ਸਿੰਧੂ, ਸਾਇਨਾ, ਪ੍ਰਣੀਤ ਤੇ ਅਸ਼ਵਿਨੀ-ਸਾਤਵਿਕ

ਦੀ ਜੋੜੀ ਕੁਆਟਰ ਫਾਈਨਲਜ਼ ’ਚ


ਨਾਨਜਿੰਗ(ਚੀਨ) - ਭਾਰਤ ਦੀਆਂ ਦੋ ਸਿਖਰਲੀਆਂ ਬੈਡਮਿੰਟਨ ਖਿਡਾਰਨਾਂ ਪੀ.ਵੀ. ਸਿੰਧੂ ਤੇ ਸਾਇਨਾ ਨੇਹਵਾਲ ਅਤੇ ਪੁਰਸ਼ ਵਰਗ ਵਿੱਚ ਬੀ.ਸਾਈ.ਪ੍ਰਣੀਤ ਅੱਜ ਇਥੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਏ ਜਦੋਂਕਿ ਕਿਦਾਂਬੀ ਸ਼੍ਰੀਕਾਂਤ ਨੂੰ ਹਾਰ ਨਸੀਬ ਹੋਈ। ਮਿਕਸਡ ਡਬਲਜ਼ ਵਰਗ ਵਿੱਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਗੋਹ ਸੂਨ ਹੁਆਤ ਤੇ ਸ਼ੇਵੋਨ ਜੇਮੀ ਲਾਈ ਦੀ ਮਲੇਸ਼ਿਆਈ ਜੋੜੀ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਦਿਆਂ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਗੇੜ ’ਚ ਪੁੱਜਣ ਵਿੱਚ ਸਫ਼ਲ ਰਹੀ।
ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਨੌਵਾਂ ਦਰਜਾ ਕੋਰੀਆ ਦੀ ਸੁੰਗ ਜੀ ਹਿਯੂਨ ਨੂੰ 42 ਮਿੰਟ ਚੱਲੇ ਮੁਕਾਬਲੇ ’ਚ 21-10, 21-18 ਨਾਲ ਹਰਾਇਆ। ਉਧਰ ਸਾਲ 2015 ਤੇ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਚਾਂਦੀ ਤੇ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਥਾਈਲੈਂਡ ਦੀ 2013 ਦੀ ਚੈਂਪੀਅਨ ਰਤਚਾਨੋਕ ਇੰਤਾਨੋਨ ਨੂੰ 21-16, 21-19 ਨਾਲ ਸਿੱਧੇ ਗੇਮ ’ਚ ਸ਼ਿਕਸਤ ਦਿੱਤੀ। ਅਗਲੇ ਗੇੜ ’ਚ ਉਸ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਤੇ ਦੋ ਵਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਦੀ ਸਪੇਨ ਦੀ ਕੈਰੋਲਾਇਨਾ ਮਾਰਿਨ ਨਾਲ ਹੋਵੇਗਾ। ਪੁਰਸ਼ ਵਰਗ ਵਿੱਚ ਪ੍ਰਣੀਤ ਨੇ ਡੈਨਮਾਰਕ ਦੇ ਹਾਂਸ ਕ੍ਰਿਸਟੀਅਨ ਨੂੰ 21-13, 21-11 ਨਾਲ ਹਰਾਇਆ। ਪੰਜਵਾਂ ਦਰਜਾ ਸ੍ਰੀਕਾਂਤ ਦਾ ਤਗ਼ਮਾ ਜਿੱਤਣ ਦਾ ਸੁਫ਼ਨਾ ਮਲੇਸ਼ੀਆ ਦੇ ਤਜਰਬੇਕਾਰ ਡੇਰੇਨ ਲਿਊ ਨੇ ਤੋੜ ਦਿੱਤਾ। ਲਿਊ ਨੇ ਭਾਰਤੀ ਸ਼ਟਲਰ ਨੂੰ 41 ਮਿੰਟ ਤਕ ਚੱਲੇ ਮੁਕਾਬਲੇ ’ਚ 21-18, 21-18 ਨਾਲ ਬਾਹਰ ਦਾ ਰਾਹ ਵਿਖਾਇਆ। ਹੋਰਨਾਂ ਮੁਕਾਬਲਿਆਂ ’ਚ ਰਾਸ਼ਟਰਮੰਡਲ ਖੇਡਾਂ ਵਿੱਚ ਮਿਕਸਡ ਟੀਮ ਵਰਗ ਵਿੱਚ ਸੋਨ ਤਗ਼ਮਾ ਹਾਸਲ ਕਰਨ ਵਾਲੀ ਸਾਤਵਿਕ ਤੇ ਪੋਨੱਪਾ ਦੀ ਜੋੜੀ ਨੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ 59 ਮਿੰਟ ਤਕ ਚੱਲੇ ਮੁਕਾਬਲੇ ਵਿੱਚ 20-22, 21-14, 21-6 ਨਾਲ ਸ਼ਿਕਸਤ ਦਿੱਤੀ। ਅਸ਼ਵਿਨੀ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਪਹਿਲੇ ਗੇਮ ਵਿੱਚ ਅਸੀਂ ਕਾਫ਼ੀ ਗਲ਼ਤੀਆਂ ਕੀਤੀਆਂ, ਪਰ ਦੂਜੇ ਗੇਮ ਵਿੱਚ ਆਪਣੀ ਰਣਨੀਤੀ ਨੂੰ ਲੈ ਕੇ ਅਸੀਂ ਕਾਫ਼ੀ ਯਕੀਨੀ ਸੀ। ਅਸੀ ਖ਼ੁਸ਼ ਹਾਂ ਕਿ ਧਿਆਨ ਕੇਂਦਰਤ ਕਰਨ ਸਦਕਾ ਜਿੱਤ ਹਾਸਲ ਕਰ ਸਕੇ।’ ਵਿਸ਼ਵ ਦੀ 40ਵੇਂ ਨੰਬਰ ਦੀ ਭਾਰਤੀ ਜੋੜੀ ਭਲਕੇ ਚੀਨ ਦੇ ਝੇਂਗ ਸਿਵੇਈ ਤੇ ਹੁਆਂਗ ਯਾਕਿਯੋਂਗ ਦੀ ਅੱਵਲ ਨੰਬਰ ਤੇ ਸਿਖਰਲਾ ਦਰਜਾ ਹਾਸਲ ਜੋੜੀ ਨਾਲ ਮੱਥਾ ਲਾਏਗੀ।

 

 

fbbg-image

Latest News
Magazine Archive