ਭਾਜਪਾ ਵਿਰੁੱਧ ਦੂਜਾ ਸੁਤੰਤਰਤਾ ਅੰਦੋਲਨ ਵਿੱਢਣ ਦਾ ਹੋਕਾ


ਸੇਵਾਗ੍ਰਾਮ (ਮਹਾਰਾਸ਼ਟਰ) - ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੇ ਮੰਗਲਵਾਰ ਨੂੰ ਮੋਦੀ ਸਰਕਾਰ ਦੀ ‘‘ਨਫ਼ਰਤ ਤੇ ਹਿੰਸਾ ਦੀ ਵਿਚਾਰਧਾਰਾ’’ ਖ਼ਿਲਾਫ਼ ਦੂਜਾ ਸੁਤੰਤਰਤਾ ਅੰਦੋਲਨ ਵਿੱਢਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹੀ ਸੋਚ ਸੀ ਜਿਸ ਕਰ ਕੇ ਮਹਾਤਮਾ ਗਾਂਧੀ ਦੀ ਹੱਤਿਆ ਹੋਈ ਸੀ।
ਰਾਸ਼ਟਰਪਿਤਾ ਦੀ 149ਵੀਂ ਜੈਅੰਤੀ ਮੌਕੇ ਮਹਾਰਾਸ਼ਟਰ ਦੇ ਵਰਧਾ ਜ਼ਿਲੇ ਵਿਚਲੇ ਸੇਵਾਗ੍ਰਾਮ ਆਸ਼ਰਮ ਵਿੱਚ ਮੀਟਿੰਗ ਦੌਰਾਨ ਸੀਡਬਲਯੂਸੀ ਨੇ ਕੌਮੀ ਰਾਜਧਾਨੀ ਵਿੱਚ ਰੋਸ ਮੁਜ਼ਾਹਰਾ ਕਰਨ ਆ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਵੀ ਨਿਖੇਧੀ ਕੀਤੀ। ਇਸ ਤੋਂ ਪਹਿਲਾਂ 1942 ਵਿੱਚ ਸੇਵਾਗ੍ਰਾਮ ਵਿੱਚ ਮਹਾਤਮਾ ਗਾਂਧੀ ਦੀ
ਪ੍ਰਧਾਨਗੀ ਹੇਠ ਸੀਡਬਲਯੂਸੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ‘ਭਾਰਤ ਛੱਡੋ’ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਪਾਰਟੀ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਦੋ ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿੱਚ ਭਾਰਤ ਦੇ ਮਨ, ਆਤਮਾ ਤੇ ਤਨ ਨੂੰ ਸਿਰਜਣ ਲਈ ਮਹਾਤਮਾ ਗਾਂਧੀ ਦੇ ਯੋਗਦਾਨ ਦਾ ਚੇਤਾ ਕੀਤਾ ਗਿਆ। ਉਨ੍ਹਾਂ ਕਿਹਾ ‘‘ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਵੱਲੋਂ ਦਿੱਤਾ ‘ਜੈ ਜਵਾਨ ਜੈ ਕਿਸਾਨ’ ਦਾ ਹੋਕਾ ਮਹਿਜ਼ ਨਾਅਰਾ ਨਹੀਂ ਸਗੋਂ ਜੀਵਨ ਜਾਚ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਦੂਜਾ ਸੁਤੰਤਰਤਾ ਅੰਦੋਲਨ ਮੋਦੀ ਸਰਕਾਰ ਖ਼ਿਲਾਫ਼ ਵਿੱਢਿਆ ਜਾਵੇਗਾ ਜੋ ਨਫ਼ਰਤ, ਬਟਵਾਰੇ, ਭੈਅ, ਧਰੁਵੀਕਰਨ, ਅਸਹਿਮਤੀ ਤੇ ਬਹਿਸ ਨੂੰ ਕੁਚਲਣ ਦੀ ਰਾਜਨੀਤੀ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ‘‘ ਮੋਦੀ ਸਰਕਾਰ ਭਾਰਤ ਦੀ ਬਹੁਲਤਾ ਦੇ ਖ਼ਿਲਾਫ਼ ਹੈ ਤੇ ਬਦਲੇਖੋਰੀ, ਝੂਠ ਤੇ ਧੋਖੇ ਦੀ ਰਾਜਨੀਤੀ ਵਿੱਚ ਗਲਤਾਨ ਹੈ। ਗਾਂਧੀ ਜੀ ਦੇ ਉਪਦੇਸ਼ਾਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਹਨ ਪਰ ਇਹ ਮੌਕਾਪ੍ਰਸਤੀ ਤੋਂ ਵਧ ਕੇ ਕੁਝ ਵੀ ਨਹੀਂ ਹੈ। ਵਰਕਿੰਗ ਕਮੇਟੀ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਗਾਂਧੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਰੱਜ ਕੇ ਭੰਡਿਆ ਅੱਜ ਉਹ ਲੋਕ ਬੇਸ਼ਰਮੀ ਨਾਲ ਉਨ੍ਹਾਂ ਦਾ ਗੁਣਗਾਨ ਕਰ ਰਹੇ ਹਨ।
ਦਿੱਲੀ ਆ ਰਹੇ ਕਿਸਾਨਾਂ ’ਤੇ ਬਲ ਪ੍ਰਯੋਗ ਦੀ ਨਿੰਦਾ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਕਿਸਾਨ ਕਰਜ਼ ਮੁਆਫ਼ੀ ਤੇ ਆਪਣੀਆਂ ਜਿਣਸਾਂ ਦੇ ਵਾਜਬ ਭਾਅ ਮੰਗ ਰਹੇ ਹਨ। ਖਾਦ ’ਤੇ 18 ਫ਼ੀਸਦ ਜੀਐਸਟੀ ਲਗਾਇਆ ਗਿਆ ਹੈ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ।
ਸਰਮਾਏਦਾਰਾਂ ਦੇ 3.2 ਲੱਖ ਕਰੋੜ ਦੇ ਕਰਜ਼ੇ ਮੁਆਫ਼: ਰਾਹੁਲ
ਵਰਧਾ - ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ ਸਰਮਾਏਦਾਰਾਂ ਦੇ 3.20 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਪਰ ਕਿਸਾਨਾਂ ਨੂੰ ਨਵੇਂ ਪੈਸੇ ਦੀ ਵੀ ਰਾਹਤ ਨਹੀਂ ਦਿੱਤੀ ਗਈ। ਜਦੋਂ ਨੋਟਬੰਦੀ ਕੀਤੀ ਗਈ ਸੀ ਤਾਂ ‘ਭਾਰਤ ਦੇ ਠੱਗ’ ਚੋਰ ਦਰਵਾਜ਼ਿਓਂ ਆਪਣਾ ਕਾਲਾ ਧਨ ਸਫ਼ੇਦ ਬਣਾਉਣ ਲੱਗੇ ਹੋਏ ਸਨ ਜਦਕਿ ਆਮ ਜਨਤਾ ਬੈਂਕਾਂ ਦੇ ਬਾਹਰ ਕਤਾਰਾਂ ’ਚ ਖੜੀ ਕੁਰਲਾ ਰਹੀ ਸੀ। ਰਾਫਾਲ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਰਹੇ। ਉਨ੍ਹਾਂ ਕਿਹਾ ‘‘ਉਹ ਚੌਕੀਦਾਰ ਨਹੀਂ, ਭਾਗੀਦਾਰ ਹੈ। ਤੁਸੀਂ ਉਨ੍ਹਾਂ ਨੂੰ ਮੌਕਾ ਦਿੱਤਾ ਪਰ ਉਨ੍ਹਾਂ ਤੁਹਾਡਾ ਭਰੋਸਾ ਤੋੜ ਦਿੱਤਾ ਹੈ। ਹੁਣ ਕਾਂਗਰਸ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਰਾਹੀਂ ਭਾਰਤ ਨੂੰ ਅੱਗੇ ਲੈ ਕੇ ਜਾਵੇਗੀ।

 

 

fbbg-image

Latest News
Magazine Archive