ਵਾਦੀ ’ਚ ਵੱਖ ਵੱਖ ਮੁਕਾਬਲਿਆਂ ਦੌਰਾਨ ਤਿੰਨ ਅਤਿਵਾਦੀ ਹਲਾਕ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਅਤਿਵਾਦੀ ਮਾਰੇ ਗਏ ਅਤੇ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਹ ਜਾਣਕਾਰੀ ਫੌਜ ਦੇ ਸੂਤਰਾਂ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਅਤਿਵਾਦੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਦੀਆਂ ਹੱਤਿਆਵਾਂ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ।
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕਾਜੀਗੁੰਡ ਇਲਾਕੇ ਵਿੱਚ ਅਤਿਵਾਦੀ ਦਾ ਪਤਾ ਲੱਗਣ ਉੱਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਆਰੰਭੀ ਹੋਈ ਸੀ। ਤਲਾਸ਼ੀ ਮੁਹਿੰਮ ਦੌਰਾਨ ਉਦੋਂ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀ ਚਲਾ ਦਿੱਤੀ, ਇਸ ਦੌਰਾਨ ਇੱਕ ਅਤਿਵਾਦੀ ਮਾਰਿਆ ਗਿਆ ਅਤੇ ਇੱਕ ਸਿਪਾਹੀ ਵੀ ਸ਼ਹੀਦ ਹੋ ਗਿਆ। ਬਡਗਾਮ ਜ਼ਿਲ੍ਹੇ ਦੇ ਵਿੱਚ ਪੰਜ਼ਾਨ ਇਲਾਕੇ ਵਿੱਚ ਹੋਏ ਇੱਕ ਹੋਰ ਮੁਕਾਬਲੇ ਦੋ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਅਤਿਵਾਦੀਆਂ ਦਾ ਸਬੰਧ ਕਿਸ ਜਥੇਬੰਦੀ ਨਾਲ ਸੀ। ਇੱਥੋਂ ਦੇ ਨੂਰਬਾਗ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਆਰੰਭੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਸਿਵਲੀਅਨ ਗੋਲੀ ਲੱਗਣ ਨਾਲ ਹਲਾਕ ਹੋ ਗਿਆ। ਸਰਕਾਰੀ ਅਧਿਕਾਰੀਆਂ ਅਨੁਸਾਰ ਅਤਿਵਾਦੀਆਂ ਬਾਰੇ ਸੂਹ ਮਿਲਣ ਉੱਤੇ ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਸੀ। ਇਸ ਦੌਰਾਨ ਕੁੱਝ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਬਾਅਦ ਵਿੱਚ ਇੱਕ ਸਿਵਲੀਅਨ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਮੁਹੰਮਦ ਸਲੀਮ ਵਜੋਂ ਹੋਈ। ਇਹ ਪਤਾ ਨਹੀਂ ਲੱਗ ਸਕਿਆ ਕਿ ਸਲੀਮ ਅਤਿਵਾਦੀਆਂ ਦੀ ਗੋਲੀ ਨਾਲ ਜਾਂ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਕਾਰਨ ਮਾਰਿਆ ਗਿਆ ਹੈ। ਇਸ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।
ਪਿੰਡ ਰਾਮਨਗਰ ਦਾ ਫੌਜੀ ਜਵਾਨ ਕਸ਼ਮੀਰ ’ਚ ਸ਼ਹੀਦ
ਮੌੜ ਮੰਡੀ - 14 ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਪਿਛਲੇ ਪੰਜ ਸਾਲਾਂ ਤੋ ਸ੍ਰੀਨਗਰ ਵਿੱਚ ਸੇਵਾ ਨਿਭਾਅ ਰਿਹਾ ਇਥੋਂ ਨੇੜਲੇ ਪਿੰਡ ਰਾਮਨਗਰ ਦ ਫੌਜੀ ਜਵਾਨ ਹੈਪੀ ਸਿੰਘ ਪੁੱਤਰ ਦੇਵਰਾਜ ਸਿੰਘ ਵੀਰਵਾਰ ਨੂੰ ਸਵੇਰੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ। ਉਹ ਪੰਜ ਸਾਲ ਪਹਿਲਾਂ ਭਰਤੀ ਹੋਇਆ ਸੀ। ਅੱਜ ਸਵੇਰੇ ਸ਼ਹੀਦ ਜਵਾਨ ਦੇ ਮੋਬਾਈਲ ਫੋਨ ਤੋਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੂੰ ਇਸ ਸਬੰਧੀ ਸਾਥੀ ਜਵਾਨਾਂ ਵੱਲੋ ਫੋਨ ਕਰਕੇ ਜਾਣਕਾਰੀ ਦਿੱਤੀ ਗਈ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਪਿਤਾ ਦੇਵ ਰਾਜ ਸਿੰਘ ਭਰਾ ਗੁਰਦਿੱਤ ਸਿੰਘ ਨੂੰ ਛੱਡ ਗਿਆ ਹੈ। ਜਵਾਨ ਦਾ ਦੂਜਾ ਭਰਾ ਬਲਜੀਤ ਸਿੰਘ ਵੀ 11 ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਸੇਵਾ ਨਿਭਾਅ ਰਿਹਾ ਹੈ।

 

 

fbbg-image

Latest News
Magazine Archive