ਵਿਜੈ ਮਾਲਿਆ ਦੇ ਮਾਮਲੇ ’ਚ ਕਾਂਗਰਸ ਤੇ ਭਾਜਪਾ ’ਚ ਛਿੜੀ ਸ਼ਬਦੀ ਜੰਗ


ਨਵੀਂ ਦਿੱਲੀ - ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਮਾਮਲੇ ’ਚ ਕਾਂਗਰਸ ਅਤੇ ਭਾਜਪਾ ਦੇ ਸਿੰਙ ਫਸ ਗਏ ਹਨ। ਦੋਵਾਂ ਪਾਰਟੀਆਂ ਵਿਚਕਾਰ ਤਿੱਖੀ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਾਲਿਆ ਵੱਲੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਬਿਆਨ ਬਾਅਦ ਕੇਂਦਰੀ ਮੰਤਰੀ ਤੋਂ ਅਸਤੀਫ਼ਾ ਮੰਗ ਲਿਆ ਹੈ। ਇਸ ਤੋਂ ਬਾਅਦ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਾਂਗਰਸ ਉੱਤੇ ਮਾਲਿਆ ਦੀ ਹਵਾਬਾਜ਼ੀ ਕੰਪਨੀ ਕਿੰਗਫਿਸ਼ਰ ਨੂੰ ਨਿਯਮ ਛਿੱਕੇ ਟੰਗ ਕੇ ਕਰਜ਼ ਦੇਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਸ੍ਰੀ ਜੇਤਲੀ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ 2014 ਤੋਂ ਮਾਲਿਆ ਨੂੰ ਕਦੇ ਵੀ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਤੇ ਉਨ੍ਹਾਂ ਨੇ ਰਾਜ ਸਭਾ ਮੈਂਬਰ ਹੁੰਦਿਆਂ ਉਨ੍ਹਾਂ ਨੂੰ ਮਿਲਣ ਲਈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ। ਅਰਬਪਤੀ ਭਗੌੜੇ ਅਤੇ ਕਿੰਗਫਿਸ਼ਰ ਦੇ ਸਾਬਕਾ ਮਾਲਕ ਵਿਜੈ ਮਾਲਿਆ ਨੇ ਕੱਲ੍ਹ ਲੰਡਨ ਵਿੱਚ ਕਿਹਾ ਸੀ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ ਅਤੇ ਵਿਤੀ ਦੇਣਦਾਰੀਆਂ ਦੇ ਮਾਮਲੇ ਨਿਬੇੜਨ ਦੀ ਅਪੀਲ ਕੀਤੀ ਸੀ। ਇਸ ਬਿਆਨ ਨੂੰ ਵਿੱਤ ਮੰਤਰੀ ਨੇ ਝੂਠ ਕਹਿ ਕੇ ਰੱਦ ਕਰ ਦਿੱਤਾ ਹੈ। ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਦੇ ਲਈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਪੀ ਐੱਲ ਪੂਨੀਆ ਨੇ ਜੇਤਲੀ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ 1 ਮਾਰਚ 2016 ਨੂੰ ਬੈਠਿਆਂ ਦੇਖਿਆ ਸੀ ਤੇ ਉਨ੍ਹਾਂ ਦੇ ਹਾਵ-ਭਾਵ ਤੋਂ ਜਾਪਦਾ ਸੀ ਕਿ ਉਹ ਕੋਈ ਗੰਭੀਰ ਗੱਲਬਾਤ ਕਰ ਰਹੇ ਹਨ। ਸ੍ਰੀ ਪੂਨੀਆ ਨੇ ਕਿਹਾ ਕਿ ਤਿੰਨ ਮਾਰਚ ਨੂੰ ਉਨ੍ਹਾਂ ਖ਼ਬਰਾਂ ਵਿੱਚ ਸੁਣਿਆ ਕਿ ਮਾਲਿਆ ਦੋ ਮਾਰਚ ਨੂੰ ਦੇਸ਼ ਛੱਡ ਕੇ ਭੱਜ ਗਿਆ ਹੈ। ਉਨ੍ਹਾਂ ਆਪਣੇ ਦਾਅਵੇ ਨੂੰ ਮਜ਼ਬੂਤ ਕਰਦਿਆਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਸਕਦੀ ਹੈ, ਜੇ ਉਹ ਗਲਤ ਹੋਏ ਤਾਂ ਉਹ ਅਸਤੀਫ਼ਾ ਦੇ ਦੇਣਗੇ। ਰਾਹੁਲ ਨੇ ਜੇਤਲੀ ਉੱਤੇ ਹਮਲਾ ਤੇਜ਼ ਕਰਦਿਆਂ ਕਿਹਾ ਹੈ ਕਿ ਜੇਤਲੀ ਸੀਸੀਟੀਵੀ ਫੁਟੇਜ ਦੇਖ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਤਲੀ ਨੇ ਮਾਲਿਆ ਨੂੰ ਦੇਸ਼ ਵਿੱਚੋਂ ਬਚ ਨਿਕਲਣ ਲਈ ਰਸਤਾ ਦਿੱਤਾ ਹੈ।
ਦੂਜੇ ਪਾਸੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਯੂਪੀਏ ਸਰਕਾਰ ਵੱਲੋਂ ਕਿੰਗਫਿਸ਼ਰ ਏਅਰਲਾਈਨ ਨੂੰ ਦਿੱਤੇ ਕਰਜ਼ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ ਤਤਕਾਲੀ ਸਰਕਾਰ ਦਾ ਕਿੰਗਫਿਸ਼ਰ ਪ੍ਰਤੀ ਰਵਈਆ ਹਮੇਸ਼ਾਂ ਨਰਮਗੋਸ਼ਾ ਰਿਹਾ ਤੇ ਕਈ ਵਾਰ ਤਾਂ ਇਹ ਜਾਪਦਾ ਸੀ ਕਿ ਏਅਰਲਾਈਨ ਦੀ ਮਾਲਕ ਮਾਲਿਆ ਨਾ ਹੋ ਕੇ ਸੋਨੀਆ ਗਾਂਧੀ ਹੋਵੇ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ਦੱਸਣ ਕਿ ਉਨ੍ਹਾਂ ਦੇ ਪਰਿਵਾਰ ਤੇ ਮਾਲਿਆ ਵਿਚਕਾਰ ਕੀ ਸਬੰਧ ਹਨ।
 

 

Latest News
Magazine Archive