ਮਿਰਚਪੁਰ ਕਾਂਡ: ਹਾਈ ਕੋਰਟ ਨੇ 33 ਦੋਸ਼ੀਆਂ ਨੂੰ ਸੁਣਾਈ ਸਜ਼ਾ


ਨਵੀਂ ਦਿੱਲੀ - ਮਿਰਚਪੁਰ ਵਿੱਚ ਦਲਿਤ ਹੱਤਿਆ ਕਾਂਡ ਵਿੱਚ ਦਿੱਲੀ ਹਾਈ ਕੋਰਟ ਨੇ ਅੱਜ ਹੇਠਲੀ ਅਦਾਲਤ ਵੱਲੋਂ 20 ਦੋਸ਼ੀਆਂ ਨੂੰ ਬਰੀ ਕਰਨ ਦਾ ਫੈਸਲਾ ਉਲਟਾ ਦਿੱਤਾ ਅਤੇ 33 ਦੋਸ਼ੀਆਂ ਨੂੰ ਸਜ਼ਾ ਸੁਣਾਈ ਅਤੇ ਇਨ੍ਹਾਂ ਵਿੱਚੋਂ 12 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਆਪਣੇ 209 ਸਫਿਆਂ ਦੇ ਫੈਸਲੇ ਵਿੱਚ ਇਹ ਵੀ ਟਿੱਪਣੀ ਕੀਤੀ ਕਿ ਦੇਸ਼ ਨੂੰ ਆਜ਼ਾਦ ਹੋਇਆਂ 71 ਸਾਲ ਹੋ ਗਏ ਹਨ ਪਰ ਦਲਿਤਾਂ ਵਿਰੁੱਧ ਜੁਲਮਾਂ ਦੀਆਂ ਘਟਨਾਵਾਂ ਅਜੇ ਵੀ ਜਾਰੀ ਹਨ। ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ 13 ਵਿਅਕਤੀਆਂ ਨੂੰ ਸੁਣਾਈ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਕੁੱਝ ਦੋਸ਼ੀਆਂ ਦੀ ਸਜ਼ਾ ਵਧਾ ਵੀ ਦਿੱਤੀ ਹੈ।
ਜਸਟਿਸ ਐੱਸ ਮੁਰਲੀਧਰਨ ਅਤੇ ਆਈਐੱਸ ਮਹਿਤਾ ਦੇ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਮਿਰਚਪੁਰ ਵਿੱਚ 19 ਅਤੇ 21 ਅਪਰੈਲ ਦੇ ਵਿਚਕਾਰ ਜੋ ਘਟਨਾਵਾਂ ਘਟੀਆਂ ਬੇਹੱਦ ਗੰਭੀਰ ਹਨ ਤੇ ਇਸ ਗੱਲ ਦੀ ਯਾਦ ਦਿਵਾਉਂਦੀਆਂ ਹਨ ਕਿ ਡਾਕਟਰ ਬੀ ਆਰ ਅੰਬੇਡਕਰ ਨੇ ਜਦੋਂ ਭਾਰਤ ਦੇ ਸੰਵਿਧਾਨ ਦਾ ਮੁਕੰਮਲ ਖਰੜਾ ਸੰਵਿਧਾਨਕ ਅਸੈਂਬਲੀ ਵਿੱਚ 25 ਨਵੰਬਰ 2010 ਨੂੰ ਪੇਸ਼ ਕੀਤਾ ਤਾਂ ਉਸ ਵਿੱਚ ਦੋ ਵਿਸ਼ੇਸ਼ ਗੱਲਾਂ ‘ਬਰਾਬਰੀ’ ਤੇ ‘ਭਾਈਚਾਰਾ’ ਸਨ, ਇਹ ਦੋਵੇਂ ਅੱਜ ਵੀ ਗਾਇਬ ਹਨ। ਬੈਂਚ ਨੇ ਕਿਹਾ ਕਿ ਜਾਟਾਂ ਵੱਲੋਂ ਵਾਲਮੀਕਿ ਭਾਈਚਾਰੇ ਦੇ ਘਰਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦਾ ਉਦੇਸ਼ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਸਬਕ ਸਿਖਾਉਣਾ ਸੀ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋਏ। ਬੈਂਚ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਵਸੂਲੀ ਜਾਣ ਵਾਲੀ ਰਕਮ ਪੀੜਤਾਂ ਦੇ ਮੁੜ ਵਸੇਬੇ ਉੱਤੇ ਖਰਚੀ ਜਾਣੀ ਯਕੀਨੀ ਬਣਾਈ ਜਾਵੇਗੀ। ਹਾਈ ਕੋਰਟ ਨੇ ਇਹ ਫੈਸਲਾ 13 ਦੋਸ਼ੀਆਂ ਵੱਲੋਂ ਆਪਣੀ ਸ਼ਜਾ ਨੂੰ ਚੁਣੌਤੀ ਦੇਣ ਲਈ ਦਾਇਰ ਪਟੀਸ਼ਨ ਦੇ ਸਬੰਧ ਵਿੱਚ ਸੁਣਾਇਆ ਹੈ।
ਹੇਠਲੀ ਅਦਾਲਤ ਨੇ 24 ਸਤੰਬਰ 2011 ਨੂੰ 97 ਵਿੱਚੋਂ 15 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਅਕਤੂਬਰ 2012 ’ਚ ਅਪੀਲਾਂ ਦਾ ਨਿਬੇੜਾ ਹੋਣ ਤੱਕ ਦੋ ਦੋਸ਼ੀਆਂ ਦਾ ਦੇਹਾਂਤ ਹੋ ਗਿਆ ਸੀ। 31 ਅਕਤੂਬਰ 2011 ਨੂੰ ਅਦਾਲਤ ਨੇ ਕੁਲਵਿੰਦਰ, ਧਰਮਵੀਰ ਅਤੇ ਰਾਮਫਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ ਹਾਈ ਕੋਰਟ ਨੇ ਇਨ੍ਹਾਂ ਦੇ ਜੁਰਮ ਵਿੱਚ ਵਾਧਾ ਕਰਕੇ ਕਤਲ ਦੇ ਦੋਸ਼ ਹੇਠ ਸਜ਼ਾ ਸੁਣਾਈ ਹੈ। ਬਾਕੀ 9 ਦੋਸ਼ੀਆਂ ਜਿਨ੍ਹਾਂ ਨੂੰ ਹੁਣ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ , ਉਨ੍ਹਾਂ ਵਿੱਚ ਪਰਦੀਪ ਪੁੱਤਰ ਜੈਬੀਰ, ਰਾਜਪਾਲ ਤੇ ਪਰਦੀਪ ਪੱਤਰ ਸੁਰੇਸ਼, ਜੋਗਲ, ਸਤਿਆਵਾਨ, ਪਵਨ, ਸੰਜੇ, ਬਲਜੀਤ, ਕਰਮਵੀਰ, ਕਰਮਪਾਲ, ਧਰਮਵੀਰ ਅਤੇ ਬੋਬਲ ਸ਼ਾਮਲ ਹਨ। ਪਵਨ ਨੂੰ ਅਦਾਲਤ ਨੇ ਕਤਲ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ ਤੇ ਬਾਕੀਆਂ ਨੂੰ ਐੱਸਸੀਐੱਸਟੀ ਵਿਰੁੱਧ ਅੱਤਿਆਚਾਰ ਕਾਨੂੰਨ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਕੀ ਹੈ ਮਿਰਚਪੁਰ ਕਾਂਡ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮਿਰਚਪੁਰ ਵਿੱਚ ਅਪਰੈਲ 2010 ਵਿੱਚ ਜਾਟਾਂ ਨੇ ਵਾਲਮੀਕਿ ਭਾਈਚਾਰੇ ਦੇ ਇਕ ਵਿਅਕਤੀ ਅਤੇ ਉਸਦੀ ਅੰਗਹੀਣ ਧੀ ਨੂੰ ਜਿਊਂਦਿਆਂ ਸਾੜ ਦਿੱਤਾ ਸੀ ਅਤੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਕਈ ਘਰ ਸਾੜ ਦਿੱਤੇ ਸਨ। ਦਲਿਤ ਲੋਕ ਖੌਫ਼ ਦੇ ਸਾਏ ਹੇਠ ਪਿੰਡ ਵਿੱਚੋਂ ਹਿਜਰਤ ਕਰਨ ਲਈ ਮਜਬੂਰ ਹੋ ਗਏ ਸਨ।

 

 

fbbg-image

Latest News
Magazine Archive