ਮੰਤਰੀ ਸਮੂਹ ਵੱਲੋਂ ਹਜੂਮੀ ਹੱਤਿਆਵਾਂ ਰੋਕਣ ਬਾਰੇ ਚਰਚਾ


ਨਵੀਂ ਦਿੱਲੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੇ ਇਕ ਮੰਤਰੀ ਸਮੂਹ ਨੇ ਅੱਜ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਰੋਕਣ ਲਈ ਇਕ ਕਮੇਟੀ ਵੱਲੋਂ ਦਿੱਤੇ ਸੁਝਾਵਾਂ ’ਤੇ ਵਿਚਾਰ ਚਰਚਾ ਕੀਤੀ।
ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਅਗਵਾਈ ਹੇਠਲੀ ਸਕੱਤਰਾਂ ਦੀ ਕਮੇਟੀ ਵੱਲੋਂ ਕੀਤੀਆਂ ਪ੍ਰਮੁੱਖ ਸਿਫ਼ਾਰਸ਼ਾਂ ਵਿੱਚ ਇਕ ਇਹ ਹੈ ਕਿ ਇਸ ਦਾ ਜ਼ਿੰਮਾ ਦੇਸ਼ ਵਿਚਲੇ ਸੋਸ਼ਲ ਮੀਡੀਆ ਪਲੈਟਫਾਰਮ ਸਾਈਟਾਂ ਦੇ ਮੁਖੀ ਸਿਰ ਪਾਇਆ ਜਾਵੇ।
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਸਮੂਹ ਦੀ ਇਹ ਪਹਿਲੀ ਮੀਟਿੰਗ ਹੈ ਤੇ ਮੰਤਰੀਆਂ ਨੂੰ ਕਮੇਟੀ ਦੀਆਂ ਸਿਫਾਰਸ਼ਾਂ ਬਾਰੇ ਜਾਣੂ ਕਰਾਇਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਕਮੇਟੀ ਨੇ ਪਾਰਲੀਮਾਨੀ ਪ੍ਰਵਾਨਗੀ ਰਾਹੀਂ ਆਈਪੀਸੀ ਤੇ ਸੀਆਰਪੀਸੀ ਵਿੱਚ ਕੁਝ ਮੱਦਾਂ ਜੋੜ ਕੇ ਕਾਨੂੰਨ ਨੂੰ ਸਖ਼ਤ ਬਣਾਉਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਫ਼ਾਰਸ਼ਾਂ ਨੂੰ ਅੰਤਮ ਰੂਪ ਦੇਣ ਲਈ ਮੰਤਰੀ ਸਮੂਹ ਦੀਆਂ ਆਉਂਦੇ ਹਫ਼ਤਿਆਂ ਵਿੱਚ ਕੁਝ ਹੋਰ ਮੀਟਿੰਗਾਂ ਹੋਣ ਦੇ ਆਸਾਰ ਹਨ ਅਤੇ ਅੰਤ ਨੂੰ ਪ੍ਰਧਾਨ ਮੰਤਰੀ ਦੇ ਪੱਧਰ ’ਤੇ ਫੈਸਲਾ ਕੀਤਾ ਜਾਵੇਗਾ। ਮੰਤਰੀ ਸਮੂਹ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਤੇ ਸਮਾਜਕ ਨਿਆਂ ਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਸ਼ਾਮਲ ਹਨ। ਪਿਛਲੇ ਇਕ ਸਾਲ ਦੌਰਾਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਭੀੜ ਵੱਲੋਂ ਹਮਲਾ ਕਰ ਕੇ ਹਜੂਮੀ ਹਿੰਸਾ (ਲਿੰਚਿੰਗ) ਦੀਆਂ ਕਰੀਬ 40 ਵਾਰਦਾਤਾਂ ਹੋ ਚੁੱਕੀਆਂ ਹਨ।

 

 

fbbg-image

Latest News
Magazine Archive