ਅਰਪਿੰਦਰ ਸਿੰਘ ਨੇ ਸਿਰਜਿਆ ਇਤਿਹਾਸ


ਓਸਟ੍ਰਾਵਾ (ਚੈੱਕ ਗਣਰਾਜ) - ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਆਈਏਏਐਫ ਕਾਂਟੀਨੈਂਟਲ ਕੱਪ ਵਿੱਚ ਅੱਜ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ, ਪਰ ਜੈਵਲਿਨ ਥਰੋਅ ਦਾ ਸਟਾਰ ਅਥਲੀਟ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਛੇਵੇਂ ਸਥਾਨ ’ਤੇ ਰਿਹਾ। ਅਰਪਿੰਦਰ ਇਸ ਟੂਰਨਾਮੈਂਟ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਅਰਪਿੰਦਰ ਨੇ ਆਪਣੇ ਪਹਿਲੇ ਯਤਨ ਵਿੱਚ 16.59 ਮੀਟਰ ਛਾਲ ਮਾਰੀ। ਇਸ ਮਗਰੋਂ ਅਗਲੇ ਦੋ ਯਤਨਾਂ ਵਿੱਚ ਉਹ 16.33 ਮੀਟਰ ਹੀ ਛਾਲ ਮਾਰ ਸਕਿਆ ਅਤੇ ਇਸ ਤਰ੍ਹਾਂ ਉਹ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ। 25 ਸਾਲਾ ਅਰਪਿੰਦਰ ਸਾਲ ਵਿੱਚ ਇੱਕ ਵਾਰ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਪੈਸੇਫਿਕ ਟੀਮ ਦਾ ਪ੍ਰਤੀਨਿਧਤਵ ਕਰ ਰਿਹਾ ਸੀ। ਉਸ ਨੇ ਜਕਾਰਤਾ ਵਿੱਚ 16.77 ਮੀਟਰ ਛਾਲ ਮਾਰੀ ਸੀ, ਜਦਕਿ ਉਸ ਦਾ ਸਰਵੋਤਮ ਪ੍ਰਦਰਸ਼ਨ 17.17 ਮੀਟਰ ਹੈ, ਜੋ ਉਸ ਨੇ 2014 ਵਿੱਚ ਕੀਤਾ ਸੀ। ਕੋਈ ਵੀ ਭਾਰਤੀ ਹੁਣ ਤੱਕ ਕਾਂਟੀਨੈਂਟਲ ਕੱਪ ਵਿੱਚ ਤਗ਼ਮਾ ਨਹੀਂ ਜਿੱਤ ਸਕਿਆ ਸੀ, ਜਿਸ ਨੂੰ 2010 ਤੋਂ ਪਹਿਲਾਂ ਆਈਏਏਐਫ ਵਿਸ਼ਵ ਕੱਪ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਅਮਰੀਕਾ ਦੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਕ੍ਰਿਸਟੀਅਨ ਟੇਲਰ ਨੇ 17.59 ਮੀਟਰ ਛਾਲ ਮਾਰ ਕੇ ਸੋਨਾ ਅਤੇ ਬੁਰਕਿਨ ਫਾਸੇ ਦੇ ਹਿਊਜ਼ ਫੈਬਰਾਈਸ ਜਾਂਗੋ ਨੇ 17.02 ਨਾਲ ਚਾਂਦੀ ਜਿੱਤੀ।
ਦੂਜੇ ਪਾਸੇ, ਜੈਵਲਿਨ ਥਰੋਅ ਵਿੱਚ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਨੀਰਜ ਚੋਪੜਾ ਅੱਠ ਖਿਡਾਰੀਆਂ ਵਿਚਾਲੇ 80.24 ਮੀਟਰ ਤੋਂ ਸ਼ੁਰੂਆਤ ਕੀਤੀ ਅਤੇ ਦੂਜੇ ਯਤਨ ਵਿੱਚ 79.76 ਮੀਟਰ ਹੀ ਥਰੋਅ ਕਰ ਸਕਿਆ। ਇਹ ਇਸ ਸੈਸ਼ਨ ਵਿੱਚ ਚੋਪੜਾ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ ਹੈ। ਮੌਜੂਦਾ ਓਲੰਪਿਕ ਚੈਂਪੀਅਨ ਜਰਮਨੀ ਦੇ ਥੌਮਸ ਰੋਹਲਰ ਨੇ ਸੋਨ ਤਗ਼ਮਾ ਜਿੱਤਿਆ।

 

 

fbbg-image

Latest News
Magazine Archive