ਮਨਜੀਤ ਸਿੰਘ ਨੇ ਲਾਈ ਸੁਨਹਿਰੀ ਦੌੜ, ਜੌਨਸਨ ਨੇ ਜਿੱਤੀ ਚਾਂਦੀ


ਜਕਾਰਤਾ - ਮਨਜੀਤ ਸਿੰਘ ਨੇ ਸ਼ੁਰੂਆਤ ਵਿੱਚ ਪੱਛੜਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ 800 ਮੀਟਰ ਦੌੜ ਵਿੱਚ ਸੋਨੇ ਵਜੋਂ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਤਗ਼ਮਾ ਜਿੱਤਿਆ, ਪਰ ਪੀਵੀ ਸਿੰਧੂ ਇੱਕ ਵਾਰ ਫਿਰ ਫਾਈਨਲ ਦੀ ਪਹੇਲੀ ਦਾ ਹੱਲ ਲੱਭਣ ਵਿੱਚ ਅਸਫਲ ਰਹੀ। ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕੁਸ਼ਤੀ ਵਰਗੀ ਖੇਡ ਕੁਰਾਸ਼ ਵਿੱਚ ਭਾਰਤ ਨੂੰ ਚਾਂਦੀ ਅਤੇ ਕਾਂਸੀ ਮਿਲੀ, ਜਦਕਿ ਅਥਲੈਟਿਕਸ ਵਿੱਚ ਪਹਿਲੀ ਵਾਰ ਸ਼ਾਮਲ ਮਿਕਸਡ ਚਾਰ ਗੁਣਾ 400 ਮੀਟਰ ਮੁਕਾਬਲੇ ਦੀ ਟੀਮ ਵੀ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਭਾਰਤ ਨੇ ਅੱਜ ਇੱਕ ਸੋਨਾ, ਛੇ ਚਾਂਦੀ ਅਤੇ ਦੋ ਕਾਂਸੀ ਸਣੇ ਕੁੱਲ ਨੌਂ ਤਗ਼ਮੇ ਜਿੱਤੇ। ਅੱਜ ਦੇ ਪ੍ਰਦਰਸ਼ਨ ਨਾਲ ਭਾਰਤ ਤਗ਼ਮਾ ਸੂਚੀ ਵਿੱਚ ਕੁੱਲ 50 ਤਗ਼ਮਿਆਂ ਨਾਲ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਨਾਮ ਨੌਂ ਸੋਨੇ, 19 ਚਾਂਦੀ ਅਤੇ 22 ਕਾਂਸੀ ਦੇ ਤਗ਼ਮੇ ਹਨ। ਦੇਸ਼ ਆਪਣੀ 2014 ਦੇ ਤਗ਼ਮਿਆਂ ਦੀ ਗਿਣਤੀ ਦੀ ਬਰਾਬਰ ਕਰਨ ਤੋਂ ਸਿਰਫ਼ ਸੱਤ ਤਗ਼ਮੇ ਪਿੱਛੇ ਹੈ।
ਹਰਿਆਣਾ ਦੇ 31 ਸਾਲ ਦਾ ਮਨਜੀਤ ਇਸ ਤੋਂ ਪਹਿਲਾਂ ਕਦੇ ਸੁਰਖ਼ੀਆਂ ਵਿੱਚ ਨਹੀਂ ਰਿਹਾ, ਪਰ ਉਸ ਨੇ ਅੱਜ ਸੋਨ ਤਗ਼ਮਾ ਨਾਲ ਸ਼ੌਹਰਤ ਖੱਟ ਲਈ। ਮਨਜੀਤ ਨੇ ਹਮਵਤਨ ਅਨੁਭਵੀ ਜਿਨਸਨ ਜੌਨਸਨ ਨੂੰ ਪਛਾੜ ਕੇ ਇੱਕ ਮਿੰਟ 46.15 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਜੌਨਸਨ ਇੱਕ ਮਿੰਟ 46.35 ਸੈਕਿੰਡ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਿਹਾ, ਇਸ ਤਰ੍ਹਾਂ ਭਾਰਤ ਨੇ ਪਹਿਲੇ ਦੋ ਸਥਾਨਾਂ ’ਤੇ ਕਬਜ਼ਾ ਕੀਤਾ।
ਭਾਰਤ ਨੇ 800 ਮੀਟਰ ਵਿੱਚ ਆਖ਼ਰੀ ਵਾਰ 1982 ਦੌਰਾਨ ਦਿੱਲੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਦੋਂ ਚਾਰਲਸ ਬੋਰੋਮਿਓ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਇਹ ਏਸ਼ਿਆਈ ਖੇਡਾਂ ਵਿੱਚ ਦੂਜਾ ਮੌਕਾ ਹੈ, ਜਦੋਂ ਭਾਰਤੀ ਅਥਲੀਟ 800 ਮੀਟਰ ਦੌੜ ਵਿੱਚ ਪਹਿਲੇ ਦੋ ਸਥਾਨਾਂ ’ਤੇ ਰਹੇ। ਉਸ ਤੋਂ ਪਹਿਲਾਂ 1951 ਦੌਰਾਨ ਨਵੀਂ ਦਿੱਲੀ ਵਿੱਚ ਪਹਿਲੇ ਏਸ਼ਿਆਡ ਵਿੱਚ ਰਣਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਇਹ ਕਾਰਨਾਮਾ ਕੀਤਾ ਸੀ। ਫ਼ੌਜ ਦੇ ਅਮਰੀਸ਼ ਕੁਮਾਰ ਤੋਂ ਕੋਚਿੰਗ ਲੈਣ ਵਾਲੇ ਮਨਜੀਤ ਨੇ ਇੱਕ ਮਿੰਟ 46.24 ਸੈਕਿੰਡ ਦੇ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਵਿੱਚ ਵੀ ਸੁਧਾਰ ਕੀਤਾ, ਜੋ ਉਸ ਨੇ ਗੁਹਾਟੀ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ।
ਭਾਰਤ ਨੇ ਇਸ ਤੋਂ ਬਾਅਦ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਮੁਹੰਮਦ ਅਨਾਸ, ਐਮਆਰ ਪੁਵੱਮਾ, ਹਿਮਾ ਦਾਸ ਅਤੇ ਆਰੋਕੀਆ ਰਾਜੀਵ ਦੀ ਚੌਕੜੀ ਨੇ ਤਿੰਨ ਮਿੰਟ 15.71 ਸੈਕਿੰਡ ਦਾ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਸਵੇਰੇ ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਦੀ ਪੁਰਸ਼ ਅਤੇ ਮਹਿਲਾ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਰਾਸ਼ ਵਿੱਚ ਤਗ਼ਮੇ ਹੈਰਾਨ ਕਰਨ ਵਾਲੇ ਰਹੇ। ਇਹ ਮੱਧ ਏਸ਼ੀਆ ਦੀ ਰਿਵਾਇਤੀ ਖੇਡ ਹੈ, ਜਿਸ ਵਿੱਚ ਖਿਡਾਰੀ ਵਿਰੋਧੀ ਨੂੰ ਤੌਲੀਏ ਦੀ ਸਹਾਇਤਾ ਨਾਲ ਹੇਠਾਂ ਡੇਗਣ ਦਾ ਯਤਨ ਕਰਦਾ ਹੈ। ਭਾਰਤ ਲਈ ਪਿੰਕੀ ਬਲਹਾਰਾ ਅਤੇ ਮਾਲਾਪ੍ਰਭਾ ਯਲੱਪਾ ਜਾਧਵ ਨੇ ਮਹਿਲਾਵਾਂ ਦੇ 52 ਕਿਲੋ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ। ਇਨ੍ਹਾਂ ਦੋਵਾਂ ਕੋਲ ਕਿੱਟ ਖ਼ਰੀਦਣ ਲਈ ਪੈਸੇ ਵੀ ਨਹੀਂ ਸਨ ਅਤੇ ਖੇਡ ਮੰਤਰਾਲੇ ਦੇ ਦਖ਼ਲ ਮਗਰੋਂ ਹੀ ਕਿੱਟ ਮਿਲੀ।
ਟੇਬਲ ਟੈਨਿਸ ਵਿੱਚ ਭਾਰਤ ਨੇ ਸੈਮੀ ਫਾਈਨਲ ਵਿੱਚ ਕੋਰੀਆ ਖ਼ਿਲਾਫ਼ ਹਾਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ, ਜੋ ਉਸ ਦਾ ਪਹਿਲਾ ਤਗ਼ਮਾ ਹੈ। ਭਾਰਤੀ ਸਕੁਐਸ਼ ਟੀਮਾਂ ਨੇ ਅੱਜ ਆਪਣੀ ਜੇਤੂ ਲੈਅ ਜਾਰੀ ਰੱਖੀ ਪੁਰਸ਼ ਵਰਗ ਵਿੱਚ ਕਤਰ ਖ਼ਿਲਾਫ਼ ਹਰਿੰਦਰਪਾਲ ਸਿੰਘ ਸੰਧੂ ਨੂੰ ਛੱਡ ਕੇ ਬਾਕੀ ਭਾਰਤੀਆਂ ਨੂੰ ਜਿੱਤਾਂ ਦਰਜ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਈ, ਜਿਸ ਕਾਰਨ ਪੁਰਸ਼ ਅਤੇ ਮਹਿਲਾ ਟੀਮਾਂ ਗਰੁੱਪ ਗੇੜ ਤੋਂ ਅੱਗੇ ਕੁਆਲੀਫਾਈ ਕਰਨ ਲਈ ਅੱਗੇ ਵਧੀਆਂ। ਭਾਰਤੀ ਹਾਕੀ ਟੀਮ ਦੀ ਜੇਤੂ ਮੁਹਿੰਮ ਜਾਰੀ ਰਹੀ। ਮੌਜੂਦਾ ਚੈਂਪੀਅਨ ਟੀਮ ਨੇ ਸ੍ਰੀਲੰਕਾ ਨੂੰ 20-0 ਗੋਲਾਂ ਨਾਲ ਹਰਾ ਕੇ ਪੂਲ ‘ਏ’ ਵਿੱਚ ਪੰਜਵੀਂ ਜਿੱਤ ਦਰਜ ਕੀਤੀ। ਭਾਰਤ ਨੇ ਹੁਣ ਤਕ 76 ਗੋਲ ਦਾਗ਼ ਦਿੱਤੇ ਹਨ।
ਮੁੱਕੇਬਾਜ਼ ਹਾਲਾਂਕਿ ਜਿੱਤ ਦਰਜ ਕਰਨ ਵਿੱਚ ਅਸਫਲ ਰਹੇ। ਪਵਿੱਤਰਾ (60 ਕਿਲੋ) ਅਤੇ ਸੋਨੀਆ ਲਾਠਰ (67 ਕਿਲੋ) ਕੁਆਰਟਰ ਫਾਈਨਲ ਵਿੱਚ ਹਾਰ ਕੇ ਮਹਿਲਾ ਵਰਗ ਵਿੱਚ ਬਾਹਰ ਹੋ ਗਈਆਂ। ਭਾਰਤੀ ਪੁਰਸ਼ ਵਾਲੀਬਾਲ ਟੀਮ ਨੂੰ ਵੀ ਸੱਤ ਤੋਂ 12ਵੇਂ ਸਥਾਨ ਦੇ ਕੁਆਲੀਫੀਕੇਸ਼ਨ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਅਥਲੀਟਾਂ ਵਿੱਚੋਂ ਮਹਿਲਾ ਦੇ 100 ਮੀਟਰ ਦੀ ਚਾਂਦੀ ਦਾ ਤਗ਼ਮਾ ਜੇਤੂ ਦੁੱਤੀ ਚੰਦ ਨੇ 200 ਮੀਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਪਰ 400 ਮੀਟਰ ਦੀ ਚਾਂਦੀ ਦਾ ਤਗ਼ਮਾ ਜੇਤੂ ਹਿਮਾ ਦਾਸ ਫਾਲਜ਼ ਸਟਾਰਟ ਕਾਰਨ ਅਯੋਗ ਐਲਾਨੀ ਗਈ। ਦੁੱਤੀ ਚੰਦ ਨੇ ਆਪਣੀ ਸੈਮੀ ਫਾਈਨਲ ਰੇਸ ਵਿੱਚ ਚੋਟੀ ਦਾ ਸਥਾਨ ਹਾਸਲ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ, ਜਦਕਿ ਹਿਮਾ ਦਾਸ ਨੂੰ ਦੌੜ ਲਈ ਗ਼ਲਤ ਸ਼ੁਰੂਆਤ ਕਰਨ ਕਾਰਨ ਅਯੋਗ ਕਰਾਰ ਦਿੱਤਾ ਗਿਆ। ਦੁੱਤੀ ਨੇ 23.00 ਸੈਕਿੰਡ ਦਾ ਸਮਾਂ ਲਿਆ, ਜਦਕਿ 100 ਮੀਟਰ ਦੀ ਸੋਨ ਤਗ਼ਮਾ ਜੇਤੂ ਬਹਿਰੀਨ ਦੀ ਐਡਿਡਿਯੋਂਗ ਓਲਿਯੋਂਗ 23.01 ਸੈਕਿੰਡ ਦਾ ਸਮਾਂ ਲੈ ਕੇ ਦੂਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ਦੇ ਦੂਜੇ ਸੈਮੀ ਫਾਈਨਲ ਹੀਟ ਵਿੱਚ ਭਾਰਤ ਨੂੰ ਉਦੋਂ ਝਟਕਾ ਲੱਗਿਆ, ਜਦੋਂ ਹਿਮਾ ਨੂੰ ਗ਼ਲਤ ਸਟਾਰਟ ਕਾਰਨ ਬਾਹਰ ਹੋਣਾ ਪਿਆ। ਮਹਿਲਾਵਾਂ ਦੇ 5000 ਮੀਟਰ ਮੁਕਾਬਲੇ ਵਿੱਚ ਭਾਰਤ ਦੀ ਸੂਰਿਆ ਲੋਗਾਨਾਥਨ 15 ਮਿੰਟ 49.30 ਸੈਕਿੰਡ ਦਾ ਸਮਾਂ ਕੱਢ ਕੇ ਪੰਜਵੇਂ ਅਤੇ ਸੰਜੀਵਨੀ ਜਾਧਵ 15 ਮਿੰਟ 52.96 ਸੈਕਿੰਡ ਦਾ ਸਮਾਂ ਲੈ ਕੇ ਸੱਤਵੇਂ ਸਥਾਨ ’ਤੇ ਰਹੀਆਂ। ਮਹਿਲਾਵਾਂ ਦੇ ਜੈਵਲਿਨ ਥਰੋਅ ਵਿੱਚ ਅਨੂ ਰਾਣੀ 53.93 ਮੀਟਰ ਦੇ ਮਾਯੂਸਕੁਨ ਥਰੋਅ ਨਾਲ ਛੇਵੇਂ ਸਥਾਨ ’ਤੇ ਰਹੀ।

 

 

fbbg-image

Latest News
Magazine Archive