ਭਾਰਤੀ ਹਵਾਈ ਖੇਤਰ ’ਚ ਦਾਖ਼ਲ ਹੋਇਆ ਪਾਕਿਸਤਾਨੀ ਹੈਲੀਕਾਪਟਰ


ਜੰਮੂ - ਫ਼ੌਜ ਨੇ ਦੱਸਿਆ ਕਿ ਅੱਜ ਦਿਨੇ ਇਕ ਪਾਕਿਸਤਾਨੀ ਹੈਲੀਕਾਪਟਰ ਨੇ ਭਾਰਤੀ ਹਵਾਈ ਖੇਤਰ ਦੀ ਕਰੀਬ ਪੰਜ ਮਿੰਟ ਤੱਕ ਉਲੰਘਣਾ ਕੀਤੀ ਪਰ ਜਦੋਂ ਹਵਾਈ ਸੰਤਰੀਆਂ ਨੇ ਇਸ ਨੂੰ ਵੰਗਾਰਿਆ ਤਾਂ ਇਹ ਵਾਪਸ ਚਲਾ ਗਿਆ। ਇੱਥੇ ਥਲ ਸੈਨਾ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਬਾਅਦ ਦੁਪਹਿਰ 12:10 ਵਜੇ ਹੈਲੀਕਾਪਟਰ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ। ਮੂਹਰਲੀਆਂ ਪੁਜ਼ੀਸ਼ਨਾਂ ’ਤੇ ਤਾਇਨਾਤ ਹਵਾਈ ਸੰਤਰੀਆਂ ਨੇ ਛੋਟੇ ਹਥਿਆਰਾਂ ਨਾਲ ਇਸ ਨੂੰ ਵੰਗਾਰਿਆ। ਉਨ੍ਹਾਂ ਦੱਸਿਆ ਕਿ ਇਹ ਸਿਵਲੀਅਨ ਚੌਪਰ ਜਾਪਦਾ ਸੀ ਤੇ ਬਹੁਤ ਉਚਾਈ ’ਤੇ ਉੱਡ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਸਫੇਦ ਹੈਲੀਕਾਪਟਰ ਗੁਲਪੁਰ ਸੈਕਟਰ ’ਚ ਭਾਰਤੀ ਹਵਾਈ ਖੇਤਰ ’ਚ ਆ ਗਿਆ ਸੀ ਤੇ ਪੰਜ ਮਿੰਟ ਉੱਥੇ ਉਡਣ ਤੋਂ ਬਾਅਦ ਪਰਤ ਗਿਆ। ਤਿੰਨ ਮੂਹਰਲੀਆਂ ਚੌਕੀਆਂ ਵੱਲੋਂ ਇਸ ’ਤੇ ਛੋਟੇ ਹਥਿਆਰਾਂ ਨਾਲ ਫਾਇਰ ਕੀਤਾ ਗਿਆ।
ਸ੍ਰੀਨਗਰ - ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿੱਚ ਇਕ ਪੁਲੀਸ ਸਟੇਸ਼ਨ ’ਤੇ ਹਮਲੇ ਦੌਰਾਨ ਇਕ ਅਤਿਵਾਦੀ ਹਲਾਕ ਹੋ ਗਿਆ। ਪੁਲੀਸ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਨੇ ਸ਼ੋਪੀਆਂ ’ਚ ਪੁਲੀਸ ਸਟੇਸ਼ਨ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਪਰ ਚੌਕਸ ਜਵਾਨਾਂ ਨੇ ਇਸ ਦਾ ਜ਼ੋਰਦਾਰ ਜਵਾਬ ਦਿੱਤਾ। ਗੋਲੀਬਾਰੀ ’ਚ ਸਿਪਾਹੀ ਸਾਕਿਬ ਮੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਕ ਨੇੜਲੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਹ ਦਮ ਤੋੜ ਗਿਆ। ਉਧਰ, ਕੁਪਵਾੜਾ ਜ਼ਿਲੇ ਵਿਚ ਟੰਗਧਾਰ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ’ਤੇ ਅਤਿਵਾਦੀਆਂ ਨੇ ਪਾਕਿਸਤਾਨੀ ਫ਼ੌਜ ਦੀ ਮਦਦ ਨਾਲ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫ਼ੌਜ ਨੇ ਜਵਾਬੀ ਫਾਇਰਿੰਗ ਨਾਲ ਇਹ ਕੋਸ਼ਿਸ਼ ਨਾਕਾਮ ਬਣਾ ਦਿੱਤੀ।
ਫੌਜੀ ਕਮਾਂਡਰ ਨੇ ਵਾਦੀ ਵਿੱਚ ਹਾਲਾਤ ਦਾ ਜਾਇਜ਼ਾ ਲਿਆ
ਸ੍ਰੀਨਗਰ - ਅਤਿਵਾਦੀਆਂ ਦੇ ਖਾਤਮੇ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਫੌਜ ਦੇ ਉਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਰਣਬੀਰ ਸਿੰਘ ਨੇ ਅੱਜ ਵਾਦੀ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਵਾਦੀ ਦੇ ਅੰਦਰੂਨੀ ਹਿੱਸੇ ਵਿੱਚ ਫੌਜ ਦੀਆਂ ਤਿਆਰੀਆਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੇ ਨਾਲ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਏ ਕੇ ਭੱਟ ਵੀ ਸਨ। ਸਰਕਾਰੀ ਬੁਲਾਰੇ ਅਨੁਸਾਰ ਰਣਬੀਰ ਸਿੰਘ ਨੇ ਸੁਰੱਖਿਆ ਬਲਾਂ ਨੂੰ ਮਿਲੀ ਸਫਲਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਸ਼ਮੀਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਦੀ ਹਦਾਇਤ ਵੀ ਕੀਤੀ।
ਪਿਸ਼ਾਵਰ ਹਮਲੇ ਦੇ ਸਬੰਧ ’ਚ ਭਾਰਤ ਵੱਲੋਂ ਪਾਕਿ ਨੂੰ ਕਰਾਰਾ ਜਵਾਬ
ਸੰਯੁਕਤ ਰਾਸ਼ਟਰ - ਭਾਰਤ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ‘ਬੇਬੁਨਿਆਦ ਦੋਸ਼’ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਪਾਕਿਸਤਾਨ ਦੇ ਪਿਸ਼ਾਵਰ ਵਿੱਚ 2014 ਵਿੱਚ ਇਕ ਸਕੂਲ ’ਤੇ ਹਮਲਾ ਕਰਨ ਵਾਲੇ ਅਤਿਵਾਦੀਆਂ ਨੂੰ ਭਾਰਤ ਦੀ ਹਮਾਇਤ ਹਾਸਲ ਸੀ। ਭਾਰਤ ਨੇ ਕੁਰੈਸ਼ੀ ਦੇ ਬਿਆਨ ਨੂੰ ‘ਬੇਤੁਕਾ ਦੋਸ਼’ ਕਰਾਰ ਦਿੰਦਿਆਂ ਕਿਹਾ ਕਿ ਇਹ ਬਿਆਨ ਇਸ ਹਮਲੇ ਵਿੱਚ ਮਾਰੇ ਗਏ ਬੱਚਿਆਂ ਦੀਆਂ ਯਾਦਾਂ ਨੂੰ ਬੇਇਜ਼ਤ ਕਰਨਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਰਾਜਦੂਤ ਈਨਮ ਗੰਭੀਰ ਨੇ ਭਾਰਤ ਦੇ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕੁਰੈਸ਼ੀ ਵੱਲੋਂ ਕੱਲ੍ਹ ਰਾਤ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਸੰਬੋਧਨ ਦੌਰਾਨ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ, ‘‘ ਚਾਰ ਸਾਲ ਪਹਿਲਾਂ ਪਿਸ਼ਾਵਰ ਦੇ ਇਕ ਸਕੂਲ ’ਤੇ ਹੋਏ ਹਮਲੇ ਦੇ ਸਬੰਧ ਵਿੱਚ ਲਗਾਇਆ ਦੋਸ਼ ਬੇਤੁਕਾ ਤੇ ਗੰਭੀਰ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਨਵੀਂ ਪਾਕਿਸਤਾਨ ਸਰਕਾਰ ਨੂੰ ਚੇਤੇ ਕਰਾਇਆ ਕਿ 2014 ਵਿੱਚ ਸਕੂਲੀ ਬੱਚਿਆਂ ’ਤੇ ਹੋਏ ਹਮਲੇ ਤੋਂ ਭਾਰਤ ਨੂੰ ਬਹੁਤ ਦੁੱਖ ਪਹੁੰਚਿਆ ਸੀ। ਉਨ੍ਹਾਂ ਕਿਹਾ ਭਾਰਤੀ ਸੰਸਦ ਦੇ ਦੋਵੇਂ ਸਦਨਾਂ ਵਿੱਚ ਸ਼ੋਕ ਮਨਾਇਆ ਗਿਆ ਸੀ। ਉਨ੍ਹਾਂ ਕਿਹਾ, ‘‘ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਭਾਰਤ ਦੇ ਸਾਰੇ ਸਕੂਲਾਂ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ ਸੀ।’’ ਕੁਰੈਸ਼ੀ ਵੱਲੋਂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ’ਤੇ ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪੂਰਾ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਅਗਾਂਹ ਵੀ ਰਹੇਗਾ। ਭਾਰਤ ਨੇ ਪਾਕਿਸਤਾਨ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਕੁਰੈਸ਼ੀ ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੀਟਿੰਗ ਨੂੰ ਭਾਰਤ ਨੇ ‘ਫਿਲਮੀ ਆਧਾਰ’ ’ਤੇ ਰੱਦ ਕੀਤਾ ਸੀ।

 

 

fbbg-image

Latest News
Magazine Archive