ਦਿੱਲੀ ਜਾਂਦੇ ਕਿਸਾਨਾਂ ’ਤੇ ਵਰ੍ਹੀਆਂ ਡਾਂਗਾਂ


ਨਵੀਂ ਦਿੱਲੀ - ਕਰਜ਼ਾ ਮੁਆਫ਼ੀ, ਸਵਾਮੀਨਾਥਨ ਰਿਪੋਰਟ ਅਤੇ ਜਿਣਸਾਂ ਦੇ ਵਾਜਬ ਮੁੱਲਾਂ ਵਰਗੀਆਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਟਰੈਕਟਰ-ਟਰਾਲੀਆਂ ਉੱਤੇ ਸਵਾਰ ਹੋ ਕੇ ਕੌਮੀ ਰਾਜਧਾਨੀ ਵੱਲ੍ਹ ਕੂਚ ਕਰ ਰਹੇ ਕਿਸਾਨਾਂ ਨੂੰ ਦਿੱਲੀ-ਯੂਪੀ ਹੱਦ ਉੱਤੇ ਜਬਰੀ ਰੋਕਣ ਮਗਰੋਂ ਕਿਸਾਨ ਭੜਕ ਗਏ। ਕਿਸਾਨਾਂ ਨੇ ਟਰੈਕਟਰਾਂ ਨਾਲ ਪੁਲੀਸ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਨੇ ਅੱਥਰੂ ਗੈਸ ਛੱਡ ਕੇ ਤੇ ਜਲ ਤੋੋਪਾਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਦੇ ਮਾਰਚ ਨੂੰ ਰੋਕ ਦਿੱਤਾ। ਦੇਰ ਸ਼ਾਮ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਜਿਨ੍ਹਾਂ ਕਿਸਾਨਾਂ ਦੇ ਟਰੈਕਟਰਾਂ ਦੀ ਹਵਾ ਕੱਢੀ ਸੀ, ਉਹ ਪ੍ਰਸ਼ਾਸਨ ਵੱਲੋਂ ਠੀਕ ਕਰਵਾ ਦੇਣ ਬਾਅਦ ਦੇਰ ਸ਼ਾਮ ਅੰਦੋਨਲਕਾਰੀ ਕਿਸਾਨ ਪਰਤ ਗਏ ਹਨ।
ਕੇਂਦਰ ਸਰਕਾਰ ਨੇ ਅੱਧ-ਪਚੱਧ ਮੰਗਾਂ ਮੰਨ ਲਈਆਂ ਪਰ ਕਿਸਾਨੀ ਕਰਜ਼ੇ ਮੁਆਫ਼ ਕਰਨ, ਸਵਾਮੀਨਾਥ ਕਮਿਸ਼ਨ ਦੀ ਵਾਅਦੇ ਮੁਤਾਬਕ ਲਾਗੂ ਕਰਨ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਵਾਲੀ ਨੀਤੀ ਅਪਣਾਈ।
ਗਾਜ਼ੀਪੁਰ ਬਾਰਡਰ ਉੱਤੇ ਇਸ ਟਕਰਾਅ ਦੌਰਾਨ 20 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਤੇ ਪੁਲੀਸ ਮੁਲਾਜ਼ਮਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਂਦਿਆਂ 40 ਤੋਂ ਵੱਧ ਟਰੈਕਟਰਾਂ ਦੇ ਪਿਛਲੇ ਟਾਇਰਾਂ ਦੀਆਂ ਟਿਊਬਾਂ ਦੀਆਂ ਟੂਟੀਆਂ ਤੋੜ ਦਿੱਤੀਆਂ ਤਾਂ ਜੋ ਕਿਸਾਨ ਟਰੈਕਟਰਾਂ ਨਾਲ ਬੈਰੀਕੇਡ ਤੋੜ ਕੇ ਅੱਗੇ ਨਾ ਵਧ ਸਕਣ। ਦਿੱਲੀ ਪੁਲੀਸ ਨੇ ਰਾਜਘਾਟ ਨੇੜਿਉਂ 20 ਕਿਸਾਨ ਹਿਰਾਸਤ ਵਿੱਚ ਲੈ ਲਏ। ਪ੍ਰਸ਼ਾਸਨ ਨੇ ਗਾਜ਼ੀਪੁਰ ਦੇ ਕਈ ਇਲਾਕਿਆ ਵਿੱਚ ਦਫ਼ਾ 144 ਰਾਤ ਨੂੰ ਹੀ ਲਾ ਦਿੱਤੀ ਸੀ। ਦਿਨ ਵੇਲੇ ਇਲਾਕੇ ਵਿੱਚ ਜਾਮ ਲੱਗਾ ਰਿਹਾ ਤੇ ਟਰੈਫਿਕ ਵਿਵਸਥਾ ਵਿਗੜ ਗਈ। ਅੱਜ ਕਿਸਾਨ ਅੰਦੋਲਨ ਦੌਰਾਨ ਪੁਲੀਸ ਦਾ ਇੱਕ ਸਹਾਇਕ ਕਮਿਸ਼ਨਰ ਤੇ ਸੱਤ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਜਿੱਥੇ ਕਿਸਾਨ ਆਗੂਆਂ ਨੇ ਪੁਲੀਸ ਉੱਤੇ ਭਾਰੀ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ, ਉੱਥੇ ਪੁਲੀਸ ਨੇ ਘੱਟ ਤੋਂ ਘੱਟ ਬਲ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਅੰਦੋਲਨਕਾਰੀਆਂ ਨੂੰ ਖਦੇੜਨ ਲਈ 20 ਅੱਥਰੂ ਗੈਸ ਦੇ ਗੋਲਿਆਂ ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ 3000 ਪੁਲੀਸ ਬਲ ਤਾਇਨਾਤ ਸਨ।
ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਬੀਤੀ ਰਾਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਕਿਸਾਨ ਆਗੂਆਂ ਦੀ ਬੈਠਕ ਵੀ ਹੋਈ ਪਰ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗੀ। ਹਾਲਤ ਵਿਗੜਦੇ ਦੇਖ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਆਗੂ ਨਰੇਸ਼ ਟਕੈਤ ਨਾਲ ਫੋਨ ਉੱਤੇ ਕਿਸਾਨ ਮੰਗਾਂ ਬਾਰੇ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਕਿਸਾਨ ਮੰਗਾਂ ਬਾਰੇ ਬੈਠਕ ਬੁਲਾਈ। ਇਸ ਬੈਠਕ ਵਿੱਚ ਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ, ਯੁੱਧਵੀਰ ਸਿੰਘ, ਰਤਨ ਸਿੰਘ (ਹਰਿਆਣਾ) ਧਰਮਿੰਦਰ ਮਲਿਕ (ਯੂਪੀ) ਤੋਂ ਆਦਿ ਕਿਸਾਨ ਆਗੂ ਸ਼ਾਮਲ ਹੋਏ। ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਬੈਠਕ ਵਿੱਚ ਕੌਮੀ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ 10 ਸਾਲ ਪੁਰਾਣੇ ਟਰੈਕਟਰਾਂ ਉੱਤੇ ਰੋਕ ਹਟਾਉਣ, ਜਿਣਸਾਂ ਦੀ ਖ਼ਰੀਦ ਘੱਟੋ-ਘੱਟ ਸਹਾਇਕ ਭਾਅ ‘ਤੇ ਲਾਜ਼ਮੀ ਕਰਨ ਲਈ ਕਾਨੂੰਨ ਘੜ ਕੇ ਇੱਕ ਸਾਰ ਖ਼ਰੀਦ ਨੀਤੀ ਬਣਾਉਣ, ਖੇਤੀ ਸੰਦਾਂ ਉੱਤੇ ਜੀਐੱਸਟੀ 28 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ, ਫਸਲੀ ਬੀਮਾ ਯੋਜਨਾ ਤਹਿਤ ਇੱਕ ਏਕੜ ਨੂੰ ਇਕਾਈ ਮੰਨ ਕੇ ਇਸ ਯੋਜਨਾ ਦੀਆਂ ਕਮੀਆਂ ਦੂਰ ਕਰਨ ਦੀਆਂ ਮੰਗਾਂ ਬਾਰੇ ਸਹਿਮਤੀ ਪ੍ਰਗਟ ਕੀਤੀ ਗਈ ਤੇ 6 ਮੁੱਖ ਮੰਤਰੀਆਂ ’ਤੇ ਆਧਾਰਤ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇੱਕਸਾਰ ਬਿਜਲੀ ਬਿੱਲਾਂ ਦੀ ਨੀਤੀ ਤੇ ਕਿਸਾਨ/ਮਜ਼ਦੂਰਾਂ ਦੀ ਪੈਨਸ਼ਨ ਬਾਰੇ ਵੀ ਚਰਚਾ ਕੀਤੀ ਗਈ।ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕੇਂਦਰੀ ਖੇਤੀ ਰਾਜ ਮੰਤਰੀ ਰਾਜਿੰਦਰ ਸਿੰਘ ਸ਼ੇਖਾਵਤ, ਯੂਪੀ ਦੇ ਗੰਨਾ ਮੰਤਰੀ ਸੁਰੇਸ਼ ਰਾਣਾ, ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ, ਆਈਬੀ ਦੇ ਡਾਇਰੈਕਟਰ ਰਾਜੀਵ ਜੈਨ ਤੇ ਦਿੱਲੀ ਪੁਲੀਸ ਕਮਿਸ਼ਨਰ ਅਮੁੱਲਿਆ ਪਟਨਾਇਕ ਸ਼ਾਮਲ ਹੋਏ।
ਇੱਕ ਕਿਸਾਨ ਆਗੂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਤੇ ਕਰਜ਼ਾ ਮੁਆਫ਼ੀ ਬਾਰੇ ਕੇਂਦਰ ਸਰਕਾਰ ਦਾ ਰਵੱਈਆ ਟਾਲ਼ਣ ਵਾਲਾ ਸੀ ਜੋ ਅੱਗੇ ਕਮੇਟੀਆਂ ਹਵਾਲੇ ਕਰਕੇ ਠੰਢੇ ਬਕਸੇ ਵਿੱਚ ਪਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ 45000 ਕਰੋੜ ਰੁਪਏ ਨਾਲ ਕਿਸਾਨਾਂ ਦੀਆਂ ਜਿਣਸਾਂ ਖ਼ਰੀਦਣ ਦਾ ਪ੍ਰਬੰਧ ਕੀਤੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਤੋਂ ਤਸੱਲੀ ਨਾ ਹੋਈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਗਾਜ਼ੀਆਬਾਦ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਕਿਸਾਨਾਂ ਉੱਤੇ ਤਸ਼ੱਦਦ ਦੀ ਰਾਹੁਲ ਤੇ ਹੋਰ ਆਗੂਆਂ ਵੱਲੋਂ ਨਿਖੇਧੀ
ਨਵੀਂ ਦਿੱਲੀ - ਆਪਣੀਆਂ ਮੰਗਾਂ ਮੰਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਹਰਿਦੁਆਰ ਦੇ ਟਿਕੈਤ ਘਾਟ ਤੋਂ ਚੱਲੇ ਕਿਸਾਨਾਂ ਨੂੰ ਦਿੱਲੀ ਅੰਦਰ ਵੜਨ ਤੋਂ ਰੋਕਣ ਲਈ ਪੁਲੀਸ ਵੱਲੋਂ ਕੀਤੇ ਅਤਿਆਚਾਰ ਦੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਖ਼ਤ ਨਿੰਦਾ ਕੀਤੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਬੇਰਹਿਮੀ ਨਾਲ ਕੁੱਟਣ ਦੀ ਨਿੰਦਾ ਕੀਤੀ ਤੇ ਕਿਹਾ ਕਿ ਵਿਸ਼ਵ ਅਹਿੰਸਾ ਦਿਵਸ ਮੌਕੇ ਵੀ ਕਿਸਾਨ ਆਪਣੀਆਂ ਮੰਗਾਂ ਕੌਮ ਰਾਜਧਾਨੀ ਵਿੱਚ ਆਵਾਜ਼ ਨਹੀਂ ਉਠਾ ਸਕੇ, ਜੋ ਸ਼ਾਂਤਮਈ ਹੋ ਕੇ ਦਿੱਲੀ ਆ ਰਹੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੁਲੀਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।‘ਆਪ’ ਦੇ ਯੂਪੀ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ, ਸਵਰਾਜ ਇੰਡੀਆ ਦੇ ਯੋਗਿੰਦਰ ਯਾਦਵ ਨੇ ਵੀ ਕਿਸਾਨਾਂ ਉੱਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੇ ਬੇਰਹਿਮ ਵਤੀਰੇ ਦੀ ਘੋਰ ਨਿੰਦਾ ਕਰਦੀ ਹੈ। ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਕਿਸਾਨਾਂ ਉੱਤੇ ਮੋਦੀ-ਯੋਗੀ ਸਰਕਾਰ ਦਾ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰੀ ਲੋਕ ਦਲ ਦੇ ਨੇਤਾ ਅਜੀਤ ਸਿੰਘ ਨੇ ਵੀ ਕਿਸਾਨ ‘ਤੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ।
ਲੱਖੋਵਾਲ ਤੇ ਮਾਨ ਨੇ ਕੀਤਾ ਮੀਟਿੰਗ ਦਾ ਬਾਈਕਾਟ
ਨਵੀਂ ਦਿੱਲੀ - ਆਤਮ-ਹੱਤਿਆ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 10 ਲੱਖ ਰੁਪਏ ਸਹਾਇਤਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਾਗੂ ਕਰਾਉਣ ਵਾਰੇ ਕੋਈ ਠੋਸ ਜਵਾਬ ਨਾ ਦੇਣ ਦੇ ਰੋਸ ਵਜੋਂ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਤੇ ਰਤਨ ਸਿੰਘ ਮਾਨ ( ਪ੍ਰਧਾਨ ਹਰਿਅਣਾ) ਨੇ ਸਰਕਾਰੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਤੇ ਫੈਸਲਾ ਭਾਰਤੀ ਕਿਸਾਨ ਯੂਨੀਅਨ ਦੀ ਹਾਈ ਕਮਾਂਡ, ਕੌਮੀ ਪ੍ਰਧਾਨ ਤੇ ਕਿਸਾਨ ਕੋਆਰਡੀਨੇਸ਼ਨ ਕਮੇਟੀ ਅਤੇ ਕ੍ਰਾਂਤੀ ਯਾਤਰਾ ਦੀ ਕੰਮਕਾਰੀ ਕਮੇਟੀ ’ਤੇ ਛੱਡ ਦਿੱਤਾ।
ਸਰਕਾਰ ਵੱਲੋਂ ਕਿਸਾਨਾਂ ਦੀਆਂ ਕਈ ਮੰਗਾਂ ਮੰਨਣ ਦਾ ਐਲਾਨ
ਨਵੀਂ ਦਿੱਲੀ - ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਦੇ ਨਿਬੇੜੇ ਲਈ ਕੇਂਦਰ ਸਰਕਾਰ ਨੇ ਕੌਮੀ ਗ੍ਰੀਨ ਟਿ੍ਬਿਊਨਲ ਵੱਲੋਂ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਉੱਤੇ ਲਾਈ ਪਾਬੰਦੀ, ਜਿਸ ਦੀ ਮਾਰ ਵਿੱਚ ਕਿਸਾਨਾਂ ਦੇ ਟਰੈਕਟਰ ਵੀ ਆ ਗਏ ਹਨ, ਦੇ ਵਿਰੁੱਧ ਜਲਦੀ ਹੀ ਰੀਵਿਊ ਪਟੀਸ਼ਨ ਦਾਇਰ ਕਰਨ ਦਾ ਐਲਾਲ ਕੀਤਾ ਹੈ। ਕੇਂਦਰ ਨੇ ਸਾਉਣੀ ਦੀ ਫਸਲ ਦੀ ਤਰ੍ਹਾਂ ਹਾੜ੍ਹੀ ਦੀ ਫਸਲ ਦਾ ਭਾਅ ਵੀ ਲਾਗਤ ਮੁੱਲ ਦਾ ਡੇਢ ਗੁਣਾ ਵਧਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਅੱਜ ਲਏ ਗਏ ਹਨ। ਸਰਕਾਰੀ ਪੱਧਰ ਉੱਤੇ ਜਾਰੀ ਬਿਆਨ ਅਨੁਸਾਰ ਖੇਤੀਬਾੜੀ ਸੰਦਾਂ ਦੇ ਉੱਤੇ ਜੀਐੱਸਟੀ 5 ਫੀਸਦੀ ਕਰਨ ਲਈ ਸਰਕਾਰ ਜੀਐੱਸਟੀ ਕੌਂਸਲ ਕੋਲ ਪਹੁੰਚ ਕਰੇਗੀ। ਇਸ ਤੋਂ ਇਲਾਵਾ ਸਰਕਾਰ ਨੇ ਮਨਰੇਗਾ ਅਤੇ ਖੇਤੀਬਾੜੀ ਸਬੰਧੀ ਮੁੱਖ ਮੰਤਰੀਆਂ ਦੀ ਸਬ ਕਮੇਟੀ ਵਿੱਚ ਕਿਸਾਨਾਂ ਦਾ ਨੁਮਾਇੰਦਾ ਲੈਣ ਬਾਰੇ ਵੀ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਰਾਜ ਸਰਕਾਰਾਂ ਨੂੰ ਖੇਤੀ ਜਿਣਸਾਂ ਦੀ ਢੁਕਵੀਂ ਖ਼ਰੀਦ ਲਈ ਕਹਿਣ ਅਤੇ ਦੇਸ਼ ਵਿੱਚ ਪੈਦਾ ਹੁੰਦੀਆਂ ਜਿਣਸਾਂ ਵਿਦੇਸ਼ਾਂ ਵਿੱਚੋਂ ਨਾ ਮੰਗਵਾਉਣ ਉੱਤੇ ਵੀ ਸਹਿਮਤੀ ਪ੍ਰਗਟਾਈ ਹੈ। ਖ਼ਰੀਦ ਸੀਜ਼ਨ 90 ਦਿਨ ਦਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਕਿਸਾਨ ਕਰੈਡਿਟ ਕਾਰਡ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਜੀ ਐੱਸ ਸ਼ੇਖਾਵਤ ਦੀ ਅਗਵਾਈ ਵਿੱਚ ਸਰਕਾਰ ਕਮੇਟੀ ਬਣਾਏਗੀ। ਅਵਾਰਾ ਪਸ਼ੂਆਂ ਵੱਲੋਂ ਫਸਲਾਂ ਦੇ ਉਜਾੜੇ ਨੂੰ ਵੀ ਫਸਲ ਬੀਮਾ ਯੋਜਨਾ ਅਧੀਨ ਲਿਆਉਣਾ ਵੀ ਸ਼ਾਮਲ ਹੈ।
ਕਿਸਾਨ ਆਗੂ ਗੱਲਬਾਤ ਤੋਂ ਅਸੰਤੁਸ਼ਟ
ਅੰਦਲੋਨਕਾਰੀ ਕਿਸਾਨਾਂ ਦੇ ਆਗੂ ਨਰੇਸ਼ ਟਕੈਤ ਨੇ ਕੇਂਦਰੀ ਖੇਤੀ ਰਾਜ ਮੰਤਰੀ ਰਾਜਿੰਦਰ ਸਿੰਘ ਸ਼ੇਖਾਵਤ ਵੱਲੋਂ ਦਿੱਤੇ ਭਰੋਸੇ ਉੱਤੇ ਅਸੰਤੁਸ਼ਟੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੀ ਕਮੇਟੀ ਕੇਂਦਰ ਸਰਕਾਰ ਦੇ ਭਰੋਸੇ ਉੱਤੇ ਵਿਚਾਰ ਕਰੇਗੀ। ਫਿਰ ਹੀ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।

 

Latest News
Magazine Archive