ਤੇਲ ਕੀਮਤਾਂ ’ਚ ਢਾਈ ਰੁਪਏ ਦੀ ਕਟੌਤੀ


ਨਵੀਂ ਦਿੱਲੀ - ਤੇਲ ਦੀਆਂ ਅਸਮਾਨੀਂ ਪੁੱਜੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਲਗਦੀ ਐਕਸਾਈਜ਼ ਡਿਊਟੀ ਨੂੰ ਘਟਾਉਂਦਿਆਂ ਪ੍ਰਤੀ ਲਿਟਰ ਢਾਈ ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਕਟੌਤੀ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈ। ਸਰਕਾਰ ਨੇ ਸਰਕਾਰੀ ਮਾਲਕੀ ਵਾਲੀਆਂ ਤੇਲ ਫ਼ਰਮਾਂ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਕਟੌਤੀ ਕਰਕੇ ਨੌਂ ਹਜ਼ਾਰ ਕਰੋੜ ਰੁਪਏ ਦੇ ਪੈਣ ਵਾਲੇ ਭਾਰ ਨੂੰ ਝੱਲਣ ਲਈ ਤਿਆਰ ਰਹਿਣ। ਕੇਂਦਰ ਸਰਕਾਰ ਨੇ ਤੇਲ ਕੀਮਤਾਂ ’ਚ ਕਟੌਤੀ ਭਾਜਪਾ ਸ਼ਾਸਿਤ ਰਾਜਾਂ ਦੀ ਤਰਜ਼ ’ਤੇ ਕੀਤੀ ਹੈ। ਚੇਤੇ ਰਹੇ ਕਿ ਭਾਜਪਾ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੇ ਵੈਟ ਵਿੱਚ ਕਟੌਤੀ ਕਰਦਿਆਂ ਲੋਕਾਂ ਨੂੰ ਤੇਲ ਕੀਮਤਾਂ ’ਚ ਆਰਜ਼ੀ ਰਾਹਤ ਦਿੱਤੀ ਹੈ।
ਮੋਦੀ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਕੇਂਦਰ ਸਰਕਾਰ ਜਿੱਥੇ ਪੈਟਰੋਲ ਤੇ ਡੀਜ਼ਲ ’ਤੇ ਲਗਦੀ ਐਕਸਾਈਜ਼ ਡਿਊਟੀ ’ਤੇ ਡੇਢ ਰੁਪਏ ਦੀ ਕਟੌਤੀ ਕਰੇਗੀ, ਉਥੇ ਕੇਂਦਰ ਨੇ ਤੇਲ ਕੰਪਨੀਆਂ ਨੂੰ ਇਕ ਰੁਪਏ ਪ੍ਰਤੀ ਲਿਟਰ ਭਾਰ ਝੱਲਣ ਲਈ ਕਿਹਾ ਹੈ। ਉਧਰ ਹਰਿਆਣਾ ਸਣੇ ਭਾਜਪਾ ਸ਼ਾਸਿਤ ਸਾਰੇ ਰਾਜਾਂ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਸਾਮ, ਉੱਤਰਾਖੰਡ ਤੇ ਤ੍ਰਿਪੁਰਾ ਨੇ ਵੈਟ ਵਿੱਚ ਢਾਈ ਰੁਪਏ ਪ੍ਰਤੀ ਲੀਟਰ ਕਟੌਤੀ ਕਰਨ ਦਾ ਐਲਾਨ ਕੀਤਾ, ਜਿਸ ਨਾਲ ਤੇਲ ਪੰਪਾਂ ’ਤੇ ਈਂਧਣ ਦੀਆਂ ਕੀਮਤਾਂ ’ਚ ਪੰਜ ਰੁਪਏ ਪ੍ਰਤੀ ਲਿਟਰ ਤਕ ਘੱਟ ਜਾਣਗੀਆਂ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਇਹ ਦੂਜੀ ਵਾਰ ਹੈ ਜਦੋਂ ਐਕਸਾਈਜ਼ ਡਿਊਟੀ ’ਤੇ ਕੱਟ ਲਾਉਣ ਦਾ ਹੀਆ ਕੀਤਾ ਗਿਆ ਹੈ। ਉਂਜ ਸਰਕਾਰ ਦੇ ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਹੁੰਦੀ ਉਗਰਾਹੀ ’ਚ 10,500 ਕਰੋੋੜ ਰੁਪਏ ਦਾ ਝਟਕਾ ਲੱਗੇਗਾ। ਸਰਕਾਰ ਵੱਲੋਂ ਵੈੱਟ ’ਤੇ ਕੱਟ ਲਾਉਣ ਦਾ ਮੁੱਖ ਮਕਸਦ ਆਪਣੇ ਸਿਖਰਲੇ ਪੱਧਰ ’ਤੇ ਪੁੱਜੀਆਂ ਤੇਲ ਦੀਆਂ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਉਪਰੋਕਤ ਫ਼ੈਸਲੇ ਦਾ ਐਲਾਨ ਕਰਦਿਆਂ ਰਾਜ ਸਰਕਾਰਾਂ ਨੂੰ ਕਿਹਾ ਕਿ ਉਹ ਵੀ ਵਿਕਰੀ ਟੈਕਸ ਜਾਂ ਵੈਟ ਵਿੱਚ ਅਜਿਹੀ ਕਟੌਤੀ ਕਰਨ। ਸ੍ਰੀ ਜੇਤਲੀ ਨੇ ਕਿਹਾ ਕਿ ਜਿਹੜੇ ਆਗੂ ਮਹਿਜ਼ ਟਵੀਟ ਕਰਕੇ ਅਤੇ ਮੂੰਹ ਹਿਲਾ ਕੇ ਵਧੀਆਂ ਤੇਲ ਕੀਮਤਾਂ ਖ਼ਿਲਾਫ਼ ਹਮਦਰਦੀ ਜਤਾਉਂਦੇ ਸਨ, ਲਈ ਹੁਣ ਇਹ ਵੱਡੀ ਅਜ਼ਮਾਇਸ਼ ਹੋਵੇਗੀ। ਕੇਂਦਰ ਦੀ ਭਾਜਪਾ ਸਰਕਾਰ ਆਲਮੀ ਪੱਧਰ ’ਤੇ ਤੇਲ ਕੀਮਤਾਂ ਡਿੱਗਣ ਮਗਰੋਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਨਵੰਬਰ 2014 ਤੋਂ ਜਨਵਰੀ 2016 ਤਕ ਨੌਂ ਕਿਸ਼ਤਾਂ ’ਚ ਪੈਟਰੋਲ ਤੇ ਡੀਜ਼ਲ ’ਤੇ ਲਗਦੀ ਐਕਸਾਈਜ਼ ਡਿਊਟੀ ’ਤੇ ਕ੍ਰਮਵਾਰ 11.77 ਰੁਪਏ ਤੇ 13.47 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਚੁੱਕੀ ਹੈ। ਇਸ ਸਾਲ ਮਈ ਵਿੱਚ ਪ੍ਰਚੂਨ ਤੇਲ ਕੀਮਤਾਂ ਵਧਣ ਮਗਰੋਂ ਐਕਸਾਈਜ਼ ਡਿਊਟੀ ਵਿੱਚ ਕਟੌਤੀ ਦੀ ਮੰਗ ਉੱਠੀ ਸੀ, ਜਿਸ ਨੂੰ ਸਰਕਾਰ ਨੇ ਕਿਸੇ ਤਰ੍ਹਾਂ ਟਾਲ ਦਿੱਤਾ। ਪਰ ਫਿਰ ਮੱਧ ਅਗਸਤ ਤੋਂ ਤੇਲ ਕੀਮਤਾਂ ਨੇ ਮੁੜ ਉੱਤੇ ਵੱਲ ਨੂੰ ਜ਼ੋਰ ਫੜ ਲਿਆ। ਮਹਾਨਗਰਾਂ ’ਚੋਂ ਦਿੱਲੀ ਵਿੱਚ ਤੇਲ ਕੀਮਤਾਂ ਸਭ ਤੋਂ ਹੇਠਲੇ ਪੱਧਰ ’ਤੇ ਹਨ। ਰਾਜਧਾਨੀ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 84 ਰੁਪਏ ਤੇ 75.45 ਰੁਪਏ ਪ੍ਰਤੀ ਲਿਟਰ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਉਨ੍ਹਾਂ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਤੇ ਅੰਤਰ ਮੰਤਰਾਲਿਆਂ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕੀਤਾ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਵਾਨਗੀ ਮਗਰੋਂ ਖਪਤਕਾਰਾਂ ਨੂੰ ਤਿੰਨ ਹਿੱਸਿਆਂ ਵਿੱਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵੱਲੋਂ ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਨੂੰ ਪ੍ਰਤੀ ਲਿਟਰ ਇਕ ਰੁਪਏ ਦਾ ਬੋਝ ਝੱਲਣ ਦੀ ਹਦਾਇਤ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਰਕਾਰ ਭਾਰਤੀ ਤੇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਤੇਲ ਕੀਮਤਾਂ ਵਧਾਉਣ ਘਟਾਉਣ ਦੀ ਦਿੱਤੀ ਖੁੱਲ੍ਹ ਨੂੰ ਵਾਪਸ ਲੈ ਸਕਦੀ ਹੈ।
ਤੇਲ ਕੀਮਤਾਂ ਘਟਾ ਕੇ ਮੋਦੀ ਸਰਕਾਰ ਨੇ ਲੋਕ ਭਲਾਈ ਦਾ ਕਾਰਜ ਕੀਤਾ: ਸ਼ਾਹ
ਨਵੀਂ ਦਿੱਲੀ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.50 ਰੁਪਏ ਦਾ ਲਾਇਆ ਕੱਟ ਇਹ ਦਰਸਾਉਂਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੂੰ ਲੋਕਾਂ ਦੀ ਭਲਾਈ ਦੀ ਕਿੰਨੀ ਚਿੰਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਤੇਲ ਕੀਮਤਾਂ ਘਟਾਉਣ ਦੇ ਐਲਾਨ ਤੋਂ ਤੁਰੰਤ ਬਾਅਦ ਸ਼ਾਹ ਨੇ ਟਵੀਟ ਕਰਕੇ ਇਸ ਫੈਸਲੇ ਦਾ ਸਵਾਗਤ ਕੀਤਾ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਪੈ੍ਸ ਕਾਨਫਰੰਸ ਵਿੱਚ ਸੰਬਿਤ ਪਾਤਰਾ ਨੇ ਉਮੀਦ ਜਤਾਈ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਮੁੱਢਲੇ ਤੌਰ ’ਤੇ ਕੁੱਲ ਪੰਜ ਰੁਪਏ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਵੀ ਇੰਨੀਆਂ ਤੇਲ ਕੀਮਤਾਂ ਘਟਾਉਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ 2.50 ਰੁਪਏ ਪ੍ਰਤੀ ਲਿਟਰ ਘਟਾਉਣ ਦਾ ਐਲਾਨ ਕੀਤਾ ਜਿਸ ਵਿੱਚ 1.50 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਅਤੇ 1 ਰੁਪਿਆ ਕੰਪਨੀਆਂ ਨੂੰ ਘਟਾਉਣ ਲਈ ਕਿਹਾ ਗਿਆ।
ਤੇਲ ਕੀਮਤਾਂ ਸਬੰਧੀ ਪੰਜਾਬ ਦੀ ਮੀਟਿੰਗ ਅੱਜ
ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਘਟਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਤੇਲ ਦੀਆਂ ਕੀਮਤਾਂ ਬਾਰੇ ਫੈਸਲਾ ਲੈਣ ਲਈ ਭਲਕੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ ਕਿਉਂਕਿ ਪੰਜਾਬ ਸਰਕਾਰ ’ਤੇ ਵੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਦਬਾਅ ਬਣ ਗਿਆ ਹੈ ਤੇ ਭਲਕ ਦੀ ਮੀਟਿੰਗ ਵਿਚ ਕੈਪਟਨ ਸਰਕਾਰ ਵਲੋਂ ਕੀਮਤਾਂ ਘਟਾਉਣ ਦਾ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਅਧਿਕਾਰੀਆਂ ਦੀ ਮੀਟਿੰਗ ਵਿਚ ਤੇਲ ਦੀਆਂ ਕੀਮਤਾਂ ਸਬੰਧੀ ਕੋਈ ਫਾਰਮੂਲਾ ਤੈਅ ਕਰਨਾ ਪਵੇਗਾ। ਜੇ ਤੇਲ ਦੀਆਂ ਕੀਮਤਾਂ ਹੋਰ ਵੱਧਦੀਆਂ ਹਨ ਤਾਂ ਰਾਜ ਸਰਕਾਰ ਨੂੰ ਆਪਣੇ ਹਿੱਸੇ ਦੇ ਟੈਕਸ ਵਧਾਉਣ ਜਾਂ ਨਾ ਵਧਾਉਣ ਬਾਰੇ ਫੈਸਲਾ ਲੈਣਾ ਪਵੇਗਾ। ਭਾਜਪਾ ਸ਼ਾਸਤ ਸੂਬਿਆਂ ਵੱਲੋਂ ਤੇਲ ਦੀਆਂ ਕੀਮਤਾਂ ਘਟਾਉਣ ਦੇ ਐਲਾਨ ਨਾਲ ਪੰਜਾਬ ਸਰਕਾਰ ’ਤੇ ਵੀ ਤੇਲ ਦੀਆਂ ਕੀਮਤਾਂ ਘਟਾਉਣ ਦਾ ਦਬਾਅ ਬਣ ਗਿਆ ਹੈ। ਵੈਸੇ ਵੀ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਨਾਲੋਂ ਕਾਫੀ ਜ਼ਿਆਦਾ ਹਨ ਤੇ ਇਸ ਕਰਕੇ ਲੋਕ ਦੂਜੇ ਸੂਬਿਆਂ ਵਿਚੋਂ ਪੈਟਰੋਲ ਖਰੀਦਣ ਨੂੰ ਤਰਜੀਹ ਦਿੰਦੇ ਹਨ।
ਸ਼ੇਅਰ ਬਾਜ਼ਾਰ ਤੇ ਰੁਪਏ ਨੂੰ ਗੋਤਾ
ਮੁੰਬਈ - ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 73.18 ਨੂੰ ਪੁੱਜ ਗਿਆ। ਉਧਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸ਼ੇਅਰ ਬਾਜ਼ਾਰ 806 ਅੰਕਾਂ ਦੇ ਗੋਤੇ ਨਾਲ ਪਿਛਲੇ ਤਿੰਨ ਮਹੀਨਿਆਂ ’ਚ 35,169.16 ਅੰਕੜੇ ’ਤੇ ਬੰਦ ਹੋਇਆ।
ਸਰਕਾਰ ਆਈਐਲ ਐਂਡ ਐਫਐਸ ਸੰਕਟ ਹੱਲ ਕਰਨ ਲਈ ਦ੍ਰਿੜ੍ਹ
ਨਵੀਂ ਦਿੱਲੀ - ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਗ਼ੈਰ ਵਿੱਤੀ ਅਦਾਰੇ ਇਨਫਰਾਸਟਰੱਕਚਰ ਲੈਂਡਿੰਗ ਤੇ ਫਾਇਨਾਂਸ਼ੀਅਲ ਸਰਵਿਸ(ਆਈਐਲ ਐਂਡ ਐਫਐਸ) ਨੂੰ ਦਰਪੇਸ਼ ਸੰਕਟ ਜਲਦੀ ਹੀ ਹੱਲ ਕਰਨ ਲਈ ਦਿੜ੍ਹ ਹੈ ਤਾਂ ਕਿ ਇਸ ਦਾ ਅਰਥਚਾਰੇ ’ਤੇ ਕੋਈ ਹਾਨੀਕਾਰਕ ਅਸਰ ਨਾ ਪਏ। ਚੇਤੇ ਰਹੇ ਕਿ ਸਰਕਾਰ ਨੇ 91000 ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਆਈਐਲ ਐਂਡ ਐਫ਼ਐਸ ਦੇ ਬੋਰਡ ਨੂੰ ਆਪਣੇ ਅਧੀਨ ਲੈਂਦਿਆਂ ਇਸ ਦੇ ਬੋਰਡ ਆਫ ਡਾਇਰੈਕਟਰ ਬਦਲ ਦਿੱਤੇ ਸਨ। ਅਦਾਰੇ ਵਿੱਚ ਜਾਰੀ ਸੰਕਟ ਨੇ ਐਨਬੀਐਫ਼ਸੀ’ਜ਼ ਤੇ ਮਿਊਚਲ ਫੰਡ ਵਿੱਚ ਪੈਸੇ ਦੇ ਵਹਾਅ ਨੂੰ ਲੈ ਕੇ ਫਿਕਰਮੰਦੀ ਵਧਾ ਦਿੱਤੀ ਸੀ। ਸ੍ਰੀ ਜੇਤਲੀ ਨੇ ਅੱਜ ਨਵੇਂ ਬੋਰਡ ਦੀ ਪਲੇਠੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘ਮੌਜੂਦਾ ਸੰਕਟ ਮੁਲਕ ਦਾ ਅੰਦਰੂਨੀ ਮਸਲਾ ਹੈ ਤੇ ਸਰਕਾਰ ਇਸ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਦਿੜ੍ਹ ਹੈ ਤਾਂ ਕਿ ਇਸ ਦਾ ਕੋਈ ਹਾਨੀਕਾਰਕ ਅੰਸ਼ ਨਾ ਬਚੇ।’ ਇਸ ਦੌਰਾਨ ਆਈਐਲ ਐਂਡ ਐਫਐਸ ਗਰੁੱਪ ਦੇ ਨਵੇਂ ਬੋਰਡ ਦੀ ਪੰਜ ਘੰਟੇ ਤਕ ਚੱਲੀ ਮੀਟਿੰਗ ਮਗਰੋਂ ਚੇਅਰਮੈਨ ਉਦੇ ਕੋਟਕ ਨੇ ਕਿਹਾ ਕਿ ਸਮੂਹ ਤੇ ਇਸ ਨਾਲ ਜੁੜੇ 348 ਅਦਾਰਿਆਂ ਦੀਆਂ ਕਦਰਾਂ ਕੀਮਤਾਂ ਨੂੰ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖੀ ਯੋਜਨਾ ਦਾ ਖਰੜਾ ਤਿਆਰ ਕਰਨ ਲਈ ਬੋਰਡ ਨਿਯਮਤ ਸਮੇਂ ’ਤੇ ਮੀਟਿੰਗ ਕਰੇਗਾ।

 

 

fbbg-image

Latest News
Magazine Archive