ਰੌਕੀ ਦੇ ਕੰਧਾੜੇ ਚੜ੍ਹ ਕੇ ਵਿਜੀਲੈਂਸ ਵੱਲੋਂ ਮਲੂਕਾ ’ਤੇ ਨਿਸ਼ਾਨਾ


ਬਠਿੰਡਾ - ਵਿਜੀਲੈਂਸ ਅਫ਼ਸਰਾਂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀਆਂ ਕਰੀਬ ਇੱਕ ਦਰਜਨ ਜਾਇਦਾਦਾਂ ਦੀ ਸ਼ਨਾਖ਼ਤ ਕੀਤੀ ਹੈ ਤੇ ਮੰਤਰੀ ਦੀ ਘੇਰਾਬੰਦੀ ਲਈ ਸਾਬਕਾ ਅਕਾਲੀ ਚੇਅਰਮੈਨ ਰੌਕੀ ਕਾਂਸਲ ਦੀ ਜਾਇਦਾਦ ਛਾਣਨ ਲੱਗੀ ਹੈ। ਮਲੂਕਾ ਦੇ ਅਹਿਮ ਨੇੜਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਾਬਕਾ ਮੰਤਰੀ ਮਲੂਕਾ ਦਾ ਸਭ ਤੋਂ ਨੇੜਲਾ ਰਾਮਪੁਰਾ ਦਾ ਪ੍ਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਹੈ ਜਿਸ ਦੇ ਰਾਮਪੁਰਾ ਤੋਂ ਇਲਾਵਾ ਜ਼ੀਰਕਪੁਰ ਤੇ ਚੰਡੀਗੜ੍ਹ ਵਿੱਚ ਕਈ ਕਾਰੋਬਾਰ ਹਨ। ਪਹਿਲਾਂ ਹੀ ਖ਼ਤਰਾ ਭਾਂਪਦੇ ਹੋਏ ਰੌਕੀ ਕਾਂਸਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚੋਂ ਜ਼ਮਾਨਤ ਲੈ ਲਈ ਹੈ। ਹੁਣ ਕੋਈ ਵੀ ਕੇਸ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਸੱਤ ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਬਕਾ ਮੰਤਰੀ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਮ ’ਤੇ ਮਲੂਕਾ, ਕੋਠਾ ਗੁਰੂ, ਭਗਤਾ ਭਾਈ ਕਾ, ਰਾਈਆ, ਮਾਜਰੀ, ਚੰਡੀਗੜ੍ਹ, ਮੁਹਾਲੀ ਜ਼ਿਲ੍ਹੇ ’ਚ ਦੋ ਵਪਾਰਕ ਤੇ ਤਿੰਨ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਮੁੱਲਾਂਪੁਰ ਵਿਚ ਜਾਇਦਾਦ ਦੀ ਸ਼ਨਾਖ਼ਤ ਕੀਤੀ ਹੈ। ਸਾਬਕਾ ਮੰਤਰੀ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਜੋ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਰਹੇ ਹਨ, ਦੇ ਨਾਮ ਅੱਠ ਜਾਇਦਾਦਾਂ ਸਾਹਮਣੇ ਆਈਆਂ ਹਨ ਜਦੋਂ ਕਿ ਉਨ੍ਹਾਂ ਦੀ ਆਈਏਐਸ ਪਤਨੀ ਦੇ ਨਾਂ ਕੋਈ ਜਾਇਦਾਦ ਨਹੀਂ ਹੈ। ਮਲੂਕਾ ਪਰਿਵਾਰ ਵੱਲੋਂ ਇਨ੍ਹਾਂ ਜਾਇਦਾਦਾਂ ਨੂੰ ਪਹਿਲਾਂ ਹੀ ਆਮਦਨ ਕਰ ਵਿਭਾਗ ਕੋਲ ਆਪਣੀ ਸੰਪਤੀ ਦਾ ਹਿੱਸਾ ਦਿਖਾਇਆ ਹੈ।
ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਬੇਨਾਮੀ ਸੰਪਤੀ ਦੀ ਤਲਾਸ਼ ਹੈ। ਮਲੂਕਾ ਦੇ ਅਹਿਮ ਨੇੜਲੇ ਰੌਕੀ ਕਾਂਸਲ ਦੀਆਂ ਰਾਮਪੁਰਾ ਅਤੇ ਚੰਡੀਗੜ੍ਹ ਵਿੱਚ 7 ਰਿਹਾਇਸ਼ੀ ਕਲੋਨੀਆਂ ਹਨ। ਰੌਕੀ ਕਾਂਸਲ ਮਾਰਕੀਟ ਕਮੇਟੀ ਰਾਮਪੁਰਾ ਦਾ ਚੇਅਰਮੈਨ ਰਿਹਾ ਹੈ। ਗੱਠਜੋੜ ਸਰਕਾਰ ਸਮੇਂ ਰੌਕੀ ਦੀ ਤੂਤੀ ਬੋਲਦੀ ਰਹੀ ਹੈ। ਵਿਜੀਲੈਂਸ ਰੌਕੀ ਦੇ ਕੰਧਾੜੇ ਚੜ੍ਹ ਕੇ ਮਲੂਕਾ ’ਤੇ ਨਿਸ਼ਾਨਾ ਲਾਉਣਾ ਚਾਹੁੰਦੀ ਹੈ। ਰੌਕੀ ਦੇ ਸਾਰੇ ਬੈਂਕ ਖਾਤਿਆਂ ਦੀਆਂ ਪਿਛਲੇ 15 ਵਰ੍ਹਿਆਂ ਦੀਆਂ ਸਟੇਟਮੈਂਟਸ ਵੀ ਵਿਜੀਲੈਂਸ ਨੇ ਲਈਆਂ ਹਨ। ਉਸ ਦੀਆਂ ਰਿਹਾਇਸ਼ੀ ਕਲੋਨੀਆਂ ਦੇ ਗਾਹਕਾਂ ਦੇ ਵੇਰਵੇ ਤੱਕ ਹਾਸਲ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਮੁਹਾਲੀ ਦੇ ਪਿੰਡ ਕਾਂਸਲ ’ਚ ਰੌਕੀ ਕਾਂਸਲ ਅਤੇ ਸਾਬਕਾ ਮੰਤਰੀ ਮਲੂਕਾ ਦਾ ਦੋ ਕਨਾਲ ਦਾ ਸਾਂਝਾ ਪਲਾਟ ਮਿਲਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਸੰਗਰੂਰ ਦੇ ਮਿੱਤਲ ਭਰਾਵਾਂ ’ਤੇ ਵੀ ਅੱਖ ਰੱਖੀ ਹੋਈ ਹੈ ਜਿਨ੍ਹਾਂ ’ਤੇ ਪਹਿਲਾਂ ਹੀ ਵਿਜੀਲੈਂਸ ਪਿੰਡ ਝਿਊਰਹੇੜੀ ਦੇ ਮਾਮਲੇ ਵਿੱਚ ਇੱਕ ਕੇਸ ਦਰਜ ਕਰ ਚੁੱਕੀ ਹੈ। ਸੂਤਰ ਆਖਦੇ ਹਨ ਕਿ ਮਿੱਤਲ ਭਰਾਵਾਂ ਦੀ ਨੇੜਤਾ ਸਾਬਕਾ ਮੰਤਰੀ ਨਾਲ ਰਹੀ ਹੈ।
ਕੁਝ ਵੀ ਗ਼ਲਤ ਨਹੀਂ ਕੀਤਾ : ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਸਰਕਾਰ ਜੋ ਮਰਜ਼ੀ ਪੜਤਾਲ ਕਰ ਲਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਵਿਜੀਲੈਂਸ ਉਨ੍ਹਾਂ ਦੀਆਂ ਜਾਇਦਾਦਾਂ ਦੀ ਕਈ ਕਈ ਗੁਣਾ ਜ਼ਿਆਦਾ ਮਾਰਕੀਟ ਕੀਮਤ ਦਿਖਾਉਣ ਦੇ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਉਨ੍ਹਾਂ ਦੀ ਸੰਪਤੀ ਨੂੰ ਅਰਬਾਂ ਦੀ ਕੀਮਤ ਵਜੋਂ ਦੇਖ ਰਹੀ ਹੈ ਜਿਸ ਨੂੰ ਉਹ 25 ਕਰੋੜ ’ਚ ਵੇਚਣ ਦੀ ਪੇਸ਼ਕਸ਼ ਕਰਦੇ ਹਨ।
ਮਲੂਕਾ ਨਾਲ ਕੋਈ ਕਾਰੋਬਾਰੀ ਸਾਂਝ ਨਹੀਂ: ਰੌਕੀ
ਸਾਬਕਾ ਚੇਅਰਮੈਨ ਰੌਕੀ ਕਾਂਸਲ ਦਾ ਕਹਿਣਾ ਸੀ ਕਿ ਵਿਜੀਲੈਂਸ ਵੱਲੋਂ ਬਿਨਾਂ ਵਜ੍ਹਾ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਉਸ ਦੀ ਮਲੂਕਾ ਨਾਲ ਕਿਸੇ ਕਿਸਮ ਦੀ ਵੀ ਕੋਈ ਕਾਰੋਬਾਰੀ ਸਾਂਝ ਨਹੀਂ ਹੈ। ਉਨ੍ਹਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

 

 

fbbg-image

Latest News
Magazine Archive