‘ਆਪ’ ਵੱਲੋਂ ਵਿਰੋਧੀ ਧਿਰ ਦੇ ਆਗੂ ਵਜੋਂ ਖਹਿਰਾ ਦੀ ਛੁੱਟੀ


ਚੰਡੀਗੜ੍ਹ - ਆਮ ਆਦਮੀ ਪਾਰਟੀ ਨੇ ਅਖੀਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਹਾਈ ਕਮਾਂਡ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਸ ਸਬੰਧੀ ਪੱਤਰ ਲਿਖ ਕੇ ਸ੍ਰੀ ਖਹਿਰਾ ਦੀ ਥਾਂ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵਿਧਾਇਕ ਤੇ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁਖੀ ਵਕੀਲ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਨ ਦੀ ਜਾਣਕਾਰੀ ਦੇ ਦਿੱਤੀ ਹੈ। ਸ੍ਰੀ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਕੇ ਪਾਰਟੀ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਇਸ ਫੈਸਲੇ ਨਾਲ ਜਿਥੇ ਹਾਈ ਕਮਾਂਡ ਨੇ ਸ੍ਰੀ ਖਹਿਰਾ ਕੋਲੋਂ ਖਹਿੜਾ ਛੁਡਾ ਲਿਆ ਹੈ ਉਥੇ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲਿਤ ਪੱਤਾ ਵੀ ਖੇਡਿਆ ਹੈ।
ਸੂਤਰਾਂ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਸ੍ਰੀ ਖਹਿਰਾ ਵੱਲੋਂ ਵੱਖ-ਵੱਖ ਮੁੱਦਿਆਂ ਉਪਰ ਹਾਈ ਕਮਾਂਡ ਵੱਲ ਉਂਗਲਾਂ ਚੁੱਕਣ ਕਾਰਨ ਕੌਮੀ ਲੀਡਰਸ਼ਿਪ ਸਮੇਤ ਪੰਜਾਬ ਦੇ ਕਈ ਲੀਡਰ ਉਨ੍ਹਾਂ ਤੋਂ ਔਖੇ ਸਨ। ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ਵਿੱਚ ਮੁਆਫੀ ਮੰਗੀ ਸੀ ਤਾਂ ਉਸ ਵੇਲੇ ਸ੍ਰੀ ਖਹਿਰਾ ਨੇ ਪਾਰਟੀ ਮੁਖੀ ਵਿਰੁੱਧ ਬੜੀ ਸਖਤ ਸ਼ਬਦਾਵਲੀ ਵਰਤ ਕੇ ਇਕ ਤਰ੍ਹਾਂ ਨਾਲ ਬਗਾਵਤ ਹੀ ਕਰ ਦਿੱਤੀ ਸੀ। ਇਸੇ ਤਰਾਂ ਸ੍ਰੀ ਖਹਿਰਾ ਨੇ ਸ਼ਾਹਕੋਟ ਉਪ ਚੋਣ ਵਿੱਚ ਪਾਰਟੀ ਦੀ ਹੋਈ ਹਾਰ ਦੇ ਮਾਮਲੇ ਵਿੱਚ ਵੀ ਹਾਈ ਕਮਾਂਡ ਵੱਲ ਉਂਗਲ ਚੁੱਕੀ ਸੀ। ਇਸ ਤੋਂ ਬਾਅਦ ਸ੍ਰੀ ਖਹਿਰਾ ਰੈਫਰੈਂਡਮ-2020 ਦੇ ਮੁੱਦੇ ’ਤੇ ਵਿਵਾਦਾਂ ਵਿੱਚ ਘਿਰੇ ਰਹੇ ਸਨ। ਇਸ ਦੌਰ ਦੌਰਾਨ ਸ੍ਰੀ ਕੇਜੀਵਾਲ ਨੇ ਸ੍ਰੀ ਖਹਿਰਾ ਨਾਲ ਕੋਈ ਮੁਲਾਕਾਤ ਨਾ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਦਿੱਤਾ ਸੀ। ਪਿਛਲੇ ਦਿਨੀਂ 16 ਆਗੂਆਂ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਅਤੇ ਇਸੇ ਦੌਰਾਨ ਸ੍ਰੀ ਖਹਿਰਾ ਦਾ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨਾਲ ਟਕਰਾਅ ਪੈਦਾ ਹੋਣ ਕਾਰਨ ਕੁੜੱਤਣ ਹੋਰ ਵੱਧ ਗਈ ਸੀ। ਫਿਰ ਪਿਛਲੇ ਦਿਨ ਸ੍ਰੀ ਖਹਿਰਾ ਨੇ ਸੋਸ਼ਲ ਮੀਡੀਆ ਉਪਰ ਲਾਈਵ ਹੋ ਕੇ ਪਾਰਟੀ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਸਨ।
ਸੂਤਰਾਂ ਅਨੁਸਾਰ ਪਿਛਲੇ ਦਿਨਾਂ ਤੋਂ ਹਾਈ ਕਮਾਂਡ ਪਾਰਟੀ ਦੇ ਕੁੱਲ੍ਹ 20 ਵਿਧਾਇਕਾਂ ਵਿੱਚੋਂ ਕਈਆਂ ਨਾਲ ਇਸ ਸਬੰਧ ਵਿੱਚ ਸੰਪਰਕ ਕਰ ਰਹੀ ਸੀ ਅਤੇ ਜਦੋਂ ਬਹੁਗਿਣਤੀ ਵਿਧਾਇਕਾਂ ਨੇ ਸ੍ਰੀ ਖਹਿਰਾ ਨੂੰ ਹਟਾਉਣ ਦੀ ਲਿਖਤੀ ਸਹਿਮਤੀ ਦੇ ਦਿੱਤੀ ਤਾਂ ਹਾਈ ਕਮਾਂਡ ਨੇ ਉਨ੍ਹਾਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰ ਦਿੱਤੀ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਕੀਲ ਐਚਐਸ ਫੂਲਕਾ ਕੋਲੋਂ ਵੀ ਹਾਈ ਕਮਾਂਡ ਨੇ ਪੰਜਾਬ ਵਿੱਚ ਦਲਿਤ ਲੀਡਰਸ਼ਿਪ ਨੂੰ ਉਭਾਰਨ ਸਬੰਧੀ ਸੁਝਾਅ ਲਏ ਸਨ ਅਤੇ ਸ੍ਰੀ ਫੂਲਕਾ ਨੇ ਦਲਿਤ ਲੀਡਰਾਂ ਨੂੰ ਪਾਰਟੀ ਵਿੱਚ ਵੱਡੇ ਅਹੁਦੇ ਦੇਣ ਦੀ ਪ੍ਰੋੜ੍ਹਤਾ ਕੀਤੀ ਸੀ। ਇਸੇ ਦੌਰਾਨ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਨੇ  ਵਿਧਾਇਕ ਦਲ ਦਾ ਨੇਤਾ ਬਦਲਣ ਦਾ ਫੈਸਲਾ ਦਲਿਤ ਚਿਹਰੇ ਨੂੰ ਵਿਧਾਨ ਸਭਾ ਵਿੱਚ ਅਗਵਾਈ ਕਰਨ ਦਾ ਮੌਕਾ ਦੇਣ ਲਈ ਲਿਆ ਗਿਆ ਹੈ।
ਸੂਤਰਾਂ ਅਨੁਸਾਰ ਵਿਧਾਇਕ ਕੰਵਰ ਸੰਧੂ ਅਤੇ ਨਾਜ਼ਰ ਸਿੰਘ ਮਨਸ਼ਾਹੀਆ ਨੂੰ ਛੱਡ ਕੇ 16 ਵਿਧਾਇਕਾਂ ਨੇ ਸ੍ਰੀ ਖਹਿਰਾ ਨੂੰ ਹਟਾਉਣ ਅਤੇ ਸ੍ਰੀ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਬਾਬਤ ਹਾਈ ਕਮਾਂਡ ਨੂੰ ਸਹਿਮਤੀ ਦੇ ਦਿੱਤੀ ਹੈ। ਸ੍ਰੀ ਫੂਲਕਾ ਪਹਿਲਾਂ ਹੀ ਪਾਰਟੀ ਦੇ ਅਜਿਹੇ ਮਾਮਲਿਆਂ ਵਿੱਚ ਨਿਰਲੇਪ ਰਹਿੰਦੇ ਹਨ।
ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ: ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਨੇ ਆਪਣੀਆਂ ਪੰਜਾਬ ਅਤੇ ਪੰਜਾਬੀਆਂ ਲਈ ਵਿਰੋਧੀ ਧਿਰ ਦੇ ਆਗੂ ਵਜੋਂ ਬਣਦੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਨਿਡਰ ਹੋ ਕੇ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਲਈ ਸੱਚ ਬੋਲਣ ਦੀ ਕੀਮਤ ਇਹ ਅਹੁਦਾ ਗਵਾ ਕੇ ਚੁਕਾਉਣੀ ਪੈਂਦੀ ਹੈ ਤਾਂ ਉਹ ਇਸ ਲਈ ਸੌ ਅਹੁਦੇ ਨਿਛਾਵਰ ਕਰਨ ਲਈ ਤਿਆਰ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਆਪਣੇ ਮਨ ਦੀਆਂ ਹੋਰ ਬਾਤਾਂ 27 ਜੁਲਾਈ ਨੂੰ ਪ੍ਰੈਸ ਕਾਨਫਰੰਸ ਕਰਕੇ ਕਰਨਗੇ।

 

 

fbbg-image

Latest News
Magazine Archive