ਰਾਜ ਸਭਾ ਵਿੱਚ ਉਠਿਆ ਪੰਜਾਬ ਦੇ ਫ਼ਰਜ਼ੀ ਟਰੈਵਲ ਏਜੰਟਾਂ ਦਾ ਮੁੱਦਾ


ਨਵੀਂ ਦਿੱਲੀ - ਪੰਜਾਬ ਵਿੱਚ ਫਰਜ਼ੀ ਟਰੈਵਲ ਏਜੰਸੀਆਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕਾਮਿਆਂ ਨੂੰ ਵਿਦੇਸ਼ ਭੇਜਣ ਦੀ ਸਮੱਸਿਆ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਉਠਿਆ। ਹੁਣ ਇਸ ਦਾਇਰੇ ਵਿੱਚ ਵਿਦਿਆਰਥੀਆਂ ਵੀ ਆ ਗਏ ਹਨ। ਸਿਫਰ ਕਾਲ ਵਿੱਚ ਭਾਜਪਾ ਦੇ ਸ਼ਵੇਤ ਮਲਿਕ ਨੇ ਪੰਜਾਬ ਦੇ ਫਰਜ਼ੀ ਟਰੈਵਲ ਏਜੰਸੀਆਂ ਦੀ ਗਿਣਤੀ ਅਚਾਨਕ ਵਧਣ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਤੋਂ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਅਧਿਕਾਰਤ ਰੂਪ ਵਿੱਚ ਸਿਰਫ 1100 ਰਜਿਸਟਰਡ ਟਰੈਵਲ ਏਜੰਟ ਹਨ। ਜਦੋਂ ਕਿ ਪੂਰੇ ਰਾਜ ਵਿੱਚ ਫਰਜ਼ੀ ਏਜੰਸੀਆਂ ਦੀ ਭਰਮਾਰ ਹੈ। ਇਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਂ ’ਤੇ ਪਨਾਮਾ ਅਤੇ ਇਰਾਕ ਸਮੇਤ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।
ਪੇਸ਼ੇਵਰਾਂ ਦੇ ਪਰਵਾਸ ਦਾ ਮੁੱਦਾ: ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਵਿੱਚੋਂ ਪ੍ਰਤਿਭਾ ਦੇ ਪਰਵਾਸ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਮੇਤ ਹੋਰ ਰਾਜਾਂ ਤੋਂ ਡਾਕਟਰ, ਇੰਜਨੀਅਰ ਅਤੇ ਹੋਰ ਪੇਸ਼ੇਵਰ ਲੱਖਾਂ ਪ੍ਰਤਿਭਾਸ਼ਾਲੀ ਲੋਕ ਵਿਦੇਸ਼ ਚਲੇ ਜਾਂਦੇ ਹਨ।
ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕੱਲੇ ਪੰਜਾਬ ’ਚੋਂ ਪੜ੍ਹਾਈ ਕਰਕੇ ਨੌਕਰੀ ਕਰਨ ਲਈ ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਮਾਪੇ ਇਨ੍ਹਾਂ ਦੀ ਪੜ੍ਹਾਈ ’ਤੇ 27 ਹਜ਼ਾਰ ਕਰੋੜ ਰੁਪਏ ਖਰਚ ਕਰਦੇ ਹਨ। ਉਨ੍ਹਾਂ ਰਾਸ਼ਟਰੀ ਨੀਤੀ ਬਣਾ ਕੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਮੰਗ ਕੀਤੀ।
ਕਹਿਕਸ਼ਾਂ ਪਰਵੀਨ ਨੇ ਕੀਤਾ ਸੰਚਾਲਨ: ਰਾਜ ਸਭਾ ਵਿੱਚ ਅਧਿਕਾਰੀਆਂ ਦੇ ਪੈਨਲ ਵਿੱਚ ਸ਼ਾਮਲ ਕਹਿਕਸ਼ਾਂ ਪਰਵੀਨ ਨੇ ਅੱਜ ਪਹਿਲੀ ਵਾਰ ਪ੍ਰਸ਼ਨ ਕਾਲ ਦੌਰਾਨ ਸੰਸਦ ਦੀ ਕਾਰਵਾਈ ਦਾ ਸੰਚਾਲਨ ਕੀਤਾ ਅਤੇ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਇਸ ਦਾ ਸਵਾਗਤ ਕੀਤਾ।
ਗੰਗਾ ਨਦੀ ਦੇ ਪਾਣੀ ’ਚ ਸੁਧਾਰ: ਕੇਂਦਰ ਸਰਕਾਰ ਵੱਲੋਂ ਜਲ ਸਰੋਤ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਮੁਲਾਂਕਣ ਅਨੁਸਾਰ ਬਹੁਤੀਆਂ ਥਾਵਾਂ ’ਤੇ ਗੰਗਾ ਨਦੀ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।
ਕਿਸਾਨਾਂ ਨਾਲ ਸਬੰਧਤ ਮੁੱਦਾ: ਭਾਜਪਾ ਮੈਂਬਰ ਵਿਜੈ ਪਾਲ ਸਿੰਘ ਤੋਮਰ ਨੇ ਕਿਸਾਨਾਂ ਨਾਲ ਜੁੜਿਆ ਮੁੱਦਾ ਚੁੱਕਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਾਉਣੀ ਦੀਆਂ ਫਸਲਾਂ ਦੀ ਖਰੀਦ ਸੌਖੀ ਬਣਾਉਣ ਲਈ ਬਿਹਤਰ ਇੰਤਜ਼ਾਮ ਕੀਤੇ ਜਾਣ।
ਪੱਤਰਕਾਰਾਂ ’ਤੇ ਹਮਲੇ: ਸੀਪੀਆਈ (ਐਮ) ਦੇ ਆਗੂ ਝਰਨਾ ਦਾਸ ਬੈਦਿਆ ਨੇ ਪੱਤਰਕਾਰਾਂ ’ਤੇ ਹਮਲਿਆਂ ਬਾਰੇ ਚਰਚਾ ਕਰਦਿਆਂ ਸਰਕਾਰ ਤੋਂ ਪੁੱਛਿਆ ਕਿ ਪਿਛਲੇ ਸਮੇਂ ਕਈ ਪੱਤਰਕਾਰਾਂ ’ਤੇ ਹਮਲੇ ਹੋਏ ਅਤੇ ਕਈਆਂ ਦੇ ਕਤਲ ਕੀਤੇ ਗਏ ਇਸ ਮਾਮਲੇ ’ਤੇ ਸਰਕਾਰ ਨੇ ਹੁਣ ਤਕ ਕੀ ਕਦਮ ਚੁੱਕੇ ਹਨ।
ਕਾਰਗਿਲ ਦੇ ਹੀਰੋ ਦੀ ਹਾਲਤ: ਜਨਤਾ ਦਲ (ਯੂ) ਦੇ ਆਗੂ ਰਾਮ ਨਾਥ ਠਾਕੁਰ ਨੇ ਕਾਰਗਿੱਲ ਜੰਗ ਦੇ ਹੀਰੋ ਲਾਂਸ ਨਾਇਕ (ਸੇਵਾਮੁਕਤ) ਸਤਬੀਰ ਸਿੰਘ ਦੀ ਮਾੜੀ ਆਰਥਿਕ ਹਾਲਤ ਬਿਆਨ ਕੀਤੀ ਜੋ ਇਕ ਜੂਸ ਦੀ ਦੁਕਾਨ ’ਤੇ ਭਾਂਡੇ ਮਾਂਜ ਰਹੇ ਹਨ। ਇਸ ’ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਅਦਾਇਗੀ ਕਰ ਦਿੱਤੀ ਗਈ ਹੈ।

 

 

fbbg-image

Latest News
Magazine Archive