ਤਿਲੰਗਾਨਾ ਵਿੱਚ ਬੱਸ ਹਾਦਸਾ; 57 ਮੌਤਾਂ


ਹੈਦਰਾਬਾਦ - ਤਿਲੰਗਾਨਾ ਵਿੱਚ ਵਾਪਰੇ ਬੱਸ ਹਾਦਸੇ ਵਿੱਚ ਘੱਟੋ ਘੱਟ 57 ਵਿਅਕਤੀਆਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਹਨ। ਇਨ੍ਹਾਂ ਤੋਂ ਇਲਾਵਾ 30 ਮੁਸਾਫ਼ਿਰ ਜ਼ਖ਼ਮੀ ਵੀ ਹੋਏ ਹਨ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੈਦਰਾਬਾਦ ਤੋਂ ਕਰੀਬ ਦੋ ਸੌ ਕਿਲੋਮੀਟਰ ਦੂਰ ਤਿਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜਗਤਿਆਲ ਜ਼ਿਲ੍ਹੇ ਦੇ ਵਿੱਚ ਸ਼ਨੀਵਾਰਾਪੇਟ ਪਿੰਡ ਨੇੜੇ ਉਦੋਂ ਡੂੰਘੀ ਖਾਈ ਵਿੱਚ ਡਿੱਗ ਗਈ ਜਦੋਂ ਸੜਕੇ ਉੱਤੇ ਇੱਕ ਸਪੀਡ ਕੰਟਰੋਲਰ ਨੂੰ ਪਾਰ ਕਰਦਿਆਂ ਡਰਾਈਵਰ ਬੱਸ ਤੋਂ ਕੰਟਰੋਲ ਗਵਾ ਬੈਠਾ। ਹਾਦਸੇ ਮੌਕੇ ਹਾਜ਼ਰ ਲੋਕਾਂ ਅਨੁਸਾਰ ਹਾਦਸਾ ਕਰੀਬ 11:30 ਵਜੇ ਸਵੇਰੇ ਵਾਪਰਿਆ। ਬੱਸ ਕੋਂਡਾਗੱਟੂ ਤੋਂ ਜਗਤਿਆਲ ਜਾ ਰਹੀ ਸੀ। ਤਿਲੰਗਾਨਾ ਦੇ ਕਾਰਜਕਾਰੀ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ
ਨੂੰ ਪੰਜ ਪੰਜ ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।
ਮੁੱਢਲੀ ਜਾਂਚ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਸ ਵਿੱਚ 60 ਤੋਂ 65 ਤੱਕ ਸਵਾਰੀਆਂ ਸਨ ਜਦੋਂ ਕਿ ਸਮਰੱਥਾ ਸਿਰਫ਼ 54 ਸਵਾਰੀਆਂ ਦੀ ਸੀ। ਜਗਤਿਆਲ ਦੀ ਡੀਐੱਸਪੀ ਸਿੰਧੂ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਬਹੁਤੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਮਿ੍ਤਕਾਂ ਵਿੱਚ ਬੱਸ ਦਾ ਡਰਾਈਵਰ ਸ੍ਰੀਨਿਵਾਸ (51) ਵੀ ਸ਼ਾਮਲ ਹੈ। ਤਿਲੰਗਾਨਾ ਕਾਂਗਰਸ ਦੇ ਪ੍ਰਧਾਨ ਐੱਨ ਉੱਤਮ ਕੁਮਾਰ ਰੈਡੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਦਸ-ਦਸ ਲੱਖ ਰੁਪਏ ਦੀ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।

 

 

fbbg-image

Latest News
Magazine Archive