ਚੋਪੜਾ ਨੇ ਸੋਟੇਵਿਲੇ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨਾ


ਨਵੀਂ ਦਿੱਲੀ - ਭਾਰਤ ਦੇ ਸਟਾਰ ਜੈਵਲਿਨ ਥਰੋਅ ਅਥਲੀਟ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਨੇ ਫਰਾਂਸ ਵਿੱਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਨੀਰਜ ਨੇ 85.17 ਮੀਟਰ ਤੱਕ ਦੀ ਦੂਰੀ ਤੱਕ ਜੈਵਲਿਨ ਥਰੋਅ ਕਰਕੇ ਸੁਨਹਿਰੀ ਤਗ਼ਮਾ ਆਪਣੇ ਨਾਮ ਕੀਤਾ। ਮੋਲਦੋਵਾ ਦੇ ਐਂਡਰੀਅਨ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲਿਥੁਆਨੀਆ ਦੇ ਐਡਿਸ ਮਾਤੁਸੇਵੀਅਸ ਨੇ 79.31 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਤ੍ਰਿਨਿਦਾਦ ਐਂਡ ਟੋਬੈਗੋ ਦੇ ਵਾਲਕੋਟ ਇਸ ਵਾਰ 78.26 ਮੀਟਰ ਦੀ ਦੂਰੀ ਹੀ ਤੈਅ ਕਰ ਸਕਿਆ ਅਤੇ ਪੰਜਵੇਂ ਸਥਾਨ ’ਤੇ ਰਿਹਾ। 20 ਸਾਲਾ ਨੀਰਜ ਨੇ 2016 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੌਰਾਨ 86.48 ਮੀਟਰ ਦੀ ਦੂਰੀ ਨਾਲ ਸੁਨਹਿਰੀ ਤਗ਼ਮਾ ਜਿੱਤਿਆ ਸੀ।
ਇਸ ਸਾਲ ਮਾਰਚ ਮਹੀਨੇ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਨੀਰਜ ਨੇ ਭਾਰਤ ਨੂੰ ਅਥਲੈਟਿਕਸ ਵਿੱਚ ਸੋਨ ਤਗ਼ਮਾ ਦਿਵਾਇਆ ਸੀ। ਦੋਹਾ ਡਾਇਮੰਡ ਲੀਗ ਵਿੱਚ ਪਾਣੀਪਤ ਦੇ ਅਥਲੀਟ ਨੇ 87.43 ਮੀਟਰ ਨਾਲ ਕੌਮੀ ਰਿਕਾਰਡ ਬਣਾਇਆ ਸੀ, ਪਰ ਚੌਥੇ ਸਥਾਨ ’ਤੇ ਰਹਿ ਕੇ ਉਹ ਤਗ਼ਮੇ ਤੋਂ ਖੁੰਝ ਗਿਆ ਸੀ। ਨੀਰਜ ਦੇ ਕੋਚ ਉਵੇ ਹੋਨ ਨੇ ਸੋਸ਼ਲ ਸਾਈਟ ’ਤੇ ਆਪਣੇ ਸ਼ਾਗਿਰਦ ਨੂੰ ਵਧਾਈ ਦਿੱਤੀ।
ਸਾਬਕਾ ਜੈਵਲਿਨ ਥਰੋਅ ਵਿਸ਼ਵ ਰਿਕਾਰਡ ਜੇਤੂ ਉਵੇ ਨੇ ਕਿਹਾ, ‘‘ਨੀਰਜ ਤੁਸੀਂ ਬਹੁਤ ਚੰਗਾ ਕੀਤਾ, ਇਸ ਲੈਅ ਨੂੰ ਕਾਇਮ ਰੱਖੋ।’’ ਉਥੇ ਭਾਰਤੀ ਅਥਲੈਟਿਕ ਸੰਘ ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਟਵੀਟ ਕਰਕੇ ਨੀਰਜ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਭਾਰਤੀ ਖੇਡ ਅਥਾਰਟੀ (ਸਾਈ) ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਨੀਰਜ ਨੂੰ ਫਿਨਲੈਂਡ ਵਿੱਚ ਕੋਚਿੰਗ ਦੀ ਇਜਾਜ਼ਤ ਦੇਣ ’ਤੇ ਧੰਨਵਾਦ ਕੀਤਾ।
 

 

 

fbbg-image

Latest News
Magazine Archive