ਕੈਲੀਫੋਰਨੀਆ ’ਚ ਮਨਜੀਤ ਸਿੰਘ ਜੀਕੇ ’ਤੇ ਹਮਲਾ


ਨਿਊਯਾਰਕ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ’ਤੇ ਕੈਲੀਫੋਰਨੀਆ ’ਚ ਕਥਿਤ ਤੌਰ ’ਤੇ ਖਾਲਿਸਤਾਨ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ, ਜਿਸ ’ਚ ਉਨ੍ਹਾਂ ਦਾ ਇੱਕ ਸਾਥੀ ਜ਼ਖ਼ਮੀ ਹੋ ਗਿਆ।
ਨਿਊਯਾਰਕ ਤੋਂ ਬਾਅਦ ਕੈਲੀਫੋਰਨੀਆ ਪਹੁੰਚੇ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੀ ਫੇਰੀ ਦਾ ਮਕਸਦ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਿਲਸਿਲੇ ’ਚ ਸਿੱਖ ਭਾਈਚਾਰੇ ਨਾਲ ਚਰਚਾ ਕਰਨੀ ਸੀ, ਜੋ ਕਿ ਅਗਲੇ ਸਾਲ ਕਰਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ’ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਿਊਯਾਰਕ ’ਚ ਹਮਲਾ ਕੀਤਾ ਗਿਆ ਸੀ। ਮਨਜੀਤ ਸਿੰਘ ਕੈਲੀਫੋਰਨੀਆ ਦੇ ਯੂਬਾ ਸ਼ਹਿਰ ਸਥਿਤ ਗੁਰਦੁਆਰੇ ਗਏ ਸਨ ਕਿ ‘ਖਾਲਿਸਤਾਨ ਰਾਏਸ਼ੁਮਾਰੀ-2020’ ਦੀ ਹਮਾਇਤ ਕਰਨ ਵਾਲੇ 30-35 ਲੋਕਾਂ ਦੇ ਗਰੁੱਪ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਕੈਲੀਫੋਰਨੀਆ ਤੋਂ ਮਨਜੀਤ ਸਿੰਘ ਨੇ ਫੋਨ ’ਤੇ ਦੱਸਿਆ, ‘ਮੈਂ ਜ਼ਖ਼ਮੀ ਹਾਂ। ਉਨ੍ਹਾਂ ਮੈਨੂੰ ਧੱਕਾ ਦਿੱਤਾ ਤੇ ਠੁੱਡੇ ਮਾਰੇ। ਇਹ ਇੱਕ ਜਾਨਲੇਵਾ ਹਮਲਾ ਸੀ।’ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਸਾਥੀ ਹਸਪਤਾਲ ਦਾਖਲ ਹੈ ਅਤੇ ਪੁਲੀਸ ਨੇ ਹਮਲੇ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਉਹ ਡਰਨ ਜਾਂ ਰੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਆਪਣੀ ਲੜਾਈ ਜਾਰੀ ਰੱਖ ਸਕਦੇ ਹਨ, ਪਰ ਹਿੰਸਾ ਇਸ ਦਾ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖਾਲਿਸਤਾਨ ਲਈ ਲੜਾਈ ਦਾ ਹਿੱਸਾ ਨਹੀਂ ਬਣਨਗੇ।
ਹਮਲੇ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਉਹ ਗੁਰੂ ਘਰ ਮੱਥਾ ਟੇਕਣ ਜਾ ਰਹੇ ਸਨ ਜਦੋਂ ਉਨ੍ਹਾਂ ’ਤੇ 25-30 ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਨੂੰ ਵੇਖਦੇ ਹੋਏ ਉਨ੍ਹਾਂ ਆਪਣੇ ਸਾਥੀਆਂ ਨੂੰ ਜਵਾਬੀ ਹਮਲਾ ਕਰਨ ਤੋਂ ਰੋਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਉੱਤੇ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਨਿਊ ਯਾਰਕ ਤੇ ਦਿੱਲੀ ਵਿੱਚ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਹੱਥੇ ਮਨਜੀਤ ਸਿੰਘ ਜੀਕੇ ’ਤੇ ਆਈਐੱਸਆਈ ਦੇ ਹੱਥਠੋਕੇ ਤੇ ਗੁੰਡਿਆਂ ਨੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਉਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਬਾਰੇ ਗੱਲਬਾਤ ਕਰਨ ਲਈ ਗਏ ਸਨ, ਪਰ ਇਹ ਗੁੰਡੇ ਸਿਰਫ ਅਤਿਵਾਦ ਫੈਲਾਉਣ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਉਹ ਜੀਕੇ ਤੇ ਉਸ ਹਰ ਅਕਾਲੀ ਵਰਕਰ ਨਾਲ ਖੜ੍ਹੇ ਹਨ ਜੋ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਤੇ ਦਹਿਸ਼ਤਗਰਦੀ ਵਿਰੁੱਧ ਲੜਦੇ ਹਨ।
ਜੀਕੇ ਨੇ ਹਮਲੇ ਲਈ ਉਕਸਾਇਆ: ਐੱਸਐੱਫਜੇ
ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ’ਚ ਕਿਹਾ ਕਿ ਮਨਜੀਤ ਸਿੰਘ ਜੀਕੇ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਗੁਰਦੁਆਰੇ ਦੇ ਬਾਹਰ ਸ਼੍ਰੋਮਣੀ ਅਕਾਲੀ ਦੇ ਆਗੂਆਂ ਖ਼ਿਲਾਫ਼ ਸ਼ਾਂਤੀਪੂਰਨ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਨੂੰ ਹਮਲੇ ਲਈ ਉਕਸਾਇਆ ਸੀ ਤੇ ਐੱਸਐੱਫਜੇ ਨੇ ਅਮਰੀਕਾ ਦੇ ਕਾਨੂੰਨ ਵਿਭਾਗ ’ਚ ਜੀਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਅਮਰੀਕੀ ਇਮੀਗਰੇਸ਼ਨ ਵਿਭਾਗ ਤੋਂ ਮੰਗ ਕੀਤੀ ਕਿ ਅਮਰੀਕਾ ਵਿੱਚ ਜੀਕੇ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਦਾ ਨੋਟਿਸ ਲਿਆ ਜਾਵੇ।

 

Latest News
Magazine Archive