ਬਾਂਦੀਪੁਰਾ ਮੁਕਾਬਲੇ ਵਿੱਚ ਦੋ ਪਾਕਿ ਅਤਿਵਾਦੀ ਹਲਾਕ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ ਤੋਇਬਾ ਦੇ ਦੋ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਇਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਹਾਜਿਨ ਇਲਾਕੇ ਵਿੱਚ ਕੁਝ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ ਤੋਂ ਬਾਅਦ ਉਥੇ ਘੇਰਾਬੰਦੀ ਕਰ ਕੇ ਤਲਾਸ਼ੀਆਂ ਲਈਆਂ ਜਾ ਰਹੀਆਂ ਸਨ। ਇਸ ਦੌਰਾਨ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਫ਼ਸਰ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ ਦੋ ਅਤਿਵਾਦੀ ਹਲਾਕ ਹੋ ਗਏ ਜਿਨ੍ਹਾਂ ਦੀ ਪਛਾਣ ਪਾਕਿਸਤਾਨ ਵਾਸੀ ਰਿਜ਼ਵਾਨ ਉਰਫ਼ ਜਿੰਦਾਲ ਅਤੇ ਅਲੀ ਉਰਫ਼ ਮਾਜ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀਆਂ ਅਜੇ ਜਾਰੀ ਸਨ।
ਵਾਦੀ ਵਿੱਚ ਹੜਤਾਲ ਕਾਰਨ ਜਨਜੀਵਨ ਠੱਪ: ਵੱਖਵਾਦੀਆਂ ਵੱਲੋਂ ਸੰਵਿਧਾਨ ਦੀ ਧਾਰਾ 35ਏ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੇ ਜਾਣ ਦੇ ਖ਼ਿਲਾਫ਼ ਅੱਜ ਕਸ਼ਮੀਰ ਵਾਦੀ ਵਿੱਚ ਦੋ ਰੋਜ਼ਾ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਾਂ, ਕਾਰੋਬਾਰੀ ਤੇ ਵਿਦਿਅਕ ਅਦਾਰੇ ਬੰਦ ਰਹੇ ਜਦਕਿ ਸੜਕਾਂ ’ਤੇ ਗੱਡੀਆਂ ਦੀ ਆਵਾਜਾਈ ਵੀ ਨਾਂਮਾਤਰ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਅਮਨ ਕਾਨੂੰਨ ਕਾਇਮ ਰੱਖਣ ਲਈ ਸ਼ਹਿਰ ਦੀਆਂ ਨਾਜ਼ੁਕ ਥਾਵਾਂ ਅਤੇ ਹੋਰਨੀ ਥਾਈਂ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ।

 

 

fbbg-image

Latest News
Magazine Archive