ਕਾਂਗਰਸੀ ਆਗੂ ਬਲਵੰਤ ਸ਼ੇਰਗਿੱਲ ਦੀ ਗੋਲੀ ਲੱਗਣ ਕਾਰਨ ਮੌਤ


ਜਲੰਧਰ - ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਜੋਤੀ ਚੌਕ ਨੇੜੇ ਸਥਿਤ ਸੂਰੀ ਗੰਨ ਹਾਊਸ ਵਿੱਚ ਅੱਜ ਭੇਤਭਰੇ ਢੰਗ ਨਾਲ ਗੋਲੀ ਲੱਗਣ ਨਾਲ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿੱਲ ਦੀ ਮੌਤ ਹੋ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਕਿਸ ਹਥਿਆਰ ਵਿੱਚੋਂ ਤੇ ਕਿਵੇਂ ਚੱਲੀ।
ਮ੍ਰਿਤਕ ਬਲਵੰਤ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾਂ ਅਨੁਸਾਰ ਉਹ ਘਰੋਂ ਦੁਪਹਿਰ 12 ਵਜੇ ਆਪਣਾ ਰਿਵਾਲਵਰ ਵੇਚਣ ਲਈ ਕਹਿ ਕੇ ਗਿਆ ਸੀ, ਕਿਉਂਕਿ ਉਸ ਨੇ ਵਿਦੇਸ਼ ਜਾਣਾ ਸੀ ਅਤੇ ਰਿਵਾਲਵਰ ਦਾ ਲਾਇਸੈਂਸ ਵੀ ਖਤਮ ਹੋਣ ਵਾਲਾ ਸੀ। ਨਛੱਤਰ ਸਿੰਘ ਨੇ ਦੱਸਿਆ ਕਿ ਬਲਵੰਤ ਨੇ ਕਦੇ ਵੀ ਘਰ ਵਿੱਚ ਰਿਵਾਲਵਰ ਲੋਡ ਕਰ ਕੇ ਨਹੀਂ ਸੀ ਰੱਖਿਆ ਤੇ ਅੱਜ ਵੀ ਘਰੋਂ ਜਾਣ ਲੱਗਿਆਂ ਉਹ ਰਿਵਾਲਵਰ ਵੱਖ ਤੇ ਗੋਲੀਆਂ ਵੱਖਰੀਆਂ ਲੈ ਕੇ ਗਿਆ ਸੀ। ਉਨ੍ਹਾਂ ਆਪਣੇ ਪੁੱਤਰ ਦੀ ਮੌਤ ਨੂੰ ਇਕ ਸਾਜ਼ਿਸ਼ ਦੱਸਿਆ। ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਸੂਰੀ ਗੰਨ ਹਾਊਸ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਵਾਪਰਨ ਤੋਂ ਬਾਅਦ ਗੰਨ ਹਾਊਸ ਦਾ ਮਾਲਕ ਉਥੋਂ ਖਿਸਕ ਗਿਆ ਸੀ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਦੁਕਾਨ ਅੰਦਰੋਂ ਸੀਸੀਟੀਵੀ ਫੁਟੇਜ ਹਾਸਲ ਕੀਤੀ। ਫੁਟੇਜ ਵਿੱਚ ਸਾਫ ਤੌਰ ’ਤੇ ਨਜ਼ਰੀਂ ਪੈਂਦਾ ਹੈ ਕਿ ਗੋਲੀ ਗੰਨ ਹਾਊਸ ਦੇ ਮਾਲਕ ਕੋਲੋਂ ਚੱਲੀ ਸੀ। ਇਹ ਗੋਲੀ ਬਲਵੰਤ ਦੀ ਖੱਬੀ ਅੱਖ ਵਿਚ ਲੱਗੀ ਤੇ ਉਹ ਲਹੂ ਲੁਹਾਣ ਹੋ ਕੇ ਉਥੇ ਡਿੱਗ ਪਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਗੋਲੀ ਗੰਨ ਹਾਊਸ ਦੇ ਮਾਲਕ ਕੋਲੋਂ ਹੀ ਚੱਲੀ ਸੀ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਸ਼ੇਰਗਿੱਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਆਪਣਾ ਇਕ ਬੇਟਾ ਹੈ ਜੋ ਤੀਜੀ ਜਮਾਤ ਵਿੱਚ ਪੜ੍ਹਦਾ ਹੈ। ਬਲਵੰਤ ਸਿੰਘ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਰਗਰਮ ਮੈਂਬਰ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਅਦ ਉਹ ਵੀ ਕਾਂਗਰਸ ਵਿੱਚ ਆ ਗਿਆ ਸੀ।

 

 

fbbg-image

Latest News
Magazine Archive