ਬਲਾਤਕਾਰ ਪੀੜਤਾ ਨੂੰ 90 ਲੱਖ ਰੁਪਏ ਦਾ

ਮੁਆਵਜ਼ਾ ਅਦਾ ਕਰਨ ਦਾ ਹੁਕਮ


ਫ਼ਰੀਦਕੋਟ - ਬਲਾਤਕਾਰ ਦੀ ਪੀੜਤ ਪੰਦਰ੍ਹਾਂ ਕੁ ਸਾਲ ਦੀ ਇਕ ਲੜਕੀ ਤੇ ਉਸ ਦੇ ਮਾਪਿਆਂ ਨੂੰ 90 ਲੱਖ ਰੁਪਏ ਦਾ ਮੁਆਵਜ਼ਾ ਦਿੰਦਿਆਂ, ਪੰਜਾਬ ਹਰਿਆਣਾ ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਨਿਸ਼ਾਨ ਸਿੰਘ ਤੇ ਉਸ ਦੀ ਮਾਂ ਨਵਜੋਤ ਕੌਰ ਦੀਆਂ ਸੰਪਤੀਆਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ।
ਜਸਟਿਸ ਏ ਬੀ ਚੌਧਰੀ ਤੇ ਜਸਟਿਸ ਇੰਦਰਜੀਤ ਸਿੰਘ ਦੇ ਬੈਂਚ ਨੇ ਇਹ ਫ਼ੈਸਲਾ ਦਿੰਦਿਆਂ ਕਿਹਾ ‘‘ ਅਸੀਂ ਹੈਰਾਨ ਹਾਂ ਕਿ ਕਿਵੇਂ ਨਿਸ਼ਾਨ ਸਿੰਘ ਦੇ ਧਨਾਢ ਤੇ ਜਾਗੀਰਦਾਰ ਪਰਿਵਾਰ ਤੇ ਉਸ ਦੀ ਮਾਂ ਦੇ ਹੁੜਦੰਗਪੁਣੇ ਨੇ ਦੋ ਧੀਆਂ ਵਾਲੇ ਇਕ ਮੱਧ-ਵਰਗੀ ਪਰਿਵਾਰ ਦੀ ਜ਼ਿੰਦਗੀ ਲੀਰੋ ਲੀਰ ਕਰ ਦਿੱਤੀ ।’’ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਦੋਸ਼ੀ ਦੀਆਂ ਸੰਪਤੀਆਂ ਵੇਚ ਕੇ ਉਸ ਤੋਂ ਹੋਣ ਵਾਲੀ ਕਮਾਈ ਜ਼ਰੀਏ ਪੀੜਤਾਂ ਨੂੰ 10 ਹਫ਼ਤਿਆਂ ਦੇ ਅੰਦਰ-ਅੰਦਰ 90 ਲੱਖ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਲੰਘੀ 31 ਅਗਸਤ ਨੂੰ ਦਿੱਤੇ ਅਦਾਲਤ ਦੇ ਇਸ ਫ਼ੈਸਲੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 24 ਸਤੰਬਰ 2012 ਨੂੰ ਪਿਸਤੌਲ, ਕਿਰਚਾਂ, ਰਾਡਾਂ ਤੇ ਕਿਰਪਾਨਾਂ ਨਾਲ ਲੈਸ ਨਿਸ਼ਾਨ ਸਿੰਘ ਆਪਣੇ ਕੁਝ ਸਾਥੀਆਂ ਸਹਿਤ ਦਿਨ-ਦਿਹਾੜੇ ਇਕ ਘਰ ਵਿੱਚ ਦਾਖ਼ਲ ਹੋਇਆ ਤੇ ਇਕ ਲੜਕੀ ਨੂੰ ਜਬਰੀ ਚੁੱਕ ਕੇ ਲੈ ਗਿਆ। ਜਦੋਂ ਲੜਕੀ ਦੀ ਮਾਂ ਤੇ ਭੈਣ ਨੇ ਉਨ੍ਹਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜ਼ੋਰਾਵਰਾਂ ਨੇ ਲੜਕੀ ਦੇ ਪਿਤਾ ਨੂੰ ਵਿਹੜੇ ਵਿੱਚ ਘੜੀਸਿਆ ਤੇ ਰਾਡਾਂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਬੁਰਛਾਗਰਦਾਂ ਨੇ ਲੜਕੀ ਨੂੰ ਫੋਰਡ ਆਈਕੋਨ ਕਾਰ ਵਿੱਚ ਸੁੱਟ ਲਿਆ ਤੇ ਗੋਲੀਆਂ ਦਾਗ਼ਦੇ ਹੋਏ ਲੈ ਗਏ ਤੇ ਇੰਜ ਇਕ ਨਾਬਾਲਗ ਲੜਕੀ ਤੇ ਉਸ ਦੇ ਪਰਿਵਾਰ ਦੀ ਅਜ਼ਮਤ ਤਹਿਸ ਨਹਿਸ ਕਰ ਦਿੱਤੀ ਗਈ। ਅਦਾਲਤ ਦੇ ਫ਼ੈਸਲੇ ਦੀ ਕਾਪੀ ਅੱਜ ਡੀਸੀ ਦਫ਼ਤਰ ਪੁੱਜ ਗਈ।
ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਨਿਸ਼ਾਨ ਸਿੰਘ, ਉਸ ਦੀ ਮਾਂ ਨਵਜੋਤ ਕੌਰ ਤੇ ਰਿਸ਼ਤੇਦਾਰ ਮਨਿੰਦਰਜੀਤ ਸਿੰਘ ਉਰਫ ਸਮਰਾ ਦੀ ਵਹਿਸ਼ਤ ਤੋਂ ਜ਼ਾਹਿਰ ਹੁੰਦਾ ਹੈ ਕਿ ਬਲਾਤਕਾਰ ਪੀੜਤ ਕਿਹੋ ਜਿਹੇ ਜ਼ਿਹਨੀ ਤੇ ਜਿਸਮਾਨੀ ਕਸ਼ਟ ’ਚੋਂ ਲੰਘੀ ਸੀ ਤੇ ਉਸ ਦੇ ਪਰਿਵਾਰ ਨੂੰ ਕਿੰਨਾ ਸੰਤਾਪ ਹੰਢਾਉਣਾ ਪਿਆ ਸੀ।
ਅਦਾਲਤ ਨੇ ਕਿਹਾ ਕਿ ਪੀੜਤ ਨੂੰ ਪਹਿਲਾਂ ਦਿੱਤਾ ਗਿਆ 20 ਲੱਖ ਰੁਪਏ ਦਾ ਮੁਆਵਜ਼ਾ ਨਾਕਾਫ਼ੀ ਹੈ ਜਿਸ ਕਰ ਕੇ 90 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਜਿਸ ਵਿੱਚ 50 ਲੱਖ ਰੁਪਏ ਪੀੜਤ ਲੜਕੀ ਨੂੰ ਤੇ 20-20 ਲੱਖ ਰੁਪਏ ਉਸ ਦੀ ਮਾਂ ਤੇ ਪਿਤਾ ਨੂੰ ਦਿੱਤੇ ਜਾਣਗੇ।
ਪਰਿਵਾਰ ਦੀ ਸੁਰੱਖਿਆ ਲਈ ਫ਼ਿਕਰਮੰਦ ਹੈ ਪੀੜਤਾ ਦਾ ਪਿਤਾ
ਬਲਾਤਕਾਰ ਦੇ ਫ਼ੌਜਦਾਰੀ ਕੇਸ ਵਿੱਚ 27 ਮਈ 2013 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਨਿਸ਼ਾਨ ਸਿੰਘ, ਉਸ ਦੀ ਮਾਂ ਤੇ ਉਨ੍ਹਾਂ ਦੇ 9 ਸਾਥੀ ਇਸ ਵੇਲੇ ਜੇਲ੍ਹ ਵਿੱਚ ਹਨ। ਪੀੜਤ ਲੜਕੀ ਦੇ ਪਿਤਾ ਅਸ਼ਵਨੀ ਕੁਮਾਰ ਸਚਦੇਵਾ ਨੇ ਕਿਹਾ ਕਿ ਨਿਸ਼ਾਨ ਸਿੰਘ ਦੇ ਅਪਰਾਧਿਕ ਪਿਛੋਕੜ ਤੇ ਗੈਂਗਸਟਰਾਂ ਨਾਲ ਸਬੰਧਾਂ ਕਰ ਕੇ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕਰ ਸਕਦੇ।

 

 

fbbg-image

Latest News
Magazine Archive