‘ਆਪ’ ਦਾ ਸੰਕਟ: ਵਿਧਾਇਕ ਰੋੜੀ ਦੀ ਖਹਿਰਾ ਧੜੇ ਵਿੱਚ ਵਾਪਸੀ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਧੜੇ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਅੱਜ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੀ ਇਸ ਨਾਲ ਆਣ ਰਲੇ। ਇਸ ਦੇ ਨਾਲ ਹੀ ਬਾਗ਼ੀ ਧੜੇ ਨੇ ਸਾਫ ਕਰ ਦਿੱਤਾ ਕਿ ਨਾ ਤਾਂ ਉਹ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਮੰਨਣਗੇ ਅਤੇ ਨਾ ਪੰਜਾਬ ਦੀ ਮੌਜੂਦਾ ‘ਨਕਲੀ’ ਲੀਡਰਸ਼ਿਪ ਨੂੰ। ਸ੍ਰੀ ਰੋੜੀ ਸਣੇ ਹੁਣ ਧੜੇ ਵਿਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਸਮੇਤ 8 ਵਿਧਾਇਕ ਹੋ ਗਏ ਹਨ।
ਦੱਸਣਯੋਗ ਹੈ ਕਿ ਸ੍ਰੀ ਰੋੜੀ ਨੇ ਭਾਵੇਂ ਸ੍ਰੀ ਖਹਿਰਾ ਨਾਲ ਦਿੱਲੀ ਦੀ ਲੀਡਰਸ਼ਿਪ ਵਿਰੁੱਧ ਬਗ਼ਾਵਤ ਕਰਨ ਵਾਲੀ ਪਹਿਲੀ ਕਾਨਫਰੰਸ ਵਿਚ ਸ਼ਿਰਕਤ ਕੀਤੀ ਸੀ ਪਰ ਬਾਅਦ ਵਿਚ ਉਹ ਪਿੱਛੇ ਹਟ ਗਏ ਸਨ। ਉਨ੍ਹਾਂ ਵੀ ਵਿਧਾਇਕ ਰੁਪਿੰਦਰ ਕੌਰ ਰੂਬੀ ਵਾਂਗ ਬਠਿੰਡਾ ਕਨਵੈਨਸ਼ਨ ਵਿਚ ਸ਼ਿਰਕਤ ਨਹੀਂ ਕੀਤੀ ਸੀ। ਉਂਜ ਅੱਜ ਸ੍ਰੀ ਖਹਿਰਾ ਧੜੇ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਵਿਚੋਂ ਇਸ ਧਿਰ ਨਾਲ ਜੁੜੇ 3 ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਗ਼ੈਰਹਾਜ਼ਰ ਰਹੇ ਅਤੇ ਸਿਰਫ਼ ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਹੀ ਸ਼ਾਮਲ ਸਨ। ਧੜੇ ਨੇ ਦਾਅਵਾ ਕੀਤਾ ਕਿ 3-4 ਹੋਰ ਵਿਧਾਇਕ ਉਨ੍ਹਾਂ ਨਾਲ ਮਿਲ ਸਕਦੇ ਹਨ।
ਸ੍ਰੀ ਰੋੜੀ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵਿਚੋਲਗੀ ਰਾਹੀਂ ਦੋਵਾਂ ਧਿਰਾਂ ਦੀ ਮੀਟਿੰਗ ਕਰਵਾਈ ਸੀ ਪਰ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੋਈ ਸੁਣਵਾਈ ਨਾ ਕਰਨ ਕਾਰਨ ਗੱਲ ਸਿਰੇ ਨਹੀਂ ਚੜ੍ਹੀ। ਸ੍ਰੀ ਰੋੜੀ ਨੇ ਦੱਸਿਆ ਕਿ ਜਦੋਂ ਖਹਿਰਾ ਧੜੇ ਦੇ ਵਿਧਾਇਕ ਦਿੱਲੀ ਸ੍ਰੀ ਸਿਸੋਦੀਆ ਨੂੰ ਮਿਲਣ ਗਏ ਤਾਂ ਪੰਜਾਬ ਦੇ ਸਾਬਕਾ ਸਹਿ-ਇੰਚਾਰਜ ਦੁਰਗੇਸ਼ ਪਾਠਕ ਵੀ ਮੀਟਿੰਗ ਵਿਚ ਸਨ। ਇਸ ਮੌਕੇ ਵਿਧਾਇਕ ਐਚ.ਐਸ. ਫੂਲਕਾ ਨੇ ਸ੍ਰੀ ਪਾਠਕ ਨੂੰ ਕਥਿਤ ਤੌਰ ’ਤੇ ‘ਪੰਜਾਬ ਵਿਚ ਪਾਰਟੀ ਨੂੰ ਬਰਬਾਦ ਕਰਨ ਵਾਲਾ’ ਕਰਾਰ ਦੇ ਕੇ ਵਿਰੋਧ ਕੀਤਾ ਤਾਂ ਸ੍ਰੀ ਸਿਸੋਦੀਆ ਨੂੰ ਸ੍ਰੀ ਪਾਠਕ ਨੂੰ ਮੀਟਿੰਗ ਵਿਚੋਂ ਬਾਹਰ ਭੇਜਣਾ ਪਿਆ। ਉਨ੍ਹਾਂ ਗੁੱਸੇ ਦੇ ਰੌਂਅ ਵਿੱਚ ਕਿਹਾ ਕਿ ਹੁਣ ਉਹ ਸ੍ਰੀ ਸਿਸੋਦੀਆ ਦੇ ‘ਗਲੇ ਵਿਚ ਫਸੇ ਕਿੱਲੇ ਨੂੰ ਕੱਢ ਕੇ’ ਹੀ ਦਮ ਲੈਣਗੇ।
ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਗਵੰਤ ਮਾਨ ਵੀ ਵਿਧਾਇਕਾਂ ਨੂੰ ਫੋਨ ਕਰਕੇ ਖਹਿਰਾ ਧੜੇ ਵਿਚ ਆਉਣ ਤੋਂ ਰੋਕਦੇ ਰਹੇ ਹਨ। ਜੇ ਕੌਮੀ ਲੀਡਰਸ਼ਿਪ ਸ੍ਰੀ ਮਾਨ ਨੂੰ ਮੁੜ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤਾਂ ਬਾਗ਼ੀ ਧੜਾ ਉਨ੍ਹਾਂ ਨੂੰ ਪ੍ਰਧਾਨ ਨਹੀਂ ਮੰਨੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦਾ ਕਥਿਤ ਤੌਰ ’ਤੇ ‘ਸੱਤਿਆਨਾਸ ਕਰਨ ਵਾਲਾ ਦੁਰਗੇਸ਼ ਪਾਠਕ’ ਮੁੜ ਦਿੱਲੀ ਵਿਚ ਪਰਦੇ ਪਿੱਛੇ ਬੈਠਾ ਇਥੋਂ ਦੇ ਫੈਸਲੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਇਕ ‘ਬੱਚੇ’ ਗੈਰੀ ਵੜਿੰਗ ਨੂੰ ਪੰਜਾਬ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਸਿਰਜਣ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ‘ਅਨਾੜੀ’ ਪੰਜਾਬ ਇਕਾਈ ਨੂੰ ਭੰਗ ਕਰ ਕੇ ਵਾਲੰਟੀਅਰਾਂ ਦਾ ਡਾਟਾ ਆਨਲਾਈਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ 11 ਅਗਸਤ ਨੂੰ ਗੜ੍ਹਸ਼ੰਕਰ ਵਿਚ ਵਾਲੰਟੀਅਰ ਮੀਟਿੰਗ ਕਰ ਕੇ ਨਵਾਂ ਜਥੇਬੰਦਕ ਢਾਂਚਾ ਉਸਾਰਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਈਸੜੂ ਸ਼ਹੀਦੀ ਕਾਨਫਰੰਸ ਵਿਚ ਉਨ੍ਹਾਂ ਦਾ ਧੜਾ ਪ੍ਰੋਗਰਾਮ ਕਰੇਗਾ ਅਤੇ 25 ਅਗਸਤ ਨੂੰ ਗੁਰਦਾਸਪੁਰ ਵਿਚ ਵਾਲੰਟੀਅਰ ਮੀਟਿੰਗ ਕੀਤੀ ਜਾਵੇਗੀ। ਸ੍ਰੀ ਖਹਿਰਾ ਨੇ ਕਿਹਾ ਕਿ ਹੁਣ ਪੰਜਾਬ ਨੂੰ ਖੁਦਮੁਖ਼ਤਾਰੀ ਦਿਵਾਉਣ ਦੇ ਮੁੱਦੇ ਤੋਂ ਘੱਟ ਦਿੱਲੀ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਂਜ ਸ੍ਰੀ ਖਹਿਰਾ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਲਈ ਪੰਜਾਬ ਵਿਚੋਂ ਮੰਗਵਾਏ ਸਿਫਾਰਸ਼ੀ ਪੱਤਰ ਉਪਰ ਦਸਤਖਤ ਕਰਨ ਵੇਲੇ ਪੰਜਾਬ ਦੀ ਖੁਦਮੁਖਤਾਰੀ ਯਾਦ ਨਾ ਆਉਣ ਬਾਰੇ ਸਵਾਲ ਦਾ ਜਵਾਬ ਨਾ ਦੇ ਸਕੇ। ਅੱਜ ਪ੍ਰੈਸ ਕਾਨਫਰੰਸ ਵਿੱਚ ‘ਆਪ’ ਦੇ ਕਿਸਾਨ ਵਿੰਗ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਜ਼ਿਲ੍ਹਾ ਫਤਿਹਗੜ੍ਹ ਦੇ ਪ੍ਰਧਾਨ ਲਖਬੀਰ ਸਿੰਘ ਰਾਏ, ਐਸਜੀਪੀਸੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ ਆਦਿ ਵੀ ਹਾਜ਼ਰ ਸਨ।

 

 

fbbg-image

Latest News
Magazine Archive