ਬਾਗ਼ੀ ਹੋਏ ਖਹਿਰਾ ਦੀ ਸੁਣਨ ਨੂੰ ਤਿਆਰ ਨਹੀਂ ‘ਆਪ’ ਹਾਈਕਮਾਂਡ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ  ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੀਆਂ ਜਾ ਰਹੀਆਂ ਬਾਗੀ ਸੁਰਾਂ ਅੱਗੇ ਝੁਕਣ ਦੇ ਰੌਂਅ ਵਿੱਚ ਨਹੀਂ ਹੈ ਅਤੇ ਪਾਰਟੀ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਬੈਂਸ ਭਰਾਵਾਂ ਉਪਰ ਪਾਰਟੀ ਨੂੰ ਤੋੜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਸੂਤਰਾਂ ਅਨੁਸਾਰ ਪਾਰਟੀ ਦੀ ਲੀਡਰਸ਼ਿਪ ਨੇ ਸ੍ਰੀ ਸੁਖਪਾਲ ਸਿੰਘ ਖਹਿਰਾ ਅਤੇ ਕੁੱਝ ਵਿਧਾਇਕਾਂ ਦੀਆਂ ਸਰਗਰਮੀਆਂ ਉਪਰ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਕੁੱਝ ਵਿਧਾਇਕਾਂ ਨਾਲ ਸੰਪਰਕ ਵੀ ਸਾਧਿਆ ਹੈ। ਪਾਰਟੀ ਲੀਡਰਸ਼ਿਪ ਹੈਰਾਨ ਹੈ ਕਿ ਕੱਲ੍ਹ ਸ੍ਰੀ ਖਹਿਰਾ ਦੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਏ 8 ਵਿਧਾਇਕਾਂ ਵਿੱਚੋਂ ਤਿੰਨ ਵਿਧਾਇਕਾਂ ਨੇ ਸ੍ਰੀ ਖਹਿਰਾ ਦੀ ਥਾਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋੋਧੀ ਧਿਰ ਦਾ ਆਗੂ ਬਣਾਉਣ ਦੀ ਬਕਾਇਦਾ ਲਿਖਤੀ ਸਹਿਮਤੀ ਦਿੱਤੀ ਸੀ। ਸੂਤਰਾਂ ਅਨੁਸਾਰ ਸਿਖ਼ਰਲੀ ਲੀਡਰਸ਼ਿਪ ਨੇ ਨਿਤ ਦਿਨ ਆਪਣੀ ਹੀ ਲੀਡਰਸ਼ਿਪ ਨੂੰ ਨਿੰਦਣ ਦੀ ਮੁਹਿੰਮ ਚਲਾਉਣ ਵਾਲੇ ਕੁੱਝ ਆਗੂਆਂ ਨਾਲ ਸਖਤੀ ਨਾਲ ਨਿਪਟਣ ਦਾ ਮਨ ਬਣਾ ਲਿਆ ਹੈ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ 19 ਵਿਧਾਇਕ ਸਿਆਸਤ ਵਿੱਚ ਨਵੇਂ ਹਨ। ਸੂਤਰਾਂ ਅਨੁਸਾਰ ਪਾਰਟੀ ਦੇ ਕੁੱਝ ਵਿਧਾਇਕਾਂ ਵੱਲੋਂ ਹਾਈਕਮਾਂਡ ਅਤੇ ਪਾਰਟੀ ਦੇ ਆਗੂਆਂ ਉਪਰ ਚਿੱਕੜ ਉਛਾਲੀ ਕਰਨ ਤੋਂ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੇਸ਼ਾਨ ਹਨ। ਪਾਰਟੀ ਸੂਤਰਾਂ ਅਨੁਸਾਰ ਕੱਲ੍ਹ ਸ੍ਰੀ ਖਹਿਰਾ ਸਮੇਤ 9 ਵਿਧਾਇਕਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਖਰੇ ਤੌਰ ’ਤੇ 2 ਅਗਸਤ ਨੂੰ ਬਠਿੰਡਾ ਵਿੱਚ  ਕਨਵੈਨਸ਼ਨ ਕਰਨ ਦੇ ਦਿੱਤੇ ਸੱਦੇ ਨੂੰ ਪਾਰਟੀ ਸਿੱਧੇ ਰੂਪ ਵਿੱਚ ਬਗਾਵਤ ਮੰਨ ਰਹੀ ਹੈ। ਦੱਸਣਯੋਗ ਹੈ ਕਿ ਦੂਸਰੇ ਪਾਸੇ 13 ਅਗਸਤ ਨੂੰ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਦਾ ਪਹਿਲਾਂ ਹੀ ਪੰਜਾਬ ਆਉਣ ਦਾ ਪ੍ਰੋਗਰਾਮ ਹੈ, ਜਿਸ ਦੌਰਾਨ ਵੱਡਾ ਇਕੱਠ ਕਰਕੇ ਸੂਬੇ ਦੇ ਜਥੇਬੰਦਕ ਢਾਂਚੇ ਦਾ ਮੁਕੰਮਲ ਐਲਾਨ ਕਰਕੇ ਅਗਲੀ ਰਣਨੀਤੀ ਐਲਾਨੀ ਜਾਣੀ ਹੈ ਜਦਕਿ ਇਸ ਤੋਂ ਪਹਿਲਾਂ ਹੀ ਇਹ ਘੜਮੱਸ ਪੈ ਗਿਆ ਹੈ। ਤਲਵੰਡੀ ਸਾਬੋ ਤੋਂ ‘ਆਪ’ ਦੀ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਉਹ ਪਾਰਟੀ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ 2 ਅਗਸਤ ਦੀ ਕਨਵੈਨਸ਼ਨ ਵਿੱਚ ਸ਼ਾਮਲ ਨਹੀਂ ਹੋ ਰਹੀ। ਇਸੇ ਦੌਰਾਨ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ ਤੇ ਗੁਰਦਿੱਤ ਸਿੰਘ ਸੇਖੋਂ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ ਤੇ  ਉਦਯੋਗ ਦੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਦਲਿਤ ਪਰਿਵਾਰ ਨਾਲ ਸਬੰਧਤ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਪਾਰਟੀ ਦੇ ਵਿਧਾਇਕਾਂ ਦਾ ਧੰਨਵਾਦ ਕੀਤਾ ਹੈ।
ਆਗੂਆਂ ਨੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਬੈਂਸ ਭਰਾਵਾਂ ਉਪਰ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਵਾਰ-ਵਾਰ ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਸ ਭਰਾਵਾਂ ਨੇ ਵਿਧਾਇਕ ਦਲ ਦੀਆਂ ਸਾਂਝੀਆਂ ਮੀਟਿੰਗਾਂ ਦੌਰਾਨ ਵੀ ‘ਆਪ’ ਨੂੰ ਤੋੜ ਕੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ‘ਆਪ’ ਆਗੂਆਂ ਨੇ ਪਾਰਟੀ ਦੇ ਵਾਲੰਟੀਅਰਾਂ ਤੋਂ ਲੈ ਕੇ ਸਾਰੇ ਨੇਤਾਵਾਂ ਨੂੰ ਸੁਚੇਤ ਕੀਤਾ ਕਿ ਉਹ ਬੈਂਸ ਭਰਾਵਾਂ ਦੀ ਕਥਿੱਤ ਮੌਕਾਪ੍ਰਸਤ ਰਾਜਨੀਤੀ ਅਤੇ ਝਾਂਸਿਆਂ ਵਿੱਚ ਆ ਕੇ ਗੁਮਰਾਹ ਹੋਣ ਤੋਂ ਬਚਣ।

 

 

fbbg-image

Latest News
Magazine Archive