ਅੰਮ੍ਰਿਤਸਰ ਪੁਲੀਸ ਨੇ ਜਾਰੀ ਕੀਤਾ ਸੀ ਤਫ਼ਸੀਲੀ ਸੁਰੱਖਿਆ ਪ੍ਰੋਗਰਾਮ


ਚੰਡੀਗੜ੍ਹ - ਅੰਮ੍ਰਿਤਸਰ ਦੇ ਗੋਲਡਨ ਐਵੇਨਿਊ ਦਸਹਿਰਾ ਉਤਸਵ ਦੌਰਾਨ ਵਾਪਰੇ ਭਿਆਨਕ ਹਾਦਸੇ ਤੋਂ ਚੌਵੀ ਘੰਟੇ ਪਹਿਲਾਂ ਸ਼ਹਿਰ ਦੇ ਪੁਲੀਸ ਕਮਿਸ਼ਨਰੇਟ ਨੇ ਇਸ ਜਗ੍ਹਾ ਦੇ ਸਬੰਧ ਵਿਚ ਤਫ਼ਸੀਲੀ ਸੁਰੱਖਿਆ ਪ੍ਰੋਗਰਾਮ ਸਰਕੁਲੇਟ ਕਰਵਾਇਆ ਸੀ ਜਿਸ ਵਿਚ 15 ਤੋਂ 20 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਸੀ ਤੇ ਇੱਥੇ ਕਰੀਬ 75 ਪੁਲੀਸਕਰਮੀ ਤਾਇਨਾਤ ਕੀਤੇ ਜਾਣੇ ਸਨ। ਪਰ ਸੁਰੱਖਿਆ ਮਸ਼ਕ ਕਰਨ ਤੇ ਇੰਨੀ ਤਦਾਦ ਵਿਚ ਪੁਲੀਸ ਕਰਮੀਆਂ ਦੀ ਤਾਇਨਾਤੀ ਦੇ ਬਾਵਜੂਦ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਮਸਾਂ ਕੁਝ ਸੈਂਕੜਿਆਂ ਦੇ ਇਕੱਠ ਨਾਲ ਇੱਥੇ ਇੱਦਾਂ ਦੀ ਤਰਾਸਦੀ ਵਾਪਰ ਸਕਦੀ ਹੈ।
ਸਭ ਤੋਂ ਮਾੜੀ ਗੱਲ ਇਹ ਰਹੀ ਕਿ ਤਿੰਨ ਸਫਿਆਂ ਦਾ ਸੁਰੱਖਿਆ ਸਰਕੁਲਰ ਜ਼ਿਲਾ ਪ੍ਰਸ਼ਾਸਨ, ਨਗਰ ਨਿਗਮ, ਇਲਾਕੇ ਦੇ ਐਸਐਚਓ ਤੇ ਟਰੈਫਿਕ ਵਿੰਗ ਨੂੰ ਤਾਂ ਭੇਜਿਆ ਗਿਆ ਪਰ ਰੇਲਵੇ ਨੂੰ ਨਹੀਂ। ਸੁਰੱਖਿਆ ਪ੍ਰੋਗਰਾਮ ਵਿਚ ਉਸ ਜਗ੍ਹਾ ਦੀ ਸੁਰੱਖਿਆ ਯੋਜਨਾ ਦੇ ਵੇਰਵੇ ਦਿੱਤੇ ਜਾਂਦੇ ਹਨ ਜਿੱਥੇ ਕਿਸੇ ਵੀਆਈਪੀ ਨੇ ਪਹੁੰਚਣਾ ਹੁੰਦਾ ਜਾਂ ਫਿਰ ਵੱਡੀ ਤਦਾਦ ਵਿਚ ਲੋਕਾਂ ਨੇ ਇਕੱਤਰ ਹੋਣਾ ਹੁੰਦਾ ਹੈ। ਇਸ ਅਖ਼ਬਾਰ ਨੂੰ ਪ੍ਰਾਪਤ ਹੋਈ ਸਰਕੁਲਰ ਦੀ ਕਾਪੀ ਤੋਂ ਪਤਾ ਚੱਲਿਆ ਹੈ ਕਿ ਸ਼ਹਿਰ ਵਿਚ ਲਗਭਗ 20 ਵੱਖੋ ਵੱਖਰੀਆਂ ਥਾਵਾਂ ’ਤੇ ਹੋਣ ਵਾਲੇ ਦਸਹਿਰਾ ਸਮਾਗਮਾਂ ਲਈ ਵਿਆਪਕ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਸਰਕੁਲਰ ਵਿਚ ਡਿਊਟੀਆਂ ਦਾ ਖਾਕਾ ਤਿਆਰ ਕੀਤਾ ਗਿਆ ਸੀ ਤੇ ਇਨ੍ਹਾਂ ਥਾਵਾਂ ’ਤੇ ਇਕੱਠੀ ਹੋਣ ਵਾਲੀ ਭੀੜ ਦਾ ਵੀ ਕਿਆਸ ਲਾਇਆ ਗਿਆ ਸੀ।
ਘਟਨਾ ਦੀ ਅੱਜ ਤੋਂ ਜਾਂਚ ਸ਼ੁਰੂ ਕਰ ਰਹੇ ਏਡੀਜੀਪੀ ਰੇਲਵੇ ਪ੍ਰੀਤ ਸਿੰਘ ਸਹੋਤਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ‘‘ ਇਹ ਸਰਕੁਲਰ ਰੇਲਵੇ ਨੂੰ ਨਹੀਂ ਭੇਜਿਆ ਗਿਆ ਸੀ।’’ ਉਨ੍ਹਾਂ ਇਸ ਸਬੰਧੀ ਅੰਮ੍ਰਿਤਸਰ ਪੁਲੀਸ ਵੱਲੋਂ ਜਾਰੀ ਕੀਤਾ ਗਿਆ ਸੁਰੱਖਿਆ ਪ੍ਰੋਗਰਾਮ ਵੀ ਰਿਕਾਰਡ ’ਤੇ ਲਿਆਂਦਾ ਹੈ।’’
ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਨਾਲ ਸੰਪਰਕ ਕਰਨ ’ਤੇ ਦੱਸਿਆ ਕਿ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ ਪਰ ਰੇਲਵੇ ਪਟੜੀਆਂ ਜ਼ਿਲਾ ਪੁਲੀਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀਆਂ। ਉਨ੍ਹਾਂ ਕਿਹਾ ਕਿ ਜਾਂਚ ਚਲਦੀ ਹੋਣ ਕਰ ਕੇ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦੇ।
ਇਸ ਘਟਨਾ ਨੇ ਕਈ ਗੰਭੀਰ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ ਪਰ ਸਰਕਾਰਾਂ ਇਸ ਤੋਂ ਕੋਈ ਸਬਕ ਲੈਣਗੀਆਂ ਇਸ ਦਾ ਹਾਲੇ ਤੱਕ ਕੋਈ ਸੰਕੇਤ ਨਹੀਂ ਮਿਲਿਆ। ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਘਟਨਾ ਲਈ ਆਪਣੇ ਕੱਟੜ ਵਿਰੋਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੋਸ਼ ਲਾ ਰਹੀ ਹੈ ਕਿ ਇਸ ਲਈ ਮੰਤਰੀ ਦੀ ਪਤਨੀ ਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਜ਼ਿੰਮੇਵਾਰ ਹਨ ਜੋ ਉਸ ਦਿਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਿੱਧੂ ਜੋੜੇ ਨੇ ਇਸ ਦਾ ਮੋੜਵਾਂ ਜਵਾਬ ਦਿੰਦਿਆਂ ਮਨੁੱਖੀ ਲਾਸ਼ਾਂ ’ਤੇ ਸਿਆਸਤ ਖੇਡਣ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਘਟਨਾ ਲਈ ਮੁੱਖ ਤੌਰ ’ਤੇ ਰੇਲਵੇ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਸੀ ਕਿ ਲੋਕਾਂ ਨੂੰ ਦਰੜਨ ਵਾਲੀ ਰੇਲ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਤੇ ਪਟੜੀ ਦੇ ਦੁਆਲੇ ਭਾਰੀ ਤਦਾਦ ਵਿਚ ਲੋਕ ਮੌਜੂਦ ਹੋਣ ਦੇ ਬਾਵਜੂਦ ਟਰੈਕ ਇੰਸਪੈਕਟਰ, ਗੈਂਗਮੈਨ ਜਾਂ ਗੇਟਮੈਨ ਸਮੇਤ ਕੋਈ ਵੀ ਰੇਲ ਕਰਮੀ ਮੌਕੇ ’ਤੇ ਮੌਜੂਦ ਨਹੀਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਜਗ੍ਹਾ ’ਤੇ ਹੋਣ ਵਾਲੇ ਸਮਾਗਮ ਲਈ ਕੋਈ ਬਾਕਾਇਦਾ ਪ੍ਰਵਾਨਗੀ ਨਹੀਂ ਲਈ ਗਈ ਸੀ ਪਰ ਸਰਕੁਲਰ ਤੋਂ ਸਾਫ਼ ਪਤਾ ਚਲਦਾ ਹੈ ਕਿ ਸ਼ਹਿਰ ਵਿਚ ਸਬੰਧਤ ਹਰੇਕ ਅਧਿਕਾਰੀ ਇਸ ਜਗ੍ਹਾ ਹੋਣ ਵਾਲੇ ਸਮਾਗਮ ਬਾਰੇ ਬਾਖ਼ਬਰ ਸੀ ਤੇ ਸੁਰੱਖਿਆ ਪ੍ਰਬੰਧ ਭਾਵੇਂ ਵਿਉਂਤੇ ਗਏ ਸਨ ਪਰ ਇਨ੍ਹਾਂ ’ਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ ਜਾਪਦਾ।
ਨਵਜੋਤ ਕੌਰ ਸਿੱਧੂ ਖ਼ਿਲਾਫ਼ ਬਿਹਾਰ ’ਚ ਕੇਸ ਦਰਜ
ਮੁਜ਼ੱਫਰਨਗਰ - ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ਅੱਜ ਇੱਥੇ ਇੱਕ ਵਿਅਕਤੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਦਸਹਿਰਾ ਸਮਾਗਮ ’ਚ ਨਵਜੋਤ ਕੌਰ ਮੁੱਖ ਮਹਿਮਾਨ ਸਨ ਤੇ ਇਸ ਹਾਦਸੇ ਲਈ ਪ੍ਰਬੰਧਕ ਬਰਾਬਰ ਜ਼ਿੰਮੇਵਾਰ ਹਨ ਅਤੇ ਅਦਾਲਤ ਨੂੰ ਇਸ ਮਾਮਲੇ ਨੂੰ ਵਿਚਾਰਨਾ ਚਾਹੀਦਾ ਹੈ। ਸਮਾਜ ਸੇਵਿਕਾ ਤਮੰਨਾ ਹਾਸ਼ਮੀ ਨੇ ਸੀਜੀਐੱਮ ਆਰਤੀ ਕੁਮਾਰੀ ਸਿੰਘ ਦੀ ਅਦਾਲਤ ’ਚ ਕੇਸ ਦਾਇਰ ਕੀਤਾ ਅਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਨਵੰਬਰ ਨੂੰ ਰੱਖ ਦਿੱਤੀ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਤੇ ਰੇਲਵੇ ਨੂੰ ਨੋਟਿਸ ਭੇਜਿਆ
ਨਵੀਂ ਦਿੱਲੀ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ’ਚ ਅੱਜ ਰੇਲਵੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਕਮਿਸ਼ਨ ਨੇ ਕਿਹਾ ਕਿ ਇਸ ਹਾਦਸੇ ਨੂੰ ਸਿਰਫ਼ ਲੋਕਾਂ ਦੀ ਗਲਤੀ ਨਹੀਂ ਕਿਹਾ ਜਾ ਸਕਦਾ ਬਲਕਿ ਇਸ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਵੱਡੀ ਅਣਗਹਿਲੀ ਹੈ। ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਇਸ ਮਾਮਲੇ ’ਚ ਚਾਰ ਹਫ਼ਤਿਆਂ ਅੰਦਰ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਹੈ।
ਅੰਮ੍ਰਿਤਸਰ ਰੇਲ ਹਾਦਸੇ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ
ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਇੱਕ ਵਕੀਲ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਐਡਵੋਕੇਟ ਦਿਨੇਸ਼ ਕੁਮਾਰ ਡਕੋਰੀਆ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਇਸ ਘਟਨਾ ਸਬੰਧੀ ਪੁਲੀਸ ਨੂੰ ਦਸਹਿਰੇ ਮੇਲੇ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ ਅਤੇ ਨਵਜੋਤ ਕੌਰ ਸਿੱਧੂ, ਪੰਜਾਬ ਸਰਕਾਰ, ਭਾਰਤੀ ਰੇਲਵੇ ਅਤੇ ਸਥਾਨਕ ਏਰੀਆ ਕੌਂਸਲਰ ਸੌਰਭ ਮਦਾਨ ਮਿੱਠੂ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਇਸ ਪਟੀਸ਼ਨ ’ਤੇ ਭਲਕੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾ ਸਕਦੀ ਹੈ।
 

 

 

fbbg-image

Latest News
Magazine Archive