ਲੋਕ ਸਭਾ ’ਚ ਭਲਕੇ ਹੋਵੇਗੀ ਬੇਵਿਸਾਹੀ ਮਤੇ ’ਤੇ ਬਹਿਸ


ਨਵੀਂ ਦਿੱਲੀ - ਭਾਜਪਾ ਦੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਚਾਰ ਸਾਲ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਵਿੱਚ ਪਹਿਲੀ ਵਾਰ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਂਦਾ ਜਾ ਰਿਹਾ ਹੈ ਜਿਸ ’ਤੇ ਲੋਕ ਸਭਾ ਵਿੱਚ ਸ਼ੁੱਕਰਵਾਰ ਨੂੰ ਬਹਿਸ ਹੋਵੇਗੀ।
ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸਪੀਕਰ ਸੁਮਿੱਤਰਾ ਮਹਾਜਨ ਨੇ ਮੰਨਿਆ ਕਿ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਇਸ ਮਤੇ ਸਬੰਧੀ ਨੋਟਿਸ ਦਿੱਤੇ ਗਏ ਹਨ ਅਤੇ ਉਨ੍ਹਾਂ ਟੀਡੀਪੀ ਦੇ ਕੇਸੀਨੇਨੀ ਸ੍ਰੀਨਿਵਾਸ ਨੂੰ ਇਸ ਮਤੇ ਨੂੰ ਅੱਗੇ ਵਧਾਉਣ ਲਈ ਕਿਹਾ ਹੈ। ਇਸ ਮਗਰੋਂ ਉਨ੍ਹਾਂ ਐਲਾਨ ਕੀਤਾ ਕਿ ਸੰਸਦ ਵਿੱਚ ਇਸ ਮਤੇ ’ਤੇ ਸ਼ੁੱਕਰਵਾਰ, 20 ਜੁਲਾਈ ਨੂੰ ਬਹਿਸ ਹੋਵੇਗੀ। ਉਨ੍ਹਾਂ ਕਿਹਾ ਕਿ ਮੁਕੱਰਰ ਹੋਈ ਤਰੀਕ ਨੂੰ ਸਾਰਾ ਦਿਨ ਇਸੇ ਮਤੇ ’ਤੇ ਸੰਸਦ ਦੀ ਕਾਰਵਾਈ ਚੱਲੇਗੀ ਅਤੇ ਵੋਟਾਂ ਰਾਹੀਂ ਇਸ ਦਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਉਸ ਦਿਨ ਕੋਈ ਪ੍ਰਸ਼ਨ ਕਾਲ ਨਹੀਂ ਹੋਵੇਗਾ ਅਤੇ ਸੰਸਦ ਵਿੱਚ ਬੇਭਰੋਸਗੀ ਮਤੇ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸਪੀਕਰ ਨੇ ਐਲਾਨ ਕੀਤਾ ਸੀ ਕਿ ਉਹ ਇਸ ਮਤੇ ਸਬੰਧੀ ਬਹਿਸ ਲਈ ਦੋ ਤਿੰਨ ਦਿਨਾਂ ਵਿੱਚ ਤਰੀਕ ਨਿਸ਼ਚਿਤ ਕਰਨਗੇ।
ਪ੍ਰਸ਼ਨ ਕਾਲ ਦੌਰਾਨ ਟੀਡੀਪੀ, ਕਾਂਗਰਸ ਅਤੇ ਐਨਸੀਪੀ ਸਮੇਤ ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬੇਭਰੋਸਗੀ ਦੇ ਮਤੇ ’ਤੇ ਜ਼ੋਰ ਦਿੱਤਾ। 50 ਤੋਂ ਵਧ ਸੰਸਦ ਮੈਂਬਰਾਂ ਨੇ ਇਸ ਮਤੇ ਦਾ ਸਮਰਥਨ ਕੀਤਾ। ਇਸ ’ਤੇ ਮਹਾਜਨ ਨੇ ਇਸ ਨੋਟਿਸ ਨੂੰ ਸਵੀਕਾਰ ਕਰ ਲਿਆ। ਵਿਰੋਧੀ ਪਾਰਟੀਆਂ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਣਾ ਚਾਹੁੰਦੀਆਂ ਸਨ। ਇਨ੍ਹਾਂ ਮੁੱਦਿਆਂ ਵਿੱਚ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ, ਗਊ ਰੱਖਿਆ ਦੇ ਨਾਂ ’ਤੇ ਗੁੰਡਾਗਰਦੀ, ਬੇਕਸੂਰਾਂ ਨੂੰ ਕੁੱਟਣ ਮਾਰਨ, ਔਰਤਾਂ ਅਤੇ ਦਲਿਤਾਂ ਵਿਰੁੱਧ ਵਧ ਰਹੇ ਜ਼ੁਲਮ ਅਤੇ ਐਸਸੀ/ਐਸਟੀ ਐਕਟ ਨੂੰ ਕਥਿਤ ਕਮਜ਼ੋਰ ਕਰਨਾ ਸ਼ਾਮਲ ਹਨ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਰਕਾਰ ਕਈ ਪਾਰਟੀਆਂ ਵੱਲੋਂ ਲਿਆਂਦੇ ਜਾ ਰਹੇ ਬੇਭਰੋਸਗੀ ਦੇ ਮਤੇ ਦੇ ਟਾਕਰੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਹੈ। ਇਥੇ ਦੱਸਣਯੋਗ ਹੈ ਕਿ ਸੰਸਦ ਵਿੱਚ 535 ਮੈਂਬਰ ਹਨ ਜਿਸ ਵਿੱਚ ਐਨਡੀਏ ਦੇ 313 ਮੈਂਬਰ, 274 ਭਾਜਪਾ  ਦੇ (ਸਪੀਕਰ ਸਮੇਤ), 18 ਸ਼ਿਵ ਸੈਨਾ ਦੇ ਅਤੇ ਛੇ ਐਲਜੇਪੀ ਅਤੇ ਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਨ। ਜਦੋਂ ਕਿ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ 222 ਬਣਦੀ ਹੈ ਜਿਸ ਵਿੱਚ 63 ਮੈਂਬਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੇ, 37 ਏਆਈਏਡੀਐਮਕੇ ਦੇ, 34 ਟੀਐਮਸੀ, 20 ਬੀਜੇਡੀ, 16 ਟੀਡੀਪੀ ਅਤੇ 11 ਟੀਆਰਐਸ ਦੇ ਹਨ। ਵਿਰੋਧੀ ਪਾਰਟੀਆਂ ਨੇ ਪਿਛਲੇ ਬਜਟ ਸੈਸ਼ਨ ਵਿੱਚ ਵੀ ਬੇਭਰੋਸਗੀ ਦਾ ਮਤਾ ਲਿਆਂਦਾ ਸੀ ਪਰ ਸਪੀਕਰ ਵੱਲੋਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਜਿਸ ਕਰਕੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੰਸਦ ਦਾ ਸਾਰਾ ਸੈਸ਼ਨ ਹੀ ਬੇਕਾਰ ਚਲਾ ਗਿਆ ਸੀ। ਟੀਡੀਪੀ ਵੱਲੋਂ ਅੱਜ ਸੰਸਦ ਦੇ ਪ੍ਰਸ਼ਨ ਕਾਲ ਵਿੱਚ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਸੰਸਦ ਵਿੱਚ ਇਹ ਮਤਾ ਲਿਆਉਣ ਦੀ ਮੰਗ ਕੀਤੀ। ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਜਦੋਂ ਬੇਭਰੋਸਗੀ ਦਾ ਮਤਾ ਲਿਆਉਣ ਦੀ ਤਰੀਕ ਨਿਸ਼ਚਿਤ ਕੀਤੀ ਗਈ ਤਾਂ ਇਸ ਤੋਂ ਤੁਰੰਤ ਬਾਅਦ ਟੀਐਮਸੀ ਆਗੂ ਦਿਨੇਸ਼ ਤਿ੍ਵੇਦੀ ਨੇ ਮੰਗ ਕੀਤੀ ਕਿ ਇਸ ਦੀ ਤਰੀਕ ਵਿੱਚ ਤਬਦੀਲੀ ਕੀਤੀ ਜਾਵੇ ਕਿਉਂਕਿ ਉਸ ਦਿਨ ਉਨ੍ਹਾਂ ਦੇ ਸੰਸਦ ਮੈਂਬਰ ਦਿੱਲੀ ਵਿੱਚ ਨਹੀਂ ਹੋਣਗੇ ਉਹ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਕੋਲਕਾਤਾ ਵਿੱਚ ਹੋਣਗੇ। ਕਾਂਗਰਸੀ ਆਗੂ ਖੜਗੇ ਵੱਲੋਂ ਵੀ ਉਨ੍ਹਾਂ ਦੀ ਤਾਈਦ ਕੀਤੀ ਗਈ ਪਰ ਮਹਾਜਨ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਕੀਤਾ ਜਾ ਚੁੱਕਿਆ ਹੈ। ਇਸ ਮਗਰੋਂ ਤਿ੍ਵੇਦੀ ਨੇ ਟੀਐਮਸੀ ਮੁਖੀ ਮਮਤਾ ਬੈਨਰਜੀ ਨਾਲ ਗੱਲ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਟੀਐਮਸੀ ਦੇ ਸੰਸਦ ਮੈਂਬਰ 20 ਜੁਲਾਈ ਨੂੰ ਬੇਭਰੋਸਗੀ ਮਤੇ ਦੇ ਫੈਸਲੇ ਤਕ ਸੰਸਦ ਵਿੱਚ ਮੌਜੂਦ ਰਹਿਣ।   
ਭਾਜਪਾ ਵੱਲੋਂ ਲੋਕ ਸਭਾ ਮੈਂਬਰਾਂ ਨੂੰ ਵਿਪ੍ਹ ਜਾਰੀ
ਨਵੀਂ ਦਿੱਲੀ - ਲੋਕ ਸਭਾ ਵਿੱਚ ਬੇਭਰੋਸਗੀ ਮਤੇ ਦਾ ਟਾਕਰਾ ਕਰਨ ਦੇ ਮੱਦੇਨਜ਼ਰ ਤਿਆਰੀ ਵਜੋਂ ਭਾਜਪਾ ਨੇ ਅੱਜ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਭਲਕੇ ਅਤੇ ਉਸ ਤੋਂ ਅਗਲੇ ਦਿਨ ਦੇ ਲਈ ਸਦਨ ਵਿੱਚ ਹਾਜ਼ਰ ਰਹਿਣ ਲਈ ਵਿਪ੍ਹ ਜਾਰੀ ਕਰ ਦਿੱਤਾ ਹੈ। ਵਿਪ੍ਹ, ਲੋਕ ਸਭਾ ਵਿੱਚ ਭਾਜਪਾ ਦੇ ਚੀਫ ਵਿਪ੍ਹ ਅਨੁਰਾਗ ਠਾਕੁਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ।
ਭਾਜਪਾ ਨੂੰ 314 ਸੰਸਦ ਮੈਂਬਰਾਂ ਦੀ ਹਮਾਇਤ ਦੀ ਉਮੀਦ
ਨਵੀਂ ਦਿੱਲੀ - ਵਿਰੋਧੀ ਪਾਰਟੀਆਂ ਵੱਲੋਂ ਸੰਸਦ ਵਿੱਚ ਲਿਆਂਦੇ ਬੇਭਰੋਸਗੀ ਦੇ ਮਤੇ ਸਬੰਧੀ ਭਾਜਪਾ ਨੂੰ ਉਮੀਦ ਹੈ ਕਿ ਉਸਨੂੰ ਨੂੰ 314 ਸੰਸਦ ਮੈਂਬਰਾਂ ਦਾ ਸਾਥ ਮਿਲੇਗਾ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਐਨਡੀਏ ਤੋਂ ਬਾਹਰਲੀਆਂ ਛੋਟੀਆਂ ਛੋਟੀਆਂ ਪਾਰਟੀਆਂ ਦੀ ਹਮਾਇਤ ਲਈ ਹੱਥ ਪੈਰ ਮਾਰ ਰਹੀ ਹੈ। ਭਾਜਪਾ ਨੂੰ ਸੰਸਦ ਵਿੱਚ 268 ਵੋਟਾਂ ਦੀ ਲੋੜ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਐਨਡੀਏ ਇਕਜੁੱਟ ਹੈ ਤੇ ਉਸ ਦੇ ਸਾਰੇ ਮੈਂਬਰ ਇਸ ਮਤੇ ਵਿਰੁੱਧ ਵੋਟ ਕਰਨਗੇ।

 

 

fbbg-image

Latest News
Magazine Archive