ਕੌਮੀ ਰਾਜਧਾਨੀ ’ਚ ਬੱਚੀਆਂ ਦੀ ਮੌਤ ਬਾਰੇ ਕੇਂਦਰ ਵੱਲੋਂ ਜਾਂਚ ਦੇ ਹੁਕਮ


ਨਵੀਂ ਦਿੱਲੀ - ਪੂਰਬੀ ਦਿੱਲੀ ਦੇ ਭੀੜ ਭੜੱਕੇ ਵਾਲੇ ਇਲਾਕੇ ਮੰਡਾਵਲੀ ਵਿੱਚ ਭੁੱਖਮਰੀ ਕਾਰਨ ਮਰੀਆਂ ਤਿੰਨ ਗਰੀਬ ਬੱਚੀਆਂ ਦੇ ਮਾਮਲੇ ਦੀ ਕੇਂਦਰ ਸਰਕਾਰ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਤੇ ਬੱਚੀਆਂ ਦੇ ਪਿਓ ਨੂੰ ਲੱਭਣ ਦੇ ਲਈ ਪੁਲੀਸ ਨੇ ਵੱਖ ਵੱਖ ਟੀਮਾਂ ਬਣਾ ਕੇ ਮੁਹਿੰਮ ਆਰੰਭ ਦਿੱਤੀ ਹੈ। ਪਿਤਾ 24 ਜੁਲਾਈ ਨੂੰ ਦਿਹਾੜੀ ਦੀ ਭਾਲ ਵਿੱਚ ਘਰੋਂ ਨਿਕਲਿਆ ਸੀ। ਮੰਗਲਵਾਰ ਨੂੰ ਮਰੀਆਂ ਬੱਚੀਆਂ ਦਾ ਅੱਜ ਦੂਜੀ ਵਾਰ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਬੱਚੀਆਂ ਦਾ ਭੁੱਖੇ ਰਹਿਣਾ ਸਾਹਮਣੇ ਆਇਆ ਹੈ। ਬੱਚੀਆਂ ਨੂੰ ਇੱਕ ਹਫਤੇ ਤੋਂ ਖਾਣ ਲਈ ਕੁੱਝ ਵੀ ਨਹੀਂ ਮਿਲਿਆ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਲਈ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਅੱਜ ਮੁੜ ਕਰਵਾਏ ਤਿੰਨ ਨਾਬਾਲਗ ਬੱਚੀਆਂ ਦੇ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਬੱਚੀਆਂ ਦੇ ਪੇਟ ਖਾਲੀ ਸਨ ਅਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ ਕਿਤੋਂ ਵੀ ਚਰਬੀ ਨਹੀਂ ਮਿਲੀ।
ਇਸ ਘਟਨਾ ਦੀ ਜਿੱਥੇ ਕੇਂਦਰ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ, ਉੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੌਤਾਂ ਗਰੀਬੀ ਅਤੇ ਬਿਮਾਰੀ ਕਾਰਨ ਹੋਈਆਂ ਹਨ ਅਤੇ ਇਹ ਮੌਜੂਦਾ ਪ੍ਰਬੰਧ ਦੀ ਅਸਫਲਤਾ ਹੈ। ਦੇਸ਼ ਦੀ ਰਾਜਧਾਨੀ ਜਿੱਥੇ ਪ੍ਰਤੀ ਵਿਅਕਤੀ ਆਮਦਨ 3.29 ਲੱਖ ਰੁਪਏ ਪ੍ਰਤੀ ਜੀਅ ਹੈ, ਵਿੱਚ ਅਜਿਹੀ ਘਟਨਾ ਵਾਪਰਨੀ ਮੌਜੂਦਾ ਰਾਜਸੀ ਪ੍ਰਬੰਧ ਲਈ ਸ਼ਰਮਨਾਕ ਹੈ। ਸਿਸੋਦੀਆ ਨੇ ਬੱਚਿਆਂ ਦੇ ਵਿਕਾਸ ਸਬੰਧੀ ਏਕੀਕ੍ਰਿਤ ਸੇਵਾਵਾਂ ਦੇ ਅਧਿਕਾਰੀਆਂ ਤੋਂ ਵੇਰਵੇ ਮੰਗੇ ਹਨ ਤੇ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਹੁਕਮ ਦਿੱਤੇ ਹਨ। ਇਸੇ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਤੇ ਜ਼ਲ੍ਹਿ‌ਾ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਭਲਕੇ ਰਿਪੋਰਟ ਮੰਗੀ ਹੈ।    

 

Latest News
Magazine Archive