ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ ਟੱਪਿਆ


ਨਵੀਂ ਦਿੱਲੀ - ਉਤਰੀ ਭਾਰਤ ਵਿੱਚ ਅਗਲੇ ਦੋ ਦਿਨਾਂ ਦੌਰਾਨ ਭਾਰੀ ਬਾਰਸ਼ ਦੀ ਚੇਤਾਵਨੀ ਅਤੇ ਯਮੁਨਾ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ ਪਾਰ ਕਰ ਕੇ ਅੱਜ ਸ਼ਾਮ 5 ਵਜੇ ਤੱਕ 205.20 ਮੀਟਰ ਤੱਕ ਪੁੱਜ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਕੌਮੀ ਰਾਜਧਾਨੀ ਦੇ ਨੀਵੇਂ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ। ਅਧਿਕਾਰੀਆਂ ਮੁਤਾਬਕ ਯਮੁਨਾ ਦਾ ਪਾਣੀ ਹਥਨੀਕੁੰਡ ਬੈਰਾਜ ਵਿੱਚ 90 ਹਜ਼ਾਰ ਕਿਊਸਿਕ ਦਾ ਖ਼ਤਰੇ ਦਾ ਨਿਸ਼ਾਨ ਟੱਪ ਗਿਆ ਸੀ, ਜਿਸ ਤੋਂ ਬਾਅਦ ਉਥੋਂ ਪੰਜ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਸਮੇਤ ਸਿਖਰਲੇ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਸੱਦ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ‘‘ਹਰਿਆਣਾ ਨੇ 5 ਲੱਖ ਕਿਊਸਿਕ ਪਾਣੀ ਛੱਡ ਦਿੱਤਾ ਹੈ। ਮੈਂ ਹਾਲਾਤ ’ਤੇ ਵਿਚਾਰ ਕਰਨ ਲਈ ਹੰਗਾਮੀ ਮੀਟਿੰਗ ਸੱਦੀ। ਪਾਣੀ ਭਲਕੇ ਸ਼ਾਮ  ਤੱਕ ਦਿੱਲੀ ਪੁੱਜ ਸਕਦਾ ਹੈ। ਲੋਕਾਂ ਨੂੰ ਸੁਰੱਖਿਆਤ ਥਾਵਾਂ ’ਤੇ ਪੁੱਜਣ ਲਈ ਸਹਿਯੋਗ ਦੀ ਬੇਨਤੀ ਕੀਤੀ ਜਾਂਦੀ ਹੈ।’’
ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਬਾਰਸ਼ਾਂ ਤੇ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਯਮੁਨਾ ਵਿੱਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ। ਇਸ ਸਾਰੇ ਹਾਲਾਤ ਨੂੰ ਦੇਖਦਿਆਂ ਬੀਤੇ ਦਿਨ ਹੀ ਦਿੱਲੀ ਸਰਕਾਰ ਨੇ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਰੀ ਸੇਧਾਂ ਵਿੱਚ ਕਿਹਾ ਗਿਆ ਹੈ, ‘‘ਸਾਰੇ ਕਾਰਜਕਾਰੀ ਇੰਜਨੀਅਰਾਂ/ਸੈਕਟਰ ਅਫ਼ਸਰਾਂ ਨੂੰ ਪਾਣੀ ਛੱਡੇ ਜਾਣ ਤੇ ਇਸ ਦੇ ਪੱਧਰ ਸਬੰਧੀ ਕੰਟਰੋਲ ਰੂਮ ਨਾਲ ਨੇੜਲਾ ਸੰਪਰਕ ਬਣਾਈ ਰੱਖਣ ਦੇ ਹੁਕਮ ਦਿੱਤੇ ਜਾਂਦੇ ਹਨ।’’
ਮੌਸਮ ਵਿਭਾਗ ਮੁਤਾਬਕ ਪੱਛਮੀ ਉਤਰ ਪ੍ਰਦੇਸ਼ ਉਤੇ ਘੱਟ ਦਬਾਅ ਵਾਲੇ ਹਾਲਾਤ ਬਣੇ ਹੋਏ ਹਨ। ਇਸ ਕਾਰਨ ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿੱਚ ‘ਭਾਰੀ ਤੋਂ ਬਹੁਤ ਭਾਰੀ’ ਬਾਰਸ਼ ਹੋ ਸਕਦੀ ਹੈ।
ਮੀਂਹ ਅਤੇ ਹੜ੍ਹਾਂ ਕਾਰਨ ਛੇ ਸੂਬਿਆਂ ਵਿੱਚ 537 ਹਲਾਕ
ਨਵੀਂ ਦਿੱਲੀ - ਮੌਜੂਦਾ ਮੌਨਸੂਨ ਦੌਰਾਨ ਹੁਣ ਤਕ ਛੇ ਸੂਬਿਆਂ ਵਿੱਚ ਮੀਂਹ ਅਤੇ ਹੜ੍ਹ ਕਾਰਨ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 139, ਕੇਰਲ ਵਿੱਚ 126, ਪੱਛਮੀ ਬੰਗਾਲ ਵਿੱਚ 116 , ਉੱਤਰ ਪ੍ਰਦੇਸ਼ ਵਿੱਚ 70, ਗੁਜਰਾਤ ਵਿੱਚ 52 ਅਤੇ ਅਸਾਮ ਵਿੱਚ 34 ਲੋਕਾਂ ਦੀ ਮੀਂਹ ਅਤੇ ਹੜ੍ਹ ਕਾਰਨ ਮੌਤ ਹੋਈ ਹੈ। ਅਸਾਮ ਵਿੱਚ ਮੀਂਹ ਕਾਰਨ 10.17 ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 2.17 ਲੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਐਨਡੀਆਰਐਫ ਦੀਆਂ 12 ਟੀਮਾਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

 

 

fbbg-image

Latest News
Magazine Archive