ਰੋਇੰਗ ਤੇ ਟੈਨਿਸ ਵਿੱਚ ਭਾਰਤ ਨੇ ਜਿੱਤੇ ਸੋਨ ਤਗ਼ਮੇ


ਪਾਲੇਮਬਾਂਗ/ਜਕਾਰਤਾ - ਭਾਰਤੀ ਰੋਇੰਗ ਖਿਡਾਰੀਆਂ ਨੇ ਉਲਟ ਹਾਲਤਾਂ ਦੇ ਬਾਵਜੂਦ, ਜਦਕਿ ਪਹਿਲੀ ਜੋੜੀ ਬਣਾਉਣ ਵਾਲੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਸੋਨ ਤਗ਼ਮੇ ਜਿੱਤੇ, ਪਰ 18ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਆਪਣੇ ਸਭ ਤੋਂ ਸਫਲ ਦਿਨ ਵਿੱਚ ਕੁੱਝ ਖੇਡਾਂ ਵਿੱਚ ਨਮੋਸ਼ੀ ਵੀ ਝੱਲਣੀ ਪਈ। ਭਾਰਤ ਨੇ ਅੱਜ ਦੋ ਸੋਨੇ, ਇੱਕ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਸਣੇ ਕੁੱਲ ਸੱਤ ਤਗ਼ਮੇ ਜਿੱਤ ਲਏ। ਇਸ ਦੇ ਨਾਲ ਹੀ ਭਾਰਤ ਨੇ ਛੇ ਸੋਨੇ, ਪੰਜ ਚਾਂਦੀ ਅਤੇ 14 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 25 ਤਗ਼ਮੇ ਪੂਰੇ ਕੀਤੇ। ਖੇਡਾਂ ਦੇ ਛੇਵੇਂ ਦਿਨ ਮਗਰੋਂ ਵੀ ਭਾਰਤ ਤਗਮਾ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਹੈ, ਜਦਕਿ ਚੀਨ ਨੇ ਆਪਣਾ ਦਬਦਬਾ ਜਾਰੀ ਰੱਖਦਿਆਂ ਤਗ਼ਮਿਆਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਉਸ ਨੇ 66 ਸੋਨੇ ਸਣੇ ਕੁੱਲ 139 ਤਗ਼ਮੇ ਜਿੱਤ ਕੇ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਜਾਪਾਨ 29 ਸੋਨੇ ਸਣਿਆ 103 ਤਗ਼ਮਿਆਂ ਨਾਲ ਦੂਜੇ ਅਤੇ ਕੋਰੀਆ ਤੀਜੇ ਸਥਾਨ ’ਤੇ ਹੈ, ਜਿਸ ਦੇ 23 ਸੋਨੇ ਸਣੇ ਕੁੱਲ 77 ਤਗ਼ਮੇ ਹਨ।
ਇਨ੍ਹਾਂ ਖੇਡਾਂ ਦਾ ਛੇਵਾਂ ਦਿਨ ਭਾਰਤ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਰੋਇੰਗ ਖਿਡਾਰੀਆਂ ਦੇ ਨਾਮ ਰਿਹਾ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਸੋਨਾ ਅਤੇ ਦੋ ਕਾਂਸੀ ਦੇ ਤਗ਼ਮੇ ਦਿਵਾ ਦਿੱਤੇ। ਸਵਰਨ ਸਿੰਘ, ਦੱਤੂ ਭੋਕਨਾਲ, ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ ਦੀ ਭਾਰਤੀ ਚੌਕੜੀ ਨੇ ਪੁਰਸ਼ਾਂ ਦੇ ਕੁਆਡਰਪਲ ਸਕੱਲਜ਼ ਮੁਕਾਬਲੇ ਵਿੱਚ ਛੇ ਮਿੰਟ 17.13 ਸੈਕਿੰਡ ਦਾ ਸਮਾਂ ਪੂਰਾ ਲੈਂਦਿਆਂ ਸੋਨਾ ਆਪਣੇ ਨਾਮ ਕੀਤਾ। ਡਬਲ ਸਕੱਲਜ਼ ਮੁਕਾਬਲੇ ਵਿੱਚ ਭਾਰਤ ਦੇ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਦੀ ਟੀਮ ਨੇ ਸੱਤ ਮਿੰਟ ਵਿੱਚ 04.61 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੀ ਜਿੱਤੀ। ਪੁਰਸ਼ਾਂ ਦੇ ਲਾਈਟਵੇਟ ਸਿੰਗਲਜ਼ ਸਕਲ ਮੁਕਾਬਲੇ ਵਿੱਚ ਦੁਸ਼ਿਅੰਤ ਨੇ ਸੱਤ ਮਿੰਟ 18.76 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਜਿੱਤੀ। ਭਾਰਤ ਦੇ ਸੀਨੀਅਰ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ, ਜਦੋਂਕਿ ਪ੍ਰਜਨੇਸ਼ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮਹਿਲਾ ਸਿੰਗਲਜ਼ ਵਿੱਚ ਅੰਕਿਤਾ ਨੇ ਕੱਲ੍ਹ ਕਾਂਸੀ ਜਿੱਤੀ ਸੀ।
ਨਿਸ਼ਾਨੇਬਾਜ਼ੀ ਵਿੱਚ ਅੱਜ ਕੋਈ ਸੋਨ ਤਗ਼ਮਾ ਨਹੀਂ ਮਿਲਿਆ, ਪਰ ਹੀਨਾ ਸਿੱਧੂ ਮਹਿਲਾਵਾਂ ਦੇ ਦਸ ਮੀਟਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। 16 ਸਾਲਾ ਮਨੂ ਭਾਕਰ ਕੁਆਲੀਫੀਕੇਸ਼ਨ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਮੁੜ ਫਾਈਨਲ ਵਿੱਚ ਅਸਫਲ ਰਹੀ। ਭਾਰਤ ਨੂੰ ਪੁਰਸ਼ ਕਬੱਡੀ ਮਗਰੋਂ ਮਹਿਲਾ ਕਬੱਡੀ ਵਿੱਚ ਨਿਰਾਸ਼ਾ ਮਿਲੀ ਅਤੇ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਵੀ ਮਜ਼ਬੂਤ ਇਰਾਨ ਖ਼ਿਲਾਫ਼ ਆਪਣੀ ਬਾਦਸ਼ਾਹਤ ਗੁਆਉਣੀ ਪਈ ਅਤੇ ਉਹ ਸੋਨ ਤਗ਼ਮਾ ਮੁਕਾਬਲਾ 24-27 ਨਾਲ ਹਾਰ ਗਈ। ਭਾਰਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਸੱਤ ਵਾਰ ਦੀ ਚੈਂਪੀਅਨ ਪੁਰਸ਼ ਟੀਮ ਨੂੰ ਕਾਂਸੀ ਦਾ ਤਗ਼ਮਾ ਮਿਲਿਆ ਸੀ।
ਇਸ ਦੌਰਾਨ ਸਕੁਐਸ਼ ਵਿੱਚ ਮੌਜੂਦਾ ਚਾਂਦੀ ਦਾ ਤਗ਼ਮਾ ਜੇਤੂ ਸੌਰਭ ਘੋਸ਼ਾਲ ਅਤੇ ਕਾਂਸੀ ਦਾ ਤਗ਼ਮਾ ਜੇਤੂ ਭਾਰਤ ਦੀ ਦੀਪਿਕਾ ਪੱਲੀਕਲ ਨੇ ਲਗਾਤਾਰ ਦੂਜੀਆਂ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਪੱਕਾ ਕਰ ਲਿਆ ਹੈ। ਦੋਵੇਂ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ। ਆਦਿਲ ਬੇਦੀ ਅਤੇ ਪੁਰਸ਼ ਟੀਮ ਗੌਲਫ ਮੁਕਾਬਲੇ ਵਿੱਚ ਦੇਸ਼ ਦੀ ਤਗ਼ਮਿਆਂ ਦੀਆਂ ਉਮੀਦਾਂ ਨੂੰ ਕਾਇਮ ਰੱਖਦਿਆਂ ਦੂਜੇ ਗੇੜ ਮਗਰੋਂ ਕ੍ਰਮਵਾਰ ਸੰਯੁਕਤ ਤੀਜੇ ਅਤੇ ਦੂਜੇ ਸਥਾਨ ’ਤੇ ਹਨ। ਮੁੱਕੇਬਾਜ਼ੀ ਵਿੱਚ ਮਨੋਜ ਕੁਮਾਰ 69 ਕਿਲੋ ਵੇਲਟਰਵੇਟ ਵਰਗ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ, ਜਦੋਂਕਿ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਗੌਰਵ ਸੋਲੰਕੀ (52 ਕਿਲੋ) ਨੂੰ ਪਹਿਲੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਤੀਜੇ ਮੈਚ ਵਿੱਚ ਜਾਪਾਨ ਨੂੰ 8-0 ਨਾਲ ਤਕੜੀ ਹਾਰ ਦਿੱਤੀ। ਬੈਡਮਿੰਟਨ ਕੋਰਟ ਵਿੱਚ ਭਾਰਤ ਨੂੰ ਚੰਗੀ ਖ਼ਬਰ ਨਹੀਂ ਮਿਲੀ। ਪੁਰਸ਼ ਸਿੰਗਲਜ਼ ਵਿੱਚ ਕੇ ਸ੍ਰੀਕਾਂਤ ਅਤੇ ਐਚ ਐਸ ਪ੍ਰਣਯ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਮਾਨਸਟਿਕ ਵਿੱਚ ਦੀਪਾ ਕਰਮਾਕਰ ਬੈਲੇਂਸਿੰਗ ਬੀਮ ਵਿੱਚ ਪੰਜਵੇਂ ਸਥਾਨ ’ਤੇ ਰਹੀ, ਜਦੋਂਕਿ ਤੈਰਾਕੀ ਵਿੱਚ ਵੀ ਬਿਨਾਂ ਤਗ਼ਮੇ ਦੇ ਭਾਰਤੀ ਮੁਹਿੰਮ ਖ਼ਤਮ ਹੋ ਗਈ।
ਤੀਰਅੰਦਾਜ਼ੀ: ਕੰਪਾਊਂਡ ਅਤੇ ਰਿਕਰਵ ਮਿਕਸਡ ਟੀਮਾਂ ਦੀ ਹਾਰ
ਜਕਾਰਤਾ - ਭਾਰਤ ਦੀ ਕੰਪਾਊਂਡ ਅਤੇ ਰਿਕਰਵ ਵਰਗ ਦੀਆਂ ਮਿਕਸਡ ਟੀਮਾਂ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਦੀ ਇੱਕ ਵੀ ਜੋੜੀ ਤਗ਼ਮੇ ਦੇ ਗੇੜ ਤੱਕ ਨਹੀਂ ਪਹੁੰਚ ਸਕੀ। ਭਾਰਤੀ ਕੰਪਾਊਂਡ ਮਿਕਸਡ ਟੀਮ ਵਿੱਚ ਜੋਤੀ ਸੁਰੇਖਾ ਅਤੇ ਅਭਿਸ਼ੇਕ ਵਰਮਾ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਅਤੇ ਪ੍ਰੀ ਕੁਆਰਟਰ ਫਾਈਨਲ ਵਿੱਚ ਮੈਚ ਵਿੱਚ ਇਰਾਕ ਦੀ ਟੀਮ ਨੂੰ 155-147 ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਕੁਆਰਟਰ ਫਾਈਨਲ ਵਿੱਚ ਭਾਰਤੀ ਟੀਮ ਇਰਾਨ ਤੋਂ 153-155 ਨਾਲ ਹਾਰ ਗਈ।

 

 

fbbg-image

Latest News
Magazine Archive