ਰਾਜ ਸਭਾ ’ਚ ਪੇਸ਼ ਨਾ ਹੋਇਆ ਤਿੰਨ ਤਲਾਕ ਬਿਲ


ਨਵੀਂ ਦਿੱਲੀ - ਸਿਆਸੀ ਪਾਰਟੀਆਂ ਵਿੱਚ ਆਪਸੀ ਸਹਿਮਤੀ ਨਾ ਬਣ ਸਕਣ ਕਾਰਨ ਅੱਜ ਰਾਜ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਤੀਹਰਾ ਤਲਾਕ ਬਿੱਲ ਬਹਿਸ ਲਈ ਤੇ ਪਾਸ ਹੋਣ ਪੇਸ਼ ਨਹੀਂ ਹੋ ਸਕਿਆ। ਇਹ ਬਿੱਲ ਹੁਣ ਸਰਦ ਰੁੱਤ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ।
ਲੋਕ ਸਭਾ ਵਿੱਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਰਾਜ ਸਭਾ ਵਿੱਚ ਇਹ ਬਿੱਲ ਲਟਕ ਜਾਣ ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ’ਚ ਲੱਗੀ ਮੋਦੀ ਸਰਕਾਰ ਇਸ ਮਾਮਲੇ ’ਚ ਆਰਡੀਨੈਂਸ ਲਿਆ ਸਕਦੀ ਹੈ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੋ ਵਾਰ ਰੋਕੇ ਜਾਣ ਮਗਰੋਂ ਬਾਅਦ ਦੁਪਹਿਰ 2.30 ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਚੇਅਰਮੈਨ ਐੱਮ ਵੈਂਕੱਈਆ ਨਾਇਡੂ ਨੇ ਕਿਹਾ ਕਿ ਇਸ ਮੁੱਦੇ ’ਤੇ ਸਿਆਸੀ ਪਾਰਟੀਆਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਇਹ ਬਿੱਲ ਬਹਿਸ ਲਈ ਤੇ ਪਾਸ ਹੋਣ ਲਈ ਪੇਸ਼ ਨਹੀਂ ਕੀਤਾ ਜਾਵੇਗਾ। ਸ੍ਰੀ ਨਾਇਡੂ ਦੀ ਇਸ ਸਬੰਧੀ ਵੱਖ ਆਗੂਆਂ ਨਾਲ ਮੀਟਿੰਗਾਂ ਵੀ ਬੇਨਤੀਜਾ ਰਹੀਆਂ। ਦੱਸਣਾ ਬਣਦਾ ਹੈ ਕਿ ਰਾਜ ਸਭਾ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਮੁਸਲਿਮ ਮਹਿਲਾ (ਵਿਆਹ ਦੇ ਹੱਕਾਂ ਦੀ ਰਾਖੀ ਸਬੰਧੀ) ਬਿੱਲ 2017 ਨੂੰ ਹੋਰ ਪੜਤਾਲ ਲਈ ਵਿਸ਼ੇਸ਼ ਕਮੇਟੀ ਕੋਲ ਭੇਜਿਆ ਜਾਵੇ, ਜਦਕਿ ਉੱਪਰਲੇ ਸਦਨ ’ਚ ਘੱਟ ਗਿਣਤੀ ਭਾਜਪਾ ਕੋਸ਼ਿਸ਼ ਕਰ ਰਹੀ ਹੈ ਕਿ ਇਸ ਬਿੱਲ ਨੂੰ ਪਾਸ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਕੇਂਦਰੀ ਕੈਬਨਿਟ ਨੇ ਬੀਤੇ ਦਿਨ ਮੁਸਲਿਮ ਮਹਿਲਾ ਬਿੱਲ 2017 ’ਚ ਜ਼ਮਾਨਤ ਦੀ ਮਦ ਸਮੇਤ ਕੁਝ ਸੋਧਾਂ ਪਾਸ ਕਰ ਦਿੱਤੀਆਂ ਸਨ। ਬੀਤੇ ਸਾਲ 22 ਅਗਸਤ ਨੂੰ ਸੁਪਰੀਮ ਕੋਰਟ ਵੱਲੋਂ ਤੀਹਰੇ ਤਲਾਕ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੱਤੇ ਜਾਣ ਦੇ ਮੱਦੇਨਜ਼ਰ ਹੀ ਇਹ ਸੋਧਾਂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਭਾਜਪਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਅੱਜ ਤੀਹਰਾ ਤਲਾਕ ਬਿੱਲ ਪਾਸ ਨਾ ਹੋਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਦੂਹਰਾ ਚਰਿੱਤਰ ਦਿਖਾਉਂਦਿਆਂ ਲੋਕ ਸਭਾ ’ਚ ਬਿੱਲ ਦੀ ਹਮਾਇਤ ਕੀਤੀ, ਪਰ ਰਾਜ ਸਭਾ ’ਚ ਸਰਕਾਰ ਦਾ ਸਾਥ ਨਹੀਂ ਦਿੱਤਾ।
ਮੋਦੀ ਦੀ ਟਿੱਪਣੀ ਸਦਨ ਦੀ ਕਾਰਵਾਈ ’ਚੋਂ ਹਟਾਈ
ਨਵੀਂ ਦਿੱਲੀ - ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਕੀਤੀ ਗਈ ਟਿੱਪਣੀ ਨੂੰ ਇਤਰਾਜ਼ਯੋਗ ਪਾਏ ਜਾਣ ’ਤੇ ਸਦਨ ਦੀ ਕਾਰਵਾਈ ’ਚੋਂ ਕੱਢ ਦਿੱਤਾ ਹੈ। ਜਨਤਾ ਦਲ (ਯੂ) ਦੇ ਮੈਂਬਰ ਹਰਿਵੰਸ਼ ਨੂੰ ਬੀਤੇ ਦਿਨ ਰਾਜ ਸਭਾ ਦਾ ਉਪ ਸਭਾਪਤੀ ਚੁਣੇ ਜਾਣ ਮਗਰੋਂ ਉਨ੍ਹਾਂ ਨੂੰ ਵਧਾਈ ਦਿੰਦੇ ਸ੍ਰੀ ਮੋਦੀ ਦੇ ਸੁਨੇਹੇ ’ਚ ਕੀਤੀ ਗਈ ਟਿੱਪਣੀ ਨੂੰ ਸ੍ਰੀ ਨਾਇਡੂ ਨੇ ਅੱਜ ਦੀ ਕਾਰਵਾਈ ’ਚੋਂ ਹਟਾਉਣ ਦਾ ਫ਼ੈਸਲਾ ਕੀਤਾ। ਇਸੇ ਦੌਰਾਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਵੱਲੋਂ ਵੀ ਹਰਿਪ੍ਰਸਾਦ ਬਾਰੇ ਕੀਤੀ ਗਈ ਟਿੱਪਣੀ ਨੂੰ ਸ੍ਰੀ ਨਾਇਡੂ ਨੇ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ।

 

 

fbbg-image

Latest News
Magazine Archive