ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ


ਰਾਇਪੁਰ - ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ (90) ਦਾ ਅੱਜ ਇਥੋਂ ਦੇ ਡਾ.ਬੀਆਰ ਅੰਬੇਡਕਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਕੱਤਰ ਸੁਰੇਂਦਰ ਕੁਮਾਰ ਜਾਇਸਵਾਲ ਨੇ ਦੱਸਿਆ ਕਿ ਸ੍ਰੀ ਟੰਡਨ ਨੂੰ ਬੇਚੈਨੀ ਦੀ ਸ਼ਿਕਾਇਤ ਬਾਅਦ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਟੰਡਨ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਚੋਂ ਇਕ ਸਨ। ਜੁਲਾਈ 2014 ਨੂੰ ਉਹ ਛੱਤੀਸਗੜ੍ਹ ਦੇ ਰਾਜਪਾਲ ਬਣੇ ਸਨ। ਆਪਣੇ ਲੰਮੇ ਰਾਜਨੀਤਕ ਕਰੀਅਰ ਵਿੱਚ ਸ੍ਰੀ ਟੰਡਨ ਪੰਜਾਬ ਦੇ ਉਪ ਮੁੱਖ ਮੰਤਰੀ ਸਮੇਤ ਕਈ ਅਹੁਦਿਆਂ ’ਤੇ ਰਹੇ। ਉਹ ਛੇ ਵਾਰ ਵਿਧਾਇਕ ਬਣੇ ਅਤੇ ਐਮਰਜੈਂਸੀ ਦੌਰਾਨ 1975 ਤੋਂ 1977 ਤਕ ਜੇਲ੍ਹ ਵਿੱਚ ਬੰਦ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਐਮਰਜੈਂਸੀ ਦੇ ਵਿਰੋਧ ਲਈ ਹਮੇਸ਼ਾ ਜਾਣੇ ਜਾਣਗੇ। ਉਨ੍ਹਾਂ ਟਵੀਟ ਵਿੱਚ ਕਿਹਾ, ‘‘ ਅਸੀਂ ਇਕ ਸਨਮਾਨਯੋਗ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ, ਜਿਸ ਦੀ ਸਮਾਜ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।’’ ਉਨ੍ਹਾਂ ਟੰਡਨ ਵੱਲੋਂ ਪੰਜਾਬ ਦੇ ਵਿਕਾਸ ਅਤੇ ਸ਼ਾਂਤੀ ਬਹਾਲੀ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਸੂਬੇ ਵਿੱਚ ਛੁੱਟੀ ਐਲਾਨ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਟੰਡਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਸੂਬੇ ਵਿੱਚ ਸਾਰੇ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਦੇ ਦਫ਼ਤਰ ਬੰਦ ਕਰ ਦਿੱਤੇ ਗਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਸੂਬੇ ਵਿੱਚ ਸੱਤ ਦਿਨਾਂ ਦਾ ਸ਼ੋਕ ਐਲਾਨਿਆ ਹੈ। ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਤਰਾਖੰਡ ਦੇ ਰਾਜਪਾਲ ਕੇ ਕੇ ਪਾਲ, ਮੱਧਪ੍ਰਦੇਸ਼ ਦੇ ਰਾਜਪਾਲ ਆਨੰਦੀ ਬੇਨ ਪਟੇਲ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ , ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਦੁੱਖ ਪ੍ਗਟਾਇਆ ਹੈ।

 

Latest News
Magazine Archive