ਰਾਹੁਲ ਹੋਣਗੇ ਚੋਣਾਂ ’ਚ ਕਾਂਗਰਸ ਦਾ ਚਿਹਰਾ


ਨਵੀਂ ਦਿੱਲੀ - ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਟਾਕਰੇ ਲਈ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਇਸ ਦੇ ਨਾਲ ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦਾ ਚਿਹਰਾ ਹੋਣਗੇ। ਇਹ ਫੈਸਲੇ ਅੱਜ ਇਥੇ ਨਵੀਂ ਗਠਿਤ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ), ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀਆਂ ਤੇ ਵੱਖ ਵੱਖ ਰਾਜਾਂ ਵਿੱਚ ਕਾਂਗਰਸ ਵਿਧਾਨਕ ਪਾਰਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਵਾਲੀ ਪੰਜ ਘੰਟੇ ਤੋਂ ਵਧ ਚੱਲੀ ਮੀਟਿੰਗ ’ਚ ਲਏ ਗਏ। ਪਾਰਟੀ ਨੇ ਸ੍ਰੀ ਗਾਂਧੀ ਨੂੰ ਵੱਖ ਵੱਖ ਕੌਮੀ ਤੇ ਖੇਤਰੀ ਪਾਰਟੀਆਂ ਨਾਲ ਮਹਾਂ ਕੌਮੀ ਗਠਜੋੜ ਲਈ ਇਕ ਕਮੇਟੀ ਗਠਿਤ ਕਰਨ ਦਾ ਅਧਿਕਾਰ ਵੀ ਦੇ ਦਿੱਤਾ। ਸ੍ਰੀ ਗਾਂਧੀ ਨੇ ਪਾਰਟੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਨਤਕ ਤੌਰ ’ਤੇ ਬੇਤੁਕੇ ਬਿਆਨ ਨਾ ਦੇਣ ਜਿਸ ਨਾਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ ਨੇ ਅੱਜ ਇਕ ਟਵੀਟ ’ਚ ਕਿਹਾ ਕਿ ਫਰਾਂਸ ਨਾਲ ਹੋਏ ਵਿਵਾਦਿਤ ਰਾਫ਼ੇਲ ਜੈੱਟ ਸਮਝੌਤੇ ਪਿੱਛੇ ਯਕੀਨੀ ਤੌਰ ’ਤੇ ਕਈ ‘ਘਪਲਾ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਭੇਤ ਗੁਪਤ ਰੱਖਣ ਦੀਆਂ ਧਾਰਾਵਾਂ ਨੂੰ ਲੈ ਕੇ ਇਕ ਗੱਲ ’ਤੇ ਕਾਇਮ ਨਹੀਂ ਰਹਿੰਦੇ ਤੇ ਹੁਣ ਤਕ ਵੱਖੋ ਵੱਖਰੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਵਜੋਂ ਕਾਂਗਰਸ ਵਰਕਿੰਗ ਕਮੇਟੀ ਦੀ ਆਪਣੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਵੀਂ ਬਣੀ ਕਾਂਗਰਸ ਵਰਕਿੰਗ ਕਮੇਟੀ ਅਤੀਤ, ਵਰਤਮਾਨ ਤੇ ਭਵਿੱਚ ਵਿਚਾਲੇ ਸੇਤੂ ਦਾ ਕੰਮ ਕਰ ਸਕਦੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਉਠ ਖੜ੍ਹੇ ਹੋਣ ਅਤੇ ਦੱਬੇ ਕੁਚਲੇ ਤੇ ਪੀੜਤਾਂ ਦੀ ਲੜਾਈ ਲੜਨ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਦੇਸ਼ ਦੀ ਜਮਹੂਰੀਅਤ ਨਾਲ ਸਮਝੌਤਾ ਕਰਨ ਵਾਲੀ ‘ਖ਼ਤਰਨਾਕ ਹਕੂਮਤ’ ਤੋਂ ਬਚਾਉਣਾ ਹੋਵੇਗਾ। ਉਨ੍ਹਾਂ ਕਿਹਾ, ‘ਅਸੀਂ ਗੱਠਜੋੜ ਲਈ ਵਚਨਬੱਧ ਹਾਂ ਤੇ ਅਸੀਂ ਸਾਰੇ ਪਾਰਟੀ ਪ੍ਰਧਾਨ ਦੇ ਨਾਲ ਖੜ੍ਹੇ ਹਾਂ।’ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਸਮਾਜਿਕ ਖੁਸ਼ਹਾਲੀ ਤੇ ਆਰਥਿਕ ਵਿਕਾਸ ਦੀ ਬਹਾਲੀ ਜਿਹੇ ਮੁਸ਼ਕਲ ਕੰਮ ਨੂੰ ਨੇਪਰੇ ਚਾੜ੍ਹਨ ਲਈ ਪਾਰਟੀ ਪ੍ਰਧਾਨ ਨੂੰ ਕਾਂਗਰਸੀਆਂ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਕਿਸਾਨਾਂ ਦੀ ਆਮਦਨ 2022 ਤਕ ਦੁੱਗਣੀ ਕਰਨ ਦਾ ਦਾਅਵਾ ਪੂਰਾ ਕਰਨ ਲਈ ਖੇਤੀ ਸੈਕਟਰ ਦੀ ਵਿਕਾਸ ਦਰ 14 ਫੀਸਦ ਲੋੜੀਂਦੀ ਹੈ, ਜੋ ਫ਼ਿਲਹਾਲ ਕਿਤੇ ਨਜ਼ਰ ਨਹੀਂ ਆਉਂਦੀ। ਇਸ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ 35 ਤੋਂ 40 ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਭਾਜਪਾ ਵਿਰੋਧੀ ਮੋਰਚੇ ਦੇ ਗਠਨ ਲਈ ਮੋਹਰੇ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ। ਮਹਾਗੱਠਜੋੜ ਦਾ ਚਿਹਰਾ ਰਾਹੁਲ ਗਾਂਧੀ ਹੋਣ ਬਾਰੇ ਪੁੱਛੇ ਜਾਣ ’ਤੇ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਕਿਹਾ, ‘ਉਹ ਸਹਿਜੇ ਮੁੱਖ ਵਿਰੋਧੀ ਪਾਰਟੀ ਦੇ ਆਗੂ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਵਿਰੋਧੀ ਪਾਰਟੀਆਂ ਦੇ ਗੱਠਜੋੜ ਦਾ ਚਿਹਰਾ ਮੋਹਰਾ ਬਣਨ।’ ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਤਫ਼ਸੀਲ ਵਿੱਚ ਦੱਸਿਆ ਕਿ ਕਾਂਗਰਸ ਪਾਰਟੀ ਕਿਵੇਂ ਹੋਰਨਾਂ ਰਾਜਾਂ ਵਿੱਚ ਭਾਈਵਾਲਾਂ ਦੀ ਮਦਦ ਨਾਲ ਮਜ਼ਬੂਤ ਹੋ ਸਕਦੀ ਹੈ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਬਿਗਲ ਵਜਾ ਦਿੱਤਾ ਹੈ।
ਆਗਾਮੀ ਲੋਕ ਸਭਾ ਚੋਣਾਂ ’ਚ ਲੋਕ ਨਹੀਂ ਲਾਉਣਗੇ ਰਾਹੁਲ ਨੂੰ ਗਲ: ਭਾਜਪਾ
ਨਵੀਂ ਦਿੱਲੀ - ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਂ ਧੱਕੇ ਨਾਲ ਜੱਫੀ ਪਾ ਸਕਦੇ ਹਨ, ਪਰ ਆਗਾਮੀ ਲੋਕ ਸਭਾ ਚੋਣਾਂ ’ਚ ਲੋਕ ਰਾਹੁਲ ਨੂੰ ਗਲ ਨਹੀਂ ਲਾਉਣਗੇ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ ਤਕਰੀਰ ਲਈ ਗਾਂਧੀ ਪਰਿਵਾਰ ਦੇ ਫਰਜ਼ੰਦ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਾਲੂਨੀ ਨੇ ਕਿਹਾ ਕਿ ਲੋਕ ਅਗਲੀਆਂ ਆਮ ਚੋਣਾਂ ’ਚ ਰਾਹੁਲ ਨੂੰ ਮੂੰਹ ਨਹੀਂ ਲਾਉਣਗੇ। ਲੜੀਵਾਰ ਟਵੀਟ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਲੋਕ ਸਭਾ ਦੀਆਂ 150 ਸੀਟਾਂ ’ਤੇ ਚੋਣ ਲੜਨ ਦਾ ਫ਼ੈਸਲਾ ਕਰ ਚੁੱਕੀ ਹੈ ਜਦੋਂਕਿ ਗਾਂਧੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੇ ਸਨ।    
ਨਵੀਂ ਦਿੱਲੀ/ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਦੇ ਸਾਂਝੇ ਗੱਠਜੋੜ ਦਾ ਉਮੀਦਵਾਰ ਬਣਾਉਣ ਦੀ ਵਕਾਲਤ ਕੀਤੀ ਹੈ। ਆਪਣਾ ਪਹਿਲਾ ਸਟੈਂਡ ਦੁਹਰਾਉਂਦਿਆਂ ਕੈਪਟਨ ਨੇ ਕਿਹਾ ਕਿ ਮੁਲਕ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਉਹ ਨਿਸਚਤ ਤੌਰ ’ਤੇ ਸਫਲ ਪ੍ਰਧਾਨ ਮੰਤਰੀ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਵਿਰੋਧੀ ਧਿਰਾਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਅਤੇ ਰਾਹੁਲ ਗਾਂਧੀ ਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਫਰੰਟ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਸੱਤਾ ’ਤੋਂ ਲਾਂਭੇ ਕੀਤਾ ਜਾ ਸਕੇ।
ਅੱਜ ਇੱਥੇ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੇ ਸੈਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਗੱਠਜੋੜ ਬਾਰੇ ਪਾਰਟੀ ਵੱਲੋਂ ਕੌਮੀ ਪੱਧਰ ’ਤੇ ਫੈਸਲਾ ਲਿਆ ਜਾਵੇਗਾ ਅਤੇ ਪਾਰਟੀ ਦੀਆਂ ਸੂਬਾਈ ਇਕਾਈਆਂ ਉਸੇ ਫੈਸਲੇ ਨੂੰ ਅਪਨਾਉਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਗੱਠਜੋੜ ਕੇਂਦਰੀ ਲੀਡਰਸ਼ਿਪ ’ਤੇ ਨਿਰਭਰ ਹੋਵੇਗਾ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਵੀ ਗੱਲ ਕੀਤੀ ਹੈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਮੁਲਕ ਦੇ ਧਰਮ ਨਿਰਪੱਖਤਾ ਅਤੇ ਇਕਸਾਰਤਾ ਵਾਲੇ ਸ਼ਾਨਦਾਰ ਚਰਿੱਤਰ ਦੀ ਬਹਾਲੀ ਲਈ ਸਰਗਰਮ ਸਾਰੀਆਂ ਹਮਖਿਆਲ ਪਾਰਟੀਆਂ ਨੂੰ ਆਪਣੇ ਸਾਂਝੇ ਹਿੱਤ ਖਾਸ ਕਰਕੇ ਦੇਸ਼ ਦੇ ਹਿੱਤ ਵਿੱਚ ਇਕ ਮੰਚ ’ਤੇ ਆਉਣਾ ਚਾਹੀਦਾ ਹੈ। ਗੁਰਦਾਸਪੁਰ ਅਤੇ ਸ਼ਾਹਕੋਟ ਦੀਆਂ ਜ਼ਿਮਨੀ ਚੋਣਾਂ ਵਿੱਚ ਰਿਕਾਰਡ ਜਿੱਤ ਹਾਸਲ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਜ਼ਾਹਿਰ ਕੀਤੀ ਕਿ ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਵਿਚਾਰਾਂ ਦੀ ਹਮਾਇਤ ਕੀਤੀ ਜਨ੍ਹਿ‌ਾਂ ਨੇ ਕਿਹਾ ਕਿ ਸਾਲ 2019 ਦੀਆਂ ਚੋਣਾਂ ਜਿੱਤਣ ਲਈ ਵਿਆਪਕ ਪੱਧਰ ’ਤੇ ਗੱਠਜੋੜ ਕੀਤਾ ਜਾਵੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਵਾਂ ਉਪ ਕੁਲਪਤੀ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉੱਚ ਕੋਟੀ ਦੇ ਵਿਦਵਾਨ ਕਿਸੇ ਵੀ ਸੂਬੇ ਤੋਂ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਹੋਰਨਾਂ ਸੂਬਿਆਂ ਦੀਆਂ ਯੂਨੀਵਰਸਿਟੀਆਂ ਵਿੱਚ ਨਿਯੁਕਤ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ। ਕੈਪਟਨ ਨੇ ਕਿਹਾ, ‘‘ਮੈਂ ਹਾਈ ਕਮਾਂਡ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਉਨ੍ਹਾਂ ਨੂੰ ਜਿੱਤ ਹਾਸਲ ਕਰਕੇ ਦੇਵੇਗਾ।’’ ਉਨ੍ਹਾਂ ਕਿਹਾ, ‘‘‘ਮੈਂ ਆਖਿਆ ਹੈ ਕਿ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਵੀ ਪਾਰਟੀ ਲਈ ਕੰਮ ਕਰਨ ਲਈ ਜ਼ਿੰਮੇਵਾਰੀ ਸੌਂਪੋਗੇ ਤਾਂ ਅਸੀਂ ਉਥੇ ਵੀ ਜਾਵਾਂਗੇ।’’

 

 

fbbg-image

Latest News
Magazine Archive