕਰ ਦਿੱਤਾ ਹੈ। ਇਨ੍ਹਾਂ ਚੌਕੀਦਾਰਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਸਨ। ਇਹ ਸਭ ਕੁਝ ਉਸ ਵਿਅਕਤੀ ਨੇ ਕੀਤਾ ਹੈ ਜਿਸ ਨੇ ਸ਼ਰੇਆਮ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਹੀਂ ਸਗੋਂ ਦੇਸ਼ ਦਾ ‘ਚੌਕੀਦਾਰ’ ਬਣਨਾ ਚਾਹੁੰਦਾ ਹੈ। ਕਾਂਗਰਸ ਆਗੂ ਨੇ ਕਿਹਾ ‘‘ ਪ੍ਰਧਾਨ ਮੰਤਰੀ ਜੀ ਡਰ ਗਏ ਕਿ ਕਿਤੇ ਸੀਬੀਆਈ ਜਾਂਚ ਨਾ ਸ਼ੁਰੂ ਕਰ ਦੇਵੇ ਤੇ ਉਨ੍ਹਾਂ ਅੱਧੀ ਰਾਤ ਨੂੰ ਸੀਬੀਆਈ ਦੇ ਮੁਖੀ ਦੀ ਹੀ ਛੁੱਟੀ ਕਰ ਦਿੱਤੀ।’’ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਹੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫਾਲ ਦਾ ਠੇਕਾ ਦਿਵਾਉਣ ਲਈ ਰਾਹ ਪੱਧਰਾ ਕੀਤਾ ਸੀ। ਉਂਜ ਸਰਕਾਰ ਤੇ ਰਿਲਾਇੰਸ ਗਰੁਪ ਦੋਵੇਂ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਚੁੱਕਿਆ ਹੈ।
ਸ੍ਰੀ ਗਾਂਧੀ ਨੇ ਰਾਜਸਥਾਨ ਸ਼ੇਖਾਵਤੀ ਖਿੱਤੇ ਵਿਚ ਫ਼ੌਜ ਦੇ ਜਵਾਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਤੇ ਮੌਜੂਦਾ ਸਰਕਾਰ ਵੱਲੋਂ ਕੀਤੇ ਰਾਫ਼ਾਲ ਸੌਦੇ ਨਾਲ ਫ਼ੌਜੀਆਂ ’ਤੇ ਪੈਣ ਵਾਲੇ ਅਸਰਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀ ਯੂਪੀਏ ਸਰਕਾਰ ਵੇਲੇ ਰਾਫਾਲ ਜਹਾਜ਼ ਖਰੀਦਣ ਲਈ ਜੋ ਕੀਮਤ ਤੈਅ ਕੀਤੀ ਗਈ ਸੀ ਉਸ ਨਾਲੋਂ ਬਹੁਤ ਜ਼ਿਆਦਾ ਕੀਮਤ ’ਤੇ ਇਹ ਸੌਦਾ ਕੀਤਾ ਗਿਆ ਜੋ ਲੋਕਾਂ ਦੇ ਸਰਮਾਏ ਦੀ ਲੁੱਟ ਹੈ। ਉਨ੍ਹਾਂ ਪਾਰਟੀ ਦੇ ਵੱਖ ਵੱਖ ਪੱਧਰਾਂ ’ਤੇ ਔਰਤਾਂ ਨੂੰ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਮਾਨਵੇਂਦਰ ਸਿੰਘ ਵੀ ਮੰਚ ’ਤੇ ਮੌਜੂਦ ਸਨ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸੀਬੀਆਈ ਅਧਿਕਾਰੀਆਂ ਜਿਨ੍ਹਾਂ ਵਿਚ ਰਾਕੇਸ਼ ਅਸਥਾਨਾ ਵੀ ਸ਼ਾਮਲ ਹੈ, ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਸਿੱਟ ਬਣਾਉਣ ਸਬੰਧੀ ਜਨ ਹਿੱਤ ਪਟੀਸ਼ਨ ’ਤੇ ਤੁਰੰਤ ਸੁਣਵਾਈ ਲਈ ਵਿਚਾਰ ਕਰੇਗੀ। ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਸੀਬੀਆਈ ਅਧਿਕਾਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਤਹਿਤ ਸਿੱਟ ਵੱਲੋਂ ਕਰਵਾਈ ਜਾਵੇ। ਇਹ ਪਟੀਸ਼ਨ ‘ਕੌਮਨ ਕਾਜ਼’ ਨਾਂਅ ਦੀ ਗੈਰ ਸਰਕਾਰੀ ਸੰਸਥਾ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਰਾਹੀਂ ਦਾਇਰ ਕੀਤੀ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ, ਜਿਸ ਵਿਚ ਜਸਟਿਸ ਐੱਸ ਕੇ ਕੌਲ ਅਤੇ ਕੇਐੱਮ ਜੋਜ਼ੇਫ ਸ਼ਾਮਲ ਸਨ, ਨੇ ਸ੍ਰੀ ਭੂਸ਼ਨ ਨੂੰ ਕਿਹਾ ਹੈ ਕਿ ਉਹ ਅਦਾਲਤ ਨੂੰ ਵੇਰਵੇ ਮੁਹੱਈਆ ਕਰਵਾਉਣ ਅਤੇ ਅਦਾਲਤ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਪ੍ਰਵਾਨ ਕਰਨ ਹਿੱਤ ਆਗਿਆ ਦੇਣ ਬਾਰੇ ਵਿਚਾਰੇਗੀ।
ਕਾਂਗਰਸ ਵੱਲੋਂ ਸੀਬੀਆਈ ਦੇ ਦਫ਼ਤਰਾਂ ਅੱਗੇ ਮੁਜ਼ਾਹਰੇ ਅੱਜ
ਨਵੀਂ ਦਿੱਲੀ - ਕਾਂਗਰਸ ਨੇ ਅੱਜ ਐਲਾਨ ਕੀਤਾ ਹੈ ਕਿ ਪਾਰਟੀ ਦੇਸ਼ ਭਰ ਵਿਚ ਸ਼ੁੱਕਰਵਾਰ ਨੂੰ ਸੀਬੀਆਈ ਦਫਤਰਾਂ ਬਾਹਰ ਮੁਜ਼ਾਹਰੇ ਕਰੇਗੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਮੁਆਫ਼ੀ ਮੰਗਣ ਅਤੇ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਅਹੁਦੇ ਉੱਤੇ ਬਹਾਲ ਕਰਨ।
ਪਟੀਸ਼ਨ ’ਤੇ ਸੁਣਵਾਈ ਅੱਜ
ਨਵੀਂ ਦਿੱਲੀ - ਸੀਬੀਆਈ ਦੇ ਡਾਇਰੈਕਟਰ ਆਲੋਕ ਕੁਮਾਰ ਵਰਮਾ ਨੂੰ ਉਨ੍ਹਾਂ ਦੀ ਡਿਊਟੀ ਤੋਂ ਫਾਰਗ ਕਰ ਕੇ ਛੁੱਟੀ ’ਤੇ ਭੇਜਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਵੰਗਾਰਨ ਵਾਲੀ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਸੁਣਵਾਈ ਕਰੇਗੀ।
ਵਰਮਾ ਅਜੇ ਵੀ ਡਾਇਰੈਕਟਰ
ਨਵੀਂ ਦਿੱਲੀ - ਸੁਪਰੀਮ ਕੋਰਟ ’ਚ ਕੱਲ ਕੇਸ ਦੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਸੀਬੀਆਈ ਨੇ ਕਿਹਾ ਹੈ ਕਿ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਜਾਂਚ ਏਜੰਸੀ ਦੇ ਅਜੇ ਵੀ ਕ੍ਰਮਵਾਰ ਡਾਇਰੈਕਟਰ ਤੇ ਵਿਸ਼ੇਸ਼ ਡਾਇਰੈਕਟਰ ਹਨ। ਸੀਬੀਆਈ ਤਰਜਮਾਨ ਅਭਿਸ਼ੇਕ ਦਿਆਲ ਨੇ ਕਿਹਾ ਕਿ ਜਦੋਂ ਤਕ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੋਵੇਂ ਅਧਿਕਾਰੀਆਂ ਨਾਲ ਸਬੰਧਤ ਜਾਂਚ ਬਾਬਤ ਫ਼ੈਸਲਾ ਨਹੀਂ ਲੈ ਲੈਂਦਾ, ਉਸ ਸਮੇਂ ਤਕ ਐਮ ਨਾਗੇਸ਼ਵਰ ਰਾਓ ਨੂੰ ਸਿਰਫ਼ ਅੰਤਰਿਮ ਤੌਰ ’ਤੇ ਕੰਮਕਾਰ ਸੌਂਪਿਆ ਗਿਆ ਹੈ। ਸੀਬੀਆਈ ਨੇ ਸਪਸ਼ਟ ਕੀਤਾ ਹੈ ਕਿ ਰਾਫਾਲ ਸਮੇਤ ਹੋਰ ਅਹਿਮ ਮੁੱਦਿਆਂ ਦਾ ਆਲੋਕ ਵਰਮਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

 

Latest News
Magazine Archive