ਮੁਜ਼ੱਫਰਪੁਰ ਬਾਲਿਕਾ ਗ੍ਰਹਿ ਮਾਮਲੇ ’ਚ ਮੰਤਰੀ ਮੰਜੂ ਵਰਮਾ ਵੱਲੋਂ ਅਸਤੀਫ਼ਾ


ਪਟਨਾ - ਮੁਜ਼ੱਫਰਪੁਰ ਬਾਲਿਕਾ ਗ੍ਰਹਿ ’ਚ ਜਿਨਸੀ ਸ਼ੋਸ਼ਣ ਮਾਮਲੇ ਦਾ ਪਰਦਾਫਾਸ਼ ਹੋਣ ਮਗਰੋਂ ਬਿਹਾਰ ਦੀ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੇ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਤਨੀ ਨੇ ਦੋਸ਼ ਲਾਏ ਸਨ ਕਿ ਵਰਮਾ ਦਾ ਪਤੀ ਚੰਦੇਸ਼ਵਰ ਵਰਮਾ ਅਕਸਰ ਮੁਜ਼ੱਫਰਪੁਰ ਬਾਲਿਕਾ ਗ੍ਰਹਿ ’ਚ ਆਉਂਦਾ ਰਹਿੰਦਾ ਸੀ। ਇਸ ਮਗਰੋਂ ਵਿਰੋਧੀ ਧਿਰ ਮੰਜੂ ਵਰਮਾ ਦੇ ਅਸਤੀਫ਼ੇ ਲਈ ਦਬਾਅ ਬਣਾ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੀਆਂ ਫੋਨ ਕਾਲਾਂ ਦੀ ਪੜਤਾਲ ਤੋਂ ਪਤਾ ਲੱਗਾ ਕਿ ਉਸ ਨੇ ਇਸ ਸਾਲ ਜਨਵਰੀ ਤੋਂ ਜੂਨ ਤਕ ਮੰਤਰੀ ਦੇ ਪਤੀ ਨਾਲ 17 ਵਾਰ ਗੱਲਬਾਤ ਕੀਤੀ ਸੀ। ਠਾਕੁਰ ਨੇ ਵੀ ਮੰਨਿਆ ਸੀ ਕਿ ਉਹ ਮੰਤਰੀ ਦੇ ਪਤੀ ਨਾਲ ਗੱਲਾਂ ਕਰਦਾ ਸੀ ਪਰ ਇਹ ਸਾਰੀ ਗੱਲਬਾਤ ਸਿਆਸੀ ਮੁੱਦਿਆਂ ’ਤੇ ਕੇਂਦਰਤ ਹੁੰਦੀ ਸੀ। ਉਂਜ ਮੰਜੂ ਵਰਮਾ ਪਤੀ ਦਾ ਬਚਾਅ ਕਰਦੀ ਆ ਰਹੀ ਸੀ ਕਿ ਉਹ ਇਕ ਵਾਰ ਉਸ ਦੀ ਹਾਜ਼ਰੀ ’ਚ ਹੀ ਬਾਲਿਕਾ ਗ੍ਰਹਿ ’ਚ ਗਿਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਕੁਸ਼ਵਾਹਾ ਭਾਈਚਾਰੇ (ਓਬੀਸੀ ਵਰਗ) ’ਚੋਂ ਹੋਣ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ: ਠਾਕੁਰ
ਮੁਜ਼ੱਫਰਪੁਰ/ਪਟਨਾ - ਬਾਲਿਕਾ ਗ੍ਰਹਿ ਸੈਕਸ ਸਕੈਂਡਲ ਮਾਮਲੇ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਨੇ ਬਿਹਾਰ ਦੀ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਸਿਆਸੀ ਹਿੱਤਾਂ ਕਰਕੇ ਫਸਾਇਆ ਗਿਆ ਹੈ। ਵਿਸ਼ੇਸ਼ ਪੋਕਸੋ ਅਦਾਲਤ ਦੇ ਬਾਹਰ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਠਾਕੁਰ ਨੇ ਕਿਹਾ ਕਿ ਉਸ ਨੂੰ ਆਉਂਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਟਿਕਟ ਮਿਲਣ ਦੀ ਸੰਭਾਵਨਾ ਨੂੰ ਦੇਖਦਿਆਂ ਸਿਆਸਤ ਦੀ ਭੇਟ ਚਾੜ੍ਹਿਆ ਗਿਆ ਹੈ। ਠਾਕੁਰ ਦੇ ਦਾਅਵਿਆਂ ਦਾ ਕਾਂਗਰਸ ਨੇ ਤੁਰੰਤ ਖੰਡਨ ਕਰਦਿਆਂ ਇਸ ਨੂੰ ਬੇਤੁਕਾ ਬਿਆਨ ਦੱਸਿਆ। ਅਦਾਲਤ ਅੰਦਰ ਜਾਣ ਸਮੇਂ ਪੱਪੂ ਯਾਦਵ ਦੀ ਅਗਵਾਈ ਹੇਠਲੀ ਜਨ ਅਧਿਕਾਰ ਪਾਰਟੀ ਦੇ ਦਰਜਨਾਂ ਕਾਰਕੁਨਾਂ ਨੇ ਠਾਕੁਰ ਦਾ ਮੂੰਹ ਕਾਲਾ ਕਰ ਦਿੱਤਾ।
 

 

 

fbbg-image

Latest News
Magazine Archive