ਬਿਹਤਰ ਕਾਰਗੁਜ਼ਾਰੀ ਜ਼ਰੂਰ ਦਿਖਾਵਾਂਗੇ: ਕੋਹਲੀ


ਲੰਡਨ - ਖ਼ਰਾਬ ਦੌਰ ’ਚੋਂ ਲੰਘ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿੱਚ ਦੋ ਟੈਸਟ ਹਾਰਨ ਮਗਰੋਂ ਪ੍ਰਸ਼ੰਸਕਾਂ ਨੂੰ ਟੀਮ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਸ ਹੈ ਕਿ ਉਹ ਟੀਮ ਦਾ ਸਾਥ ਨਹੀਂ ਛੱਡਣਗੇ। ਕੋਹਲੀ ਨੈ ਅਧਿਕਾਰਤ ਫੇਸਬੁਕ ਪੇਜ ’ਤੇ ਪੋਸਟ ਕੀਤੇ ਸੁਨੇਹੇ ’ਚ ਲਿਖਿਆ, ‘ਅਸੀਂ ਕਈ ਵਾਰ ਜਿੱਤਦੇ ਹਾਂ ਤੇ ਕਈ ਵਾਰ ਸਿੱਖਦੇ ਹਾਂ। ਤੁਸੀਂ ਸਾਡੇ ਤੋਂ ਉਮੀਦ ਨਾ ਛੱਡੋ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਮਾਯੂਸ ਨਹੀਂ ਕਰਾਂਗੇ।’
ਇਸ ਪੋਸਟ ਨਾਲ ਭਾਰਤੀ ਟੀਮ ਦੀ ਮੈਦਾਨ ’ਤੇ ਇਕ ਦੂਜੇ ਦੇ ਮੋਢੇ ਉੱਤੇ ਹੱਥ ਰੱਖਿਆਂ ਦੀ ਤਸਵੀਰ ਵੀ ਪਾਈ ਹੈ।’ ਭਾਰਤ ਨੂੰ ਪਹਿਲੇ ਟੈਸਟ ’ਚ 31 ਦੌੜਾਂ ਜਦੋਂਕਿ ਦੂਜੇ ਵਿੱਚ ਇਕ ਪਾਰੀ ਤੇ 159 ਦੌੜਾਂ ਦੀ ਨਮੋਸ਼ੀਜਨਕ ਹਾਰ ਝੱਲਣੀ ਪਈ ਸੀ। ਤੀਜਾ ਟੈਸਟ ਸ਼ਨਿੱਚਰਵਾਰ ਤੋਂ ਨੌਟਿੰਘਮ ਵਿੱਚ ਸ਼ੁਰੂ ਹੋਵੇਗਾ।
ਇਸ ਦੌਰਾਨ ਭਾਰਤੀ ਟੀਮ ਲਈ ਚੰਗੀ ਖ਼ਬਰ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬਮਰਾਹ ਫਿੱਟ ਹੈ ਤੇ ਉਹ ਇੰਗਲੈਂਡ ਖ਼ਿਲਾਫ਼ ਨੌਟਿੰਘਮ ’ਚ ਖੇਡੇ ਜਾਣ ਵਾਲੇ ਤੀਜੇ ਟੈਸਟ ਕ੍ਰਿਕਟ ਮੈਚ ਵਿੱਚ ਚੋਣ ਲਈ ਉਪਲਬਧ ਹੋਵੇਗਾ। ਜੂਨ ਵਿੱਚ ਡਬਲਿਨ ’ਚ ਆਇਰਲੈਂਡ ਖ਼ਿਲਾਫ਼ ਦੌਰੇ ਦਾ ਪਹਿਲਾ ਮੈਚ ਖੇਡਦਿਆਂ ਬਮਰਾਹ ਖੱਬੇ ਹੱਥ ’ਤੇ ਸੱਟ ਲੁਆ ਬੈਠਾ ਸੀ। ਮਗਰੋਂ ਅੰਗੂਠੇ ਦੇ ਫਰੈਕਚਰ ਕਰਕੇ ਉਹ ਇੰਗਲੈਂਡ ਖ਼ਿਲਾਫ਼ ਟੀ-20 ਤੇ ਇਕ ਰੋਜ਼ਾ ਲੜੀ ਤੋਂ ਇਲਾਵਾ ਪਹਿਲੇ ਦੋ ਟੈਸਟ ਵੀ ਨਹੀਂ ਖੇਡ ਸਕਿਆ। ਲੀਡਜ਼ ਵਿੱਚ 4 ਜੁਲਾਈ ਨੂੰ ਹੋਈ ਸਰਜਰੀ ਮਗਰੋਂ ਇਸ ਗੇਂਦਬਾਜ਼ ਨੇ ਭਾਰਤ ਵਿੱਚ ਰਿਹੈਬਿਲੀਟੇਸ਼ਨ ਵਿੱਚ ਹਿੱਸਾ ਲਿਆ ਸੀ। ਬਮਰਾਹ ਨੂੰ ਟੈਸਟ ਲੜੀ ਦੌਰਾਨ ਚੇਮਸਫੋਰਡ, ਬਰਮਿੰਘਮ ਤੇ ਲਾਰਡਜ਼ ਵਿੱਚ ਨੈੱਟ ਅਭਿਆਸ ਕਰਦਿਆਂ ਵੇਖਿਆ ਗਿਆ ਹੈ। ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਹਾਰਦਿਕ ਪੰਡਿਆ ਨੂੰ ਵੀ ਫਿਟ ਐਲਾਨਿਆ ਗਿਆ ਹੈ। ਉਧਰ ਕਪਤਾਨ ਵਿਰਾਟ ਕੋਹਲੀ ਵੀ ਤੀਜੇ ਟੈਸਟ ਲਈ ਪੂਰੀ ਤਰ੍ਹਾਂ ਫਿੱਟ ਹੋਣ ਦੀ ਦੌੜ ਵਿੱਚ ਸ਼ਾਮਲ ਹੈ। ਕੋਹਲੀ ਪੂਰੀ ਤਰ੍ਹਾਂ ਫਿੱਟ ਹੋਣ ਲਈ ਰਿਹੈਬਿਲੀਟੇਸ਼ਨ ’ਚੋਂ ਲੰਘ ਰਿਹਾ ਹੈ।
ਭਾਰਤ ਇਸ ਤੋਂ ਵਧ ਅਭਿਆਸ ਨਹੀਂ ਕਰ ਸਕਦਾ: ਇਗਲੈਂਡ ਕੋਚ
ਇਸ ਦੌਰਾਨ ਇੰਗਲੈਂਡ ਦੇ ਕੋਚ ਟ੍ਰੈਵਰ ਬੇਲਿਸ ਨੇ ਮੌਜੂਦਾ ਟੈਸਟ ਲੜੀ ’ਚ ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਬਚਾਅ ਕਰਦਿਆਂ ਕਿਹਾ ਕਿ ਖ਼ਰਾਬ ਲੈਅ ਨਾਲ ਜੂਝ ਰਹੀ ਮਹਿਮਾਨ ਟੀਮ ਇਸ ਤੋਂ ਵਧ ਅਭਿਆਸ ਨਹੀਂ ਕਰ ਸਕਦੀ ਸੀ। ਬੇਲਿਸ ਨੇ ਪੱਤਰਕਾਰਾਂ ਨੂੰ ਕਿਹਾ, ‘ਆਸਟਰੇਲੀਆ, ਭਾਰਤ ਤੇ ਇੰਗਲੈਂਡ ਜਿਹੀਆਂ ਟੀਮਾਂ ਕਾਫੀ ਕ੍ਰਿਕਟ ਖੇਡਦੀਆਂ ਹਨ। ਮੈਨੂੰ ਯਕੀਨ ਹੈ ਕਿ ਹਰ ਕੋਈ ਵਧੇਰੇ ਅਭਿਆਸ ਮੈਚ ਖੇਡਣਾ ਚਾਹੁੰਦਾ ਹੈ, ਪਰ ਇਹ ਮੁਮਕਿਨ ਨਹੀਂ ਹੈ।’ ਇੰਗਲਿਸ਼ ਕੋਚ ਨੇ ਕਿਹਾ, ‘ਖਿਡਾਰੀਆਂ ਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ।
ਜ਼ਿਆਦਾਤਰ ਖਿਡਾਰੀ ਸਾਰੇ ਮੈਚ ਖੇਡਣਗੇ ਪਰ ਇਸ ਵਿੱਚ ਵਧੇਰੇ ਅਭਿਆਸ ਮੈਚ ਪਾਉਣ ਦੀ ਗੁੰਜਾਇਸ਼ ਨਹੀਂ ਹੈ।’ ਯਾਦ ਰਹੇ ਕਿ ਭਾਰਤ ਨੇ ਲੜੀ ਤੋਂ ਪਹਿਲਾਂ ਇਕ ਹੀ ਅਭਿਆਸ ਮੈਚ ਖੇਡਿਆ ਸੀ ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਇਸ ਲਈ ਟੀਮ ਦੀ ਆਲੋਚਨਾ ਕੀਤੀ ਸੀ।
ਭਾਰਤੀ ਬੱਲੇਬਾਜ਼ ਸਪਾਟ ਵਿਕਟਾਂ ਦੇ ਸ਼ੇਰ: ਬਾਇਕੌਟ
ਲੰਡਨ - ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਜੈਫਰੀ ਬੌਇਕਾਟ ਨੇ ਭਾਰਤੀ ਟੀਮ ਦੀ ਆਲੋਚਨਾ ਕਰਦਿਆਂ ਕਿ ਮਹਿਮਾਨ ਟੀਮ ਦੇ ਬੱਲੇਬਾਜ਼ੀ ਪ੍ਰਦਰਸ਼ਨ ਨੂੰ ‘ਤਜਰਬਾਹੀਣ, ਗ਼ੈਰਜ਼ਿੰਮੇਦਾਰਾਨਾ ਤੇ ਮੂਰਖਤਾ ਦੇ ਕਰੀਬ’ ਕਰਾਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਭਾਰਤੀ ਬੱਲੇਬਾਜ਼ ਪੱਧਰੀਆਂ ਵਿਕਟਾਂ ਦੇ ਸ਼ੇਰ ਹਨ। ਬੌਇਕਾਟ ਨੇ ‘ਡੇਲੀ ਟੈਲੀਗ੍ਰਾਫ਼’ ਵਿੱਚ ਆਪਣੇ ਕਾਲਮ ’ਚ ਲਿਖਿਆ, ‘ਹੁਣ ਤਕ ਭਾਰਤੀ ਖਿਡਾਰੀਆਂ ਨੇ ਖੁ਼ਦ ਨੂੰ ਤੇ ਆਪਣੇ ਸਮਰਥਕਾਂ ਨੂੰ ਨਿਰਾਸ਼ ਕੀਤਾ ਹੈ। ਬੱਲੇਬਾਜ਼ੀ ਇੰਨੀ ਤਜਰਬਾਹੀਣ ਤੇ ਗੈਰਜ਼ਿੰਮੇਦਾਰਾਨਾ ਸੀ ਕਿ ਇਹ ਮੂਰਖਤਾ ਦੇ ਕਰੀਬ ਸੀ। ਆਊਟਸਵਿੰਗ ਹੁੰਦਿਆਂ ਗੇਂਦਾਂ ’ਤੇ ਡਰਾਈਵ ਖੇਡਣ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ।’ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਦੇ ਆਊਟ ਹੋਣ ਦੇ ਤਰੀਕੇ ਤੋਂ ਸਾਫ਼ ਹੈ ਕਿ ਉਨ੍ਹਾਂ ਸਹੀ ਤਰੀਕੇ ਨਾਲ ਤਿਆਰੀ ਨਹੀਂ ਕੀਤੀ। ਉਨ੍ਹਾਂ ਭਾਰਤੀਆਂ ਨੂੰ ਜਤਾਇਆ ਕਿ ਟ੍ਰੈਂਟਬ੍ਰਿਜ ਵਿੱਚ ਐਂਡਰਸਨ ਹੋਰ ਖ਼ਤਰਨਾਕ ਸਾਬਤ ਹੋਵੇਗਾ।

 

 

fbbg-image

Latest News
Magazine Archive