ਰਾਫਾਲ ਕਰਾਰ ਬਾਰੇ ਹੋਰ ਤੱਥ ਜਲਦੀ ਆਉਣਗੇ ਬਾਹਰ: ਰਾਹੁਲ


ਅਮੇਠੀ (ਯੂਪੀ) - ਫਰਾਂਸ ਨਾਲ ਰਾਫ਼ਾਲ ਲੜਾਕੂ ਜਹਾਜ਼ਾਂ ਦੇ ਕਰਾਰ ਨੂੰ ਲੈ ਕੇ ਮੋਦੀ ਸਰਕਾਰ ’ਤੇ ਹੱਲੇ ਜਾਰੀ ਰੱਖਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਕਰਾਰ ਬਾਰੇ ਹੋਰ ਤੱਥ ਜਲਦੀ ਹੀ ਬਾਹਰ ਆਉਣਗੇ। ਇਥੇ ਆਪਣੇ ਸੰਸਦੀ ਹਲਕੇ ਦੀ ਫੇਰੀ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਰਾਫ਼ਾਲ ਕਰਾਰ ਸਬੰਧਤ ਠੇਕਾ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਦੀ ਥਾਂ ਰਿਲਾਇੰਸ ਗਰੁੱਪ ਦੀ ਝੋਲੀ ਪੈਣ ਨਾਲ ਉਨ੍ਹਾਂ ਹੱਥੋਂ ਰੁਜ਼ਗਾਰ ਦੇ ਮੌਕੇ ਖੁੰਝ ਜਾਣਗੇ। ਸੰਸਦੀ ਹਲਕੇ ਦੀ ਦੋ ਰੋਜ਼ਾ ਫੇਰੀ ਦੇ ਆਖਰੀ ਦਿਨ ਰਾਹੁਲ ਨੇ ਕਿਹਾ, ‘ਇਹ ਤਾਂ ਅਜੇ ਸ਼ੁਰੂਆਤ ਹੈ, ਜਲਦੀ ਹੀ ਰਾਫ਼ਾਲ ਕਰਾਰ ਤੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਮੁਲਕ ’ਚੋਂ ਭਜਾਉਣ ਵਾਲੇ ਲੋਕਾਂ ਬਾਰੇ ਹੋਰ ਤੱਥ ਸਾਹਮਣੇ ਆਉਣਗੇ। ਸੱਚ ਤੁਹਾਡੇ ਸਾਹਮਣੇ ਹੋਵੇਗਾ ਤੇ ਤੁਸੀਂ ਫ਼ੈਸਲਾ ਕਰ ਸਕੋਗੇ।’ ਰਾਹੁਲ ਨੇ ਆਪਣੇ ਸੰਸਦੀ ਹਲਕੇ ਦੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਐਚਏਐਲ ਦਾ ਯੂਨਿਟ ਅਮੇਠੀ ਜ਼ਿਲ੍ਹੇ ਵਿੱਚ ਸੀ। ਪਾਰਟੀ ਪ੍ਰਧਾਨ ਨੇ ਦੁਹਰਾਇਆ ਕਿ ਰਾਫ਼ਾਲ ਕਰਾਰ ਲਈ ਸਰਕਾਰੀ ਮਾਲਕੀ ਵਾਲੇ ਐੱਚਏਐਲ ਦੀ ਥਾਂ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੂੰ ਗਲਤ ਤਰੀਕੇ ਨਾਲ ਮੁਕਾਮੀ ਭਾਈਵਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘ਨੌਜਵਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰੁਜ਼ਗਾਰ ਦਾ ਮੌਕਾ ਐੱਚਏਐੱਲ ਕੋਲੋਂ ਹੀ ਨਹੀਂ ਬਲਕਿ ਤੁਹਾਡੇ ਸਾਰਿਆਂ ਕੋਲੋਂ ਵੀ ਖੋਹਿਆ ਗਿਆ ਹੈ।’ ਉਨ੍ਹਾਂ ਕਿਹਾ ਕਿ ਐੱਚਏਐੱਲ ਪਿਛਲੇ ਸੱਤ ਦਹਾਕਿਆਂ ਤੋਂ ਐਮਆਈਜੀ, ਸੁਖੋਈ ਤੇ ਜੈਗੂਆਰ ਜਿਹੇ ਲੜਾਕੂ ਜਹਾਜ਼ ਬਣਾ ਰਹੀ ਹੈ ਜਦੋਂਕਿ ਅਨਿਲ ਅੰਬਾਨੀ ਨੇ ਆਪਣੀ ਸਾਰੀ ਜ਼ਿੰਦਗੀ ’ਚ ਇਕ ਜਹਾਜ਼ ਨਹੀਂ ਬਣਾਇਆ।’
ਭਾਜਪਾ ਵੱਲੋਂ ਕਾਂਗਰਸ ’ਤੇ ਮੋੜਵਾਂ ਵਾਰ
ਨਵੀਂ ਦਿੱਲੀ - ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਨੇ ਅੱਜ ਕਾਂਗਰਸ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫ਼ਾਲ ਕਰਾਰ ਨੂੰ ਰੱਦ ਕਰਨ ਦੀ ਰੱਟ ਇਸ ਲਈ ਲਾ ਰਹੇ ਹਨ ਕਿਉਂਕਿ ਉਹ ਆਪਣੇ ਜੀਜੇ ਰਾਬਰਟ ਵਾਡਰਾ ਦੀ ਫਰਮ ਨੂੰ ਲਾਹਾ ਪਹੁੰਚਾਉਣਾ ਚਾਹੁੰਦੇ ਹਨ। ਆਪਣੇ ਇਸ ਦਾਅਵੇ ਨੂੰ ਸਾਬਤ ਕਰਨ ਲਈ ਭਾਜਪਾ ਨੇ ਇੱਕ ਡਿਫੈਂਸ ਡੀਲਰ ਵੱਲੋਂ ਵਾਡਰਾ ਨੂੰ ਦਿੱਤੀ ਕਥਿਤ ਵੱਢੀ, ਜਿਸ ਵਿੱਚ ਲੰਡਨ ’ਚ ਦਿੱਤਾ ਇਕ ਫਲੈਟ ਵੀ ਸ਼ਾਮਲ ਸੀ, ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਸ੍ਰੀ ਪਾਤਰਾ ਨੇ ਵਾਡਰਾ ਨਾਲ ਸਬੰਧਤ ਇਨ੍ਹਾਂ ਦੋਸ਼ਾਂ ਬਾਰੇ ਰਾਹੁਲ ਨੂੰ ਜਵਾਬ ਦੇਣ ਦੀ ਚੁਣੌਤੀ ਦਿੱਤੀ।

 

 

fbbg-image

Latest News
Magazine Archive