ਝਾੜੂ ਨਾਲ ਹੂੰਝੇ ਫੰਡਾਂ ਦੀ ਧੂੜ ਉੱਡੀ


ਨਵੀਂ ਦਿੱਲੀ - ਆਮ ਆਦਮੀ ਪਾਰਟੀ(ਆਪ) ਵੱਲੋਂ ਚੋਣ ਫੰਡਾਂ ਸਬੰਧੀ ਚੋਣ ਕਮਿਸ਼ਨ ਕੋਲ ਦਾਇਰ ਵੇਰਵਿਆਂ ਵਿੱਚ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ‘ਆਪ’ ਵਿਰੁੱਧ ਚੋਣ ਕਮਿਸ਼ਨ ਦੀਆਂ ਪਾਰਦਰਸ਼ਤਾ ਲਿਆਉਣ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਮੁੱਢਲੇ ਤੌਰ ਉੱਤੇ ਕੇਸ ਦਰਜ ਕਰਨ ਲਈ ਆਧਾਰ ਬਣਦਾ ਹੈ। ਇਸ ਸਬੰਧੀ ‘ਆਪ’ ਦੇ ਕੌਮੀ ਖਜ਼ਾਨਚੀ ਐੱਨ. ਡੀ. ਗੁਪਤਾ ਨੇ ਕਿਹਾ ਹੈ ਕਿ ‘ਸੀਬਡੀਟੀ’ ਵੱਲੋਂ ਬੁਨਿਆਦੀ ਅਕਾਊਂਟਿੰਗ ਪ੍ਰਥਾ ਦੀ ਮਾੜੀ ਵਿਆਖਿਆ ਕਾਰਨ ਇਹ ਨੋਟਿਸ ਜਾਰੀ ਹੋਇਆ ਹੈ।
ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਹਵਾਲਾ ਕਾਰੋਬਾਰੀਆਂ ਰਾਹੀਂ ਆਈਆਂ ਰਾਸ਼ੀਆਂ ਨੂੰ ਗਲਤ ਤਰੀਕੇ ਨਾਲ ਸਵੈਇਛੁਕ ਦਾਨੀਆਂ ਵਜੋਂ ਆਈਆਂ ਦਰਸਾਇਆ ਗਿਆ ਹੈ। ਇਹ ਐਂਟਰੀਆਂ ਕਰੀਬ ਦੋ ਕਰੋੜ ਰੁਪਏ ਦੀਆਂ ਬਣਦੀਆਂ ਹਨ। ਚੋਣ ਕਮਿਸ਼ਨ ਨੇ ਆਪ ਤੋਂ ਇਸ ਮਾਮਲੇ ਉੱਤੇ 20 ਦਿਨ ਦੇ ਵਿੱਚ ਜਵਾਬ ਮੰਗਿਆ ਹੈ। ਜਵਾਬ ਨਾ ਦੇਣ ਦੀ ਸੂਰਤ ਵਿੱਚ ਕਮਿਸ਼ਨ ਅਤੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਜ਼ (ਸੀਬੀਡੀਟੀ) ਕੋਲ ਮੌਜੂਦ ਜਾਣਕਾਰੀ ਦੇ ਗੁਣਦੋਸ਼ ਦੇ ਆਧਾਰ ਉੱਤੇ ਕੇਸ ਦਰਜ ਕਰਵਾਇਆ ਜਾ ਸਕਦਾ ਹੈ। ਆਪ ਨੂੰ ਦਿੱਲੀ ਵਿੱਚ ਸੂਬਾਈ ਪਾਰਟੀ ਵਜੋਂ ਮਾਨਤਾ ਹਾਸਲ ਹੈ। ਚੋਣ ਨਿਸ਼ਾਨਾਂ ਸਬੰਧੀ ਨਿਯਮ 16 (ਰਿਜ਼ਰਵੇਸ਼ਨ ਐਂਡ ਅਲਾਟਮੈਂਟ) ਹੁਕਮ ਚੋਣ ਕਮਿਸ਼ਨ ਨੂੰ ਪਾਰਟੀ ਦੀ ਮਾਨਤਾ ਰੱਦ ਕਰਨ ਜਾਂ ਮੁਅੱਤਲ ਕਰਨ ਦਾ ਅਧਿਕਾਰ ਦਿੰਦਾ ਹੈ। ਨੋਟਿਸ ਅਨੁਸਾਰ ਪਾਰਟੀ ਨੇ ਵਿਤੀ ਸਾਲ 2014-15 ਦੇ ਲਈ ਅਸਲ ਚੰਦਾ ਵਸੂਲੀ ਰਿਪੋਰਟ ਜਮ੍ਹਾਂ ਕਰਵਾਈ ਸੀ ਤੇ ਕਮਿਸ਼ਨ ਨੇ ਇਸ ਨੂੰ 30 ਸਤੰਬਰ 2015 ਨੂੰ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਨੇ 20 ਮਾਰਚ 2017 ਨੂੰ ਸੋਧੀ ਹੋਈ ਰਿਪੋਰਟ ਦਾਖ਼ਲ ਕਰ ਦਿੱਤੀ ਸੀ। ਅਸਲੀ ਰਿਪੋਰਟ ਦੇ ਵਿੱਚ ਕੁੱਲ 2696 ਦਾਨੀਆਂ ਦਾ ਜ਼ਿਕਰ ਹੈ, ਜਿਨ੍ਹਾਂ ਕੋਲੋਂ 37,45,44,618 ਰੁਪਏ ਚੰਦਾ ਆਇਆ ਦਿਖਾਇਆ ਗਿਆ ਹੈ। ਬਾਅਦ ਵਿੱਚ ਸੋਧੀ ਹੋਈ ਦਾਖਲ ਕੀਤੀ ਰਿਪੋਰਟ ਦੇ ਵਿੱਚ 37,60,62,631 ਰੁਪਏ 8264 ਦਾਨੀਆਂ ਕੋਲੋਂ ਆਏ ਦਿਖਾਏ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸੀਡੀਬੀਟੀ ਚੇਅਰਮੈਨ ਦਫ਼ਤਰ ਵੱਲੋਂ 2018 ਵਿੱਚ ਹਾਸਲ ਕੀਤੀ ਰਿਪੋਰਟ ਅਨੁਸਾਰ ਆਪ ਨੇ ਵਿਤੀ ਸਾਲ 2014-15 ਦੇ ਵਿੱਚ ਹਾਸਲ ਕੀਤੀ ਦਾਨ ਰਾਸ਼ੀ ਨੂੰ ਛੁਪਾਇਆ ਹੈ। ਜਾਰੀ ਨੋਟਿਸ ਅਨੁਸਾਰ ਆਪ ਦੇ ਖਾਤੇ ਵਿੱਚ ਕੁੱਲ 67.67 ਕਰੋੜ ਰੁਪਏ ਆਏ ਹਨ ਤੇ ਇਨ੍ਹਾਂ ਵਿੱਚ ਦਾਨ ਵਜੋਂ ਹਾਸਲ ਕੀਤੀ ਰਾਸ਼ੀ 64. 44 ਕਰੋੜ ਦੀ ਰਾਸ਼ੀ ਵੀ ਸ਼ਾਮਲ ਹੈ ਤੇ ਇਸ ਵਿੱਚ 20,001 ਦੀ ਰਾਸ਼ੀ ਵੱਧ ਬਣਦੀ ਹੈ। ਨੋਟਿਸ ਅਨੁਸਾਰ ਪਾਰਟੀ ਨੇ ਦਾਨ ਰਾਹੀਂ ਆਈ ਰਾਸ਼ੀ 54.15 ਕਰੋੜ ਰੁਪਏ ਦਰਸਾਈ ਹੈ।ਅਸੈਸਿੰਗ ਅਧਿਕਾਰੀ ਅਨੁਸਾਰ ਪਾਰਟੀ ਨੇ 13.16 ਕਰੋੜ ਰੁਪਏ ਦਾ ਹਿਸਾਬ ਨਹੀਂ ਦਿੱਤਾ ਤੇ ਇਹ ਰਾਸ਼ੀ ਨਾਮਲੂਮ ਸਰੋਤਾਂ ਤੋਂ ਆਈ ਕਰਾਰ ਦਿੱਤੀ ਗਈ ਹੈ। ਨੋਟਿਸ ਵਿੱਚ ਹਵਾਲਾ ਕਾਰੋਬਾਰੀਆਂ ਨਾਲ ਕਥਿਤ ਦੇਣ-ਲੈਣ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਨੇ ਹਵਾਲਾ ਜ਼ਰੀਏ 2 ਕਰੋੜ ਦੀਆਂ ਐਂਟਰੀਆਂ ਪਾਈਆਂ ਹਨ। ਸਵੈ-ਇੱਛਾ ਨਾਲ ਦਾਨ ਨੂੰ ਵੀ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ। ਕਮਿਸ਼ਨ ਨੇ ਸੀਬੀਡੀਟੀ ਦੀ ਰਿਪੋਰਟ ਦਾ ਜ਼ਿਕਰ ਵੀ ਕੀਤਾ ਕਿ ‘ਆਪ’ ਨੇ ਆਪਣੀ ਅਧਿਕਾਰਤ ਵੈੱਬਸਾਈਟ ‘’’ਤੇ ਕਥਿਤ ਗ਼ਲਤ ਖੁਲਾਸਾ ਕੀਤਾ ਹੈ ਤੇ ਲੋਕ ਨੁਮਾਇੰਦਾ ਐਕਟ ਦੀ ਧਾਰਾ 29 ਸੀ ਧਾਰਾ ਤਹਿਤ ਵੀ ਗਲਤ ਜਾਣਕਾਰੀ ਦਿੱਤੀ ਹੈ।

 

 

fbbg-image

Latest News
Magazine Archive