ਮੌਸਮ ਦੀ ਖੁਸ਼ਕੀ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ ਵਧੀ


ਪਟਿਆਲਾ - ਸੂਬੇ ’ਚ ਬਾਰਸ਼ਾਂ ਮਗਰੋਂ ਮੌਸਮ ਮੁੜ ਖੁਸ਼ਕ ਹੋਣ ’ਤੇ ਬਿਜਲੀ ਦੀ ਮੰਗ ਵਧਣ ਲੱਗੀ ਹੈ। ਪਿਛਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ ਜੋ 10 ਹਜ਼ਾਰ ਮੈਗਾਵਾਟ ਦੇ ਕਰੀਬ ਸੀ, ਹੁਣ ਉਸ ’ਚ 15 ਸੌ ਮੈਗਾਵਾਟ ਦੇ ਕਰੀਬ ਵਾਧਾ ਹੋ ਗਿਆ ਹੈ।
ਵੇਰਵਿਆਂ ਮੁਤਾਬਕ ਬਿਜਲੀ ਦੀ ਮੰਗ ਅੱਜ 11500 ਮੈਗਾਵਾਟ ਨੂੰ ਛੂਹ ਗਈ ਸੀ। ਅਜਿਹੇ ਲਿਹਾਜ਼ ’ਚ ਪਾਵਰਕੌਮ ਨੇ ਆਪਣੇ ਅੱਠ ’ਚੋਂ ਸੱਤ ਯੂਨਿਟਾਂ ਨੂੰ ਕਾਰਜਸ਼ੀਲ ਰੱਖਿਆ ਹੋਇਆ ਹੈ, ਜਦੋਂ ਕਿ ਪ੍ਰਾਈਵੇਟ ਖੇਤਰ ਦੇ ਤਿੰਨੋਂ ਥਰਮਲ ਕਾਰਜਸੀਲ ਹਨ। ਇਸ ਵੇਲੇ ਰਾਜਪੁਰਾ ਤੇ ਗੋਇੰਦਵਾਲ ਥਰਮਲ ਦੀ ਇੱਕ ਇੱਕ ਯੂਨਿਟ ਜਦੋਂ ਕਿ ਤਲਵੰਡੀ ਸਾਬੋ ਦੀਆਂ ਤਿੰਨ ਯੂਨਿਟਾਂ ਪੈਦਾਵਾਰ ਕਰ ਰਹੀਆਂ ਹਨ। ਤਿੰਨੋਂ ਥਰਮਲ 2800 ਮੈਗਾਵਾਟ ਦੇ ਕਰੀਬ ਪੈਦਾਵਾਰ ਕਰ ਰਹੇ ਹਨ। ਜਦੋਂ ਕਿ ਪਾਵਰਕੌਮ ਆਪਣੇ ਥਰਮਲਾਂ ਤੋਂ 1500 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਕਰ ਰਿਹਾ ਹੈ। ਪਾਵਰਕੌਮ ਲੰਮੀ ਮਿਆਦ ਦੇ ਸਮਝੌਤਿਆਂ ਹੇਠ ਬਾਹਰੋਂ ਵੀ ਕੁਝ ਬਿਜਲੀ ਲੈ ਰਿਹਾ ਹੈ। ਉਂਜ ਐਤਕੀਂ ਸ਼ਾਰਟ ਟਰਮ ਹੇਠ ਪਾਵਰਕੌਮ ਨੂੰ ਬਿਜਲੀ ਖਰੀਦਣ ਦੀ ਵੱਡੀ ਲੋੜ ਨਹੀਂ ਪਈ। ਬਲਕਿ ਪੀਕ ਲੋਡ ਵੇਲੇ ਜਦੋਂ ਬਿਜਲੀ ਦੇ ਭਾਅ ਮਹਿੰਗੇ ਹੁੰਦੇ ਹਨ ਉਸ ਵੇਲੇ ਪਾਵਰਕੌਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਿਜਲੀ ਮੁੱਲ ਵੀ ਵੇਚੀ ਜਾ ਰਹੀ ਹੈ। ਪਾਵਰਕੌਮ ਦੇ ਸੀਐਮਡੀ ਇੰਜੀ.ਬਲਦੇਵ ਸਿੰਘ ਸਰਾ ਨੇ ਦੱਸਿਆ ਕਿ ਅੱਜ ਸ਼ਾਮੀਂ ਵੀ 6 ਲੱਖ ਯੂਨਿਟ ਦੇ ਕਰੀਬ ਐਕਸਚੇਂਜ ਜ਼ਰੀਏ ਬਾਹਰੀ ਰਾਜਾਂ ਨੂੰ ਬਿਜਲੀ ਮੁੱਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ਾਂ ਦੇ ਹਟਣ ਮਗਰੋਂ ਹੁਣ ਜਦੋਂ ਮੁੜ ਖੇਤੀ ਮੋਟਰਾਂ ਚੱਲਣਗੀਆਂ ਤਾਂ ਬਿਜਲੀ ਦੀ ਮੰਗ ਵਧ ਸਕਦੀ ਹੈ, ਅਜਿਹੇ ’ਚ ਪਾਵਰਕੌਮ ਵੱਲੋਂ ਰੋਪੜ ਦੇ ਬੰਦ ਪਏ ਆਖਰੀ ਯੂਨਿਟ ਨੂੰ ਜਿਥੇ ਚਲਾਇਆ ਜਾ ਸਕਦਾ ਹੈ ਉਥੇ ਹੀ ਪ੍ਰਾਈਵੇਟ ਥਰਮਲਾਂ ਦੀਆਂ ਬੰਦ ਯੂਨਿਟਾਂ ਨੂੰ ਵੀ ਚਲਾਉਣ ਦੀਆਂ ਹਦਾਇਤਾਂ ਕੀਤੀਆਂ ਜਾਣਗੀਆਂ।
ਪਾਵਰਕੌਮ ਵੱਲੋਂ ਰਾਜ ਪੱਧਰੀ ਵਣ ਮਹਾਂ ਉਤਸਵ ਭਲਕੇ
ਪਾਵਰਕੌਮ ਵੱਲੋਂ 4 ਅਗਸਤ ਨੂੰ ਪਟਿਆਲਾ ’ਚ ਰਾਜ ਪੱਧਰੀ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪੌਦਾ ਲਗਾ ਕੇ ਇਸ ਰਾਜ ਪੱਧਰੀ ਮੁਹਿੰਮ ਦਾ ਆਗਾਜ਼ ਕਰਨਗੇ। ਇੰਜ. ਸਰਾ ਨੇ ਦੱਸਿਆ ਕਿ ਅਦਾਰੇ ਦੀਆਂ ਸਾਰੀਆਂ ਸਬ ਡਵੀਜ਼ਨਾਂ, ਥਰਮਲਾਂ ਤੇ ਹਾਈਡਲ ਪਲਾਂਟਾਂ ਦੇ ਦਫਤਰਾਂ ਦੇ ਪੱਧਰ ’ਤੇ ਘੱਟੋ ਘੱਟ 100 ਦਰੱਖਤ ਲਗਾਉਣ ਦੀ ਯੋਜਨਾ ਹੈ।

 

 

fbbg-image

Latest News
Magazine Archive