ਦਾਭੋਲਕਰ ਤੇ ਗੌਰੀ ਲੰਕੇਸ਼ ਦੀਆਂ ਹੱਤਿਆਵਾਂ

ਇਕ ਦੂਜੇ ਨਾਲ ਸਬੰਧਤ: ਸੀਬੀਆਈ


ਪੁਣੇ - ਸੀਬੀਆਈ ਨੇ ਅੱਜ ਅਦਾਲਤ ਵਿੱਚ ਦਾਅਵਾ ਕੀਤਾ ਕਿ ਪੱਤਰਕਾਰ ਗੌਰੀ ਲੰਕੇਸ਼ ਅਤੇ ਤਰਕਸ਼ੀਲ ਨਰਿੰਦਰ ਦਾਭੋਲਕਰ ਦੀਆਂ ਹੱਤਿਆਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।
ਸੀਬੀਆਈ ਨੇ ਦਾਭੋਲਕਰ ਹੱਤਿਆ ਮਾਮਲੇ ਦੇ ਇਕ ਕਥਿਤ ਸ਼ੂਟਰ ਸਚਿਨ ਅੰਡੂਰੇ ਦੀ ਹਿਰਾਸਤ ਵਿੱਚ ਵਾਧੇ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਗੌਰੀ ਲੰਕੇਸ਼ ਹੱਤਿਆ ਮਾਮਲੇ ਦੇ ਇਕ ਮੁਲਜ਼ਮ ਨੇ ਉਸ ਨੂੰ ਇਕ ਪਿਸਤੌਲ, ਇਕ ਮੈਗਜ਼ੀਨ ਤੇ ਤਿੰਨ ਕਾਰਤੂਸ ਦਿੱਤੇ ਸਨ। ਜੁਡੀਸ਼ਲ ਮੈਜਿਸਟਰੇਟ (ਅੱਵਲ ਦਰਜਾ) ਐਚ ਆਰ ਜਾਧਵ ਨੇ ਅੰਡੂਰੇ ਦੀ ਸੀਬੀਆਈ ਹਿਰਾਸਤ 30 ਅਗਸਤ ਤਕ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੁਣੇ ਅਧਾਰਤ ਤਰਕਸ਼ੀਲ ਆਗੂ ਦਾਭੋਲਕਰ ਦੀ 2013 ਵਿੱਚ ਸਵੇਰੇ ਦੀ ਸੈਰ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਲੰਕੇਸ਼ ਨੂੰ ਸਤੰਬਰ ਵਿੱਚ ਬੰਗਲੌਰ ਸਥਿਤ ਉਨ੍ਹਾਂ ਦੇ ਘਰ ਅੱਗੇ ਗੋਲੀ ਮਾਰ ਦਿੱਤੀ ਗਈ ਸੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਦਾਭੋਲਕਰ ਹੱਤਿਆ ਮਾਮਲੇ ਦੇ ਇਕ ਹੋਰ ਕਥਿਤ ਸ਼ੂਟਰ ਸ਼ਰਦ ਕਾਲਾਸਕਰ ਦੀ ਹਿਰਾਸਤ ਵੀ ਚਾਹੁੰਦੀ ਹੈ। ਕਾਲਾਸਕਰ ਨੂੰ ਮਹਾਰਾਸ਼ਟਰ ਅਤਿਵਾਦ ਵਿਰੋਧੀ ਸਕੁਐਡ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਦੇਸੀ ਬੰਬ ਅਤੇ ਬੰਦੂਕਾਂ ਫੜੇ ਜਾਣ ਦੇ ਮਾਮਲੇ ਵਿੱਚ ਚਾਰ ਹੋਰਨਾਂ ਮੁਲਜ਼ਮਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਵਿਜੇ ਕੁਮਾਰ ਧਕਾਨੇ ਨੇ ਦੱਸਿਆ ਕਿ ਕਾਲਾਸਕਰ ਹਾਲ ਦੀ ਘੜੀ ਨਾਲਾਸਪੋਰਾ ਵਿੱਚ ਮਿਲੀ ਧਮਾਕਾਖੇਜ਼ ਸਮੱਗਰੀ ਮਾਮਲੇ ਵਿੱਚ ਏਟੀਐਸ ਦੀ ਹਿਰਾਸਤ ਵਿੱਚ ਹੈ। ਸੀਬੀਆਈ ਦਾਭੋਲਕਰ ਮਾਮਲੇ ਵਿੱਚ ਉਸ ਦੀ ਹਿਰਾਸਤ ਦੀ ਮੰਗ ਕਰਦੀ ਹੈ, ਕਿਉਂਕਿ ਉਹ ਉਸ ਅਤੇ ਅੰਡੂਰੇ ਤੋਂ ਇਕੱਠੇ ਪੁੱਛਗਿਛ ਕਰਨਾ ਚਾਹੁੰਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੀਬੀਆਈ ਲੰਕੇਸ਼ ਹੱਤਿਆ ਮਾਮਲੇ ਵਿੱਚ ਕਰਨਾਟਕ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਵੀ ਹਿਰਾਸਤ ਚਾਹੁੰਦੀ ਹੈ ਕਿਉਂਕਿ ਕੁਝ ਮੁਲਜ਼ਮ ਦਾਭੋਲਕਰ ਮਾਮਲੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਅੰਡੂਰੇ ਨਾਲ ਸਬੰਧ ਹਨ।

 

 

fbbg-image

Latest News
Magazine Archive