ਰਿਪੋਰਟ ’ਤੇ ਬਹਿਸ ਦਾ ਅਕਾਲੀ-ਭਾਜਪਾ ਗੱਠਜੋੜ ਵੱਲੋਂ ਬਾਈਕਾਟ


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ’ਤੇ ਅੱਜ ਵਿਧਾਨ ਸਭਾ ਵਿੱਚ ਹੋਈ ਬਹਿਸ ਦਾ ਬਾਈਕਾਟ ਕਰ ਕੇ ਸਦਨ ਦੇ ਬਾਹਰ ਆਪਣਾ ‘ਮੌਕ ਸੈਸ਼ਨ’ ਚਲਾਇਆ। ਅਕਾਲੀ-ਭਾਜਪਾ ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਬਹਿਸ ’ਤੇ ਬੋਲਣ ਲਈ ਅਲਾਟ ਕੀਤੇ 14 ਮਿੰਟ ਦੇ ਸਮੇਂ ਨੂੰ ਘੱਟ ਕਰਾਰ ਦਿੰਦਿਆਂ ਸਦਨ ਵਿੱਚ ਹੰਗਾਮਾ ਕੀਤਾ, ਜਿਸ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ।
ਸਪੀਕਰ ਵੱਲੋਂ ਅਕਾਲੀ ਵਿਧਾਇਕਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ। ਸਦਨ ਦੇ ਮੁੜ ਜੁੜਨ ’ਤੇ ਅਕਾਲੀ-ਭਾਜਪਾ ਵਿਧਾਇਕ ਸਦਨ ਵਿੱਚ ਨਹੀਂ ਆਏ ਤੇ ਬਾਹਰ ਆਪਣਾ ਮੌਕ ਸੈਸ਼ਨ ਚਲਾ ਲਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਵਿੱਚ ਮਤਾ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚਲਦੇ ਸੈਸ਼ਨ ਨੂੰ ਸੰਸਦੀ ਪ੍ਰਣਾਲੀ ਅਤੇ ਮਰਿਆਦਾ ਦੇ ਖਿਲਾਫ਼ ਦੱਸਦਿਆਂ ਨਿੰਦਾ ਕਰਨ ਦੀ ਮੰਗ ਕੀਤੀ ਅਤੇ ਸਦਨ ਨੇ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅੱਜ ਅਕਾਲੀ-ਭਾਜਪਾ ਨੂੰ ਬੋਲਣ ਦਾ ਲੋਕਤੰਤਰੀ ਅਧਿਕਾਰ ਦੇਣ ਤੋਂ ਇਨਕਾਰ ਕਰ ਦਿੱਤਾ, ਜੋ ਜਮਹੂਰੀਅਤ ਦਾ ਕਤਲ ਹੈ। ਉਨ੍ਹਾਂ ਕਿਹਾ, ‘‘ਅਕਾਲੀ-ਭਾਜਪਾ ਨੇ ਸੈਸ਼ਨ ਦਾ ਬਾਈਕਾਟ ਨਹੀਂ ਕੀਤਾ, ਸਗੋਂ ਸਪੀਕਰ ਨੇ ਸਾਨੂੰ ਆਪਣਾ ਕੇਸ ਪੇਸ਼ ਕਰਨ ਲਈ ਸਿਰਫ 14 ਮਿੰਟਾਂ ਦੇ ਸਮਾਂ ਦੇ ਕੇ ਸਾਡਾ ਮੂੰਹ ਬੰਦ ਕਰ ਦਿੱਤਾ।’’ ਉਨ੍ਹਾਂ ਕਿਹਾ, ‘‘ਅਸੀਂ ਕਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਕਰਨੀ ਚਾਹੁੰਦੇ ਸਾਂ ਪਰ ਸਪੀਕਰ ਨੇ ਜਾਣਬੁੱਝ ਕੇ ਤਾਨਾਸ਼ਾਹ ਰਵੱਈਆ ਅਪਣਾਇਆ।’’ ਸ੍ਰੀ ਬਾਦਲ ਨੇ ਦਾਅਵਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਝੂਠਾ ਫਸਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਨੂੰ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸੇ ਰਿਪੋਰਟ ਨੇ ਬੇਅਦਬੀ ਦੇ ਕੇਸਾਂ ਵਿਚਲਾ ਸੱਚ ਬਾਹਰ ਲਿਆਉਣ ਕੀਤੀਆਂ ਈਮਾਨਦਾਰ ਅਤੇ ਸਖ਼ਤ ਕੋਸ਼ਿਸ਼ਾਂ ਲਈ ਸਰਕਾਰੀ ਮਸ਼ੀਨਰੀ ਦੀ ਤਾਰੀਫ਼ ਕੀਤੀ ਹੈ, ਜਿਨ੍ਹਾਂ ਵਿਚ ਸੀਨੀਅਰ ਪੁਲਿਸ ਅਧਿਕਾਰੀ ਆਰ.ਐਸ. ਖੱਟੜਾ ਵੀ ਸ਼ਾਮਿਲ ਹਨ। ਇਹ ਰਿਪੋਰਟ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੀਆਂ ‘ਸ਼ਾਮਾਂ ਦੇ ਸਾਥੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ’, ਜਿਸ ਨੂੰ ਸਿਰਫ ਇਸ ਰਿਪੋਰਟ ਨੂੰ ਕਾਨੂੰਨੀ ਰੰਗ ਦੇਣ ਵਾਸਤੇ ‘ਘੁੱਗੀ ਮਾਰਨ ਲਈ’ ਵਰਤਿਆ ਗਿਆ, ਆਦਿ ਵੱਲੋਂ ਲਿਖਿਆ, ਤਿਆਰ ਕੀਤਾ ਅਤੇ ਨਿਰਦੇਸ਼ਿਤ ਕੀਤਾ ਇੱਕ ਘਟੀਆ ਨਾਟਕ ਸੀ। ‘ਮੌਕ ਸੈਸ਼ਨ’ ਦੀ ਪ੍ਰਧਾਨਗੀ ਲਖਬੀਰ ਸਿੰਘ ਲੋਧੀਨੰਗਲ ਨੇ ਕੀਤੀ। ‘ਬਹਿਸ’ ਵਿਚ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਚੰਦੂਮਾਜਰਾ, ਗੁਰਪ੍ਰਤਾਪ ਵਡਾਲਾ, ਪਵਨ ਕੁਮਾਰ ਟੀਨੂ, ਬਲਦੇਵ ਖਾਰਾ, ਅਰੁਣ ਨਾਰੰਗ, ਡਾਕਟਰ ਸੁਖਵਿੰਦਰ ਸੁੱਖੀ, ਪਰਕਾਸ਼ ਚੰਦ ਗਰਗ ਅਤੇ ਐਨਕੇ ਸ਼ਰਮਾ ਸ਼ਾਮਿਲ ਹੋਏ।

 

 

fbbg-image

Latest News
Magazine Archive