ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਖ਼ਿਤਾਬਾਂ ਦੀ ਦਹਿਲੀਜ਼ ’ਤੇ


ਬਿਊਨਸ ਆਇਰਸ - ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਆਪਣੇ ਵਿਰੋਧੀਆਂ ’ਤੇ ਆਸਾਨ ਜਿੱਤਾਂ ਦਰਜ ਕਰਦਿਆਂ ਯੂਥ ਓਲੰਪਿਕ ਦੀ ਹਾਕੀ ਫਾਈਵ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਸ਼ਨਿਚਰਵਾਰ ਨੂੰ ਪੁਰਸ਼ਾਂ ਦੇ ਫਾਈਨਲ ਵਿੱਚ ਮੇਜ਼ਬਾਨ ਅਰਜਨਟੀਨਾ ਨੂੰ 3-1 ਗੋਲਾਂ ਨਾਲ, ਜਦਕਿ ਮਹਿਲਾ ਟੀਮ ਨੇ ਚੀਨ ਨੂੰ 3-0 ਗੋਲਾਂ ਨਾਲ ਹਰਾਇਆ।
ਭਾਰਤ ਪੁਰਸ਼ ਟੀਮ ਫਾਈਨਲ ਵਿੱਚ ਮਲੇਸ਼ੀਆ ਨਾਲ, ਜਦਕਿ ਮਹਿਲਾ ਟੀਮ ਅਰਜਨਟੀਨਾ ਦਾ ਸਾਹਮਣਾ ਕਰੇਗੀ। ਭਾਰਤ ਪਹਿਲੀ ਵਾਰ ਯੂਥ ਓਲੰਪਿਕ ਦੇ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਹਾਕੀ ਟੀਮਾਂ ਨੇ ਪਿਛਲੇ ਦੋ ਯੂਥ ਓਲੰਪਿਕ ਵਿੱਚ ਹਿੱਸਾ ਨਹੀਂ ਲਿਆ ਸੀ। ਹਾਕੀ ਫਾਈਵ ਵਿੱਚ ਦੋਵਾਂ ਟੀਮਾਂ ਦੇ ਪੰਜ-ਪੰਜ ਖਿਡਾਰੀ ਹਿੱਸਾ ਲੈਂਦੇ ਹਨ ਅਤੇ ਇਸ ਵਿੱਚ ਮੈਦਾਨ ਵੀ ਛੋਟਾ ਹੁੰਦਾ ਹੈ। ਸਿੰਗਾਪੁਰ ਵਿੱਚ 2014 ਵਿੱਚ ਹੋਈ ਯੂਥ ਓਲੰਪਿਕ ਵਿੱਚ ਪਹਿਲੀ ਵਾਰ ਹਾਕੀ ਫਾਈਵ ਦੀ ਸ਼ੁਰੂਆਤ ਹੋਈ ਸੀ।
ਪੁਰਸ਼ਾਂ ਦੇ ਸੈਮੀ ਫਾਈਨਲ ਵਿੱਚ ਭਾਰਤ ਵੱਲੋਂ ਸੁਦੀਪ ਚਿਰਮਾਕੋ (12ਵੇਂ ਅਤੇ 18ਵੇਂ ਮਿੰਟ) ਨੇ ਦੋ, ਜਦਕਿ ਰਾਹੁਲ ਕੁਮਾਰ ਰਾਜਭਰ (ਤੀਜੇ ਮਿੰਟ) ਨੇ ਇੱਕ ਗੋਲ ਕੀਤਾ। ਅਰਜਨਟੀਨਾ ਵੱਲੋਂ ਇੱਕੋ-ਇੱਕ ਗੋਲ ਕਪਤਾਨ ਫਾਕੁੰਡੋ ਜਾਰੇਟ ਨੇ ਚੌਥੇ ਮਿੰਟ ਵਿੱਚ ਦਾਗ਼ਿਆ। ਹਾਫ਼ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ, ਪਰ ਇਸ ਮਗਰੋਂ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ। ਸੁਦੀਪ ਨੇ ਅਗਲੇ ਦਸ ਮਿੰਟ ਵਿੱਚ ਦੋ ਗੋਲ ਕਰਕੇ ਅਰਜਨਟੀਨਾ ਦੇ ਸਮਰਥਾਂ ਨੂੰ ਨਿਰਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਅਰਜਨਟੀਨਾ ਨੇ ਆਖ਼ਰੀ ਪਲਾਂ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।
ਮਹਿਲਾਵਾਂ ਦੇ ਸੈਮੀ ਫਾਈਨਲ ਵਿੱਚ ਭਾਰਤ ਵੱਲੋਂ ਮੁਮਤਾਜ਼ ਖ਼ਾਨ (ਪਹਿਲੇ ਮਿੰਟ), ਰੀਤ (ਪੰਜਵੇਂ ਮਿੰਟ) ਅਤੇ ਲਾਲਰੇਮਸਿਆਮੀ (13ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿੱਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਖਿਡਾਰਨਾਂ ਨੇ ਗੇਂਦ ਆਪਣੇ ਕਬਜ਼ੇ ਵਿੱਚ ਰੱਖ ਕੇ ਚੀਨੀ ਡਿਫੈਂਡਰਾਂ ’ਤੇ ਦਬਾ ਬਣਾਇਆ। ਮੁਮਤਾਜ਼ ਨੇ 52ਵੇਂ ਸੈਕਿੰਡ ਵਿੱਚ ਹੀ ਭਾਰਤੀ ਟੀਮ ਨੂੰ ਲੀਡ ਦਿਵਾਈ। ਇਸ ਮਗਰੋਂ ਵੀ ਭਾਰਤ ਨੇ ਕਈ ਮੌਕੇ ਬਣਾਏ। ਖੇਡ ਦੇ ਪੰਜਵੇਂ ਮਿੰਟ ਵਿੱਚ ਭਾਰਤੀ ਮਿਡਫੀਲਡਰ ਰੀਤ ਨੇ ਮਿਡਫੀਲਡ ਤੋਂ ਤਕੜਾ ਸ਼ਾਟ ਮਾਰਿਆ, ਜਿਸ ਨੂੰ ਚੀਨੀ ਗੋਲਕੀਪਰ ਝਿੰਯੀ ਝੂ ਰੋਕ ਨਹੀਂ ਸਕੀ।
ਚੀਨ ਨੇ ਮੌਕੇ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਨੇ ਉਸ ਦੀ ਮਨਸ਼ਾ ਨੂੰ ਬੂਰ ਨਹੀਂ ਪੈਣ ਦਿੱਤਾ ਅਤੇ ਹਾਫ਼ ਤੱਕ 2-0 ਗੋਲਾਂ ਦੀ ਲੀਡ ਬਣਾਈ ਰੱਖੀ। ਇਸ ਮਗਰੋਂ 13ਵੇਂ ਮਿੰਟ ਵਿੱਚ ਲਾਲਰੇਮਸਿਆਮੀ ਦੇ ਗੋਲ ਨਾਲ ਭਾਰਤੀ ਟੀਮ ਨੇ ਆਪਣੀ ਜਿੱਤ ਪੱਕੀ ਕੀਤੀ।

 

 

fbbg-image

Latest News
Magazine Archive