ਪਾਕਿ ’ਚ ਚੋਣ ਰੈਲੀਆਂ ਦੌਰਾਨ ਬੰਬ ਧਮਾਕੇ; ਉਮੀਦਵਾਰ ਸਣੇ 133 ਹਲਾਕ


ਪਿਸ਼ਾਵਰ/ਕਰਾਚੀ - ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਅੱਜ ਦੋ ਵੱਖ ਵੱਖ ਰੈਲੀਆਂ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਕਰੀਬ 133 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਵਿੱਚ ਅਵਾਮੀ ਲੀਗ ਦਾ ਉਮੀਦਵਾਰ ਸਿਰਾਜ ਰਾਏਸਾਨੀ ਵੀ ਸ਼ਾਮਲ ਹੈ। ਇਸ ਦੌਰਾਨ ਕਰੀਬ 125 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
ਕਰਾਚੀ ਤੋਂ ਪ੍ਰਾਪਤ ਬਲੋਚਿਸਤਾਨ ਸੂਬੇ ਵਿੱਚ ਅਵਾਮੀ ਲੀਗ ਪਾਰਟੀ ਦੀ ਮਸਤੁੰਗ ਜ਼ਿਲ੍ਹੇ ਵਿੱਚ ਦੇਰੇਨਗੜ੍ਹ ਇਲਾਕੇ ਵਿੱਚ ਰੈਲੀ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ ਤੇ ਰੈਲੀ ਸਥਾਨ ਨੇੜੇ ਫਟੇ ਬੰਬ ਕਾਰਨ 85 ਵਿਅਕਤੀ ਮਾਰੇ ਗਏ ਅਤੇ 150 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਅਯੂਬ ਅਚਾਕਜ਼ਈ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਪਹਿਲਾਂ ਮ੍ਰਿਤਕਾਂ ਦੀ ਗਿਣਤੀ ਘੱਟ ਸੀ ਪਰ ਅਨੇਕਾਂ ਜ਼ਖ਼ਮੀ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਏ। ਸੀਨੀਅਰ ਕੌਮੀ ਆਗੂ ਨਵਾਬਜ਼ਾਦਾ ਸਿਰਾਜ ਰਾਏਸਾਨੀ ਹਸਪਤਾਲ ਲੈ ਕੇ ਜਾਂਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ। ਬਲੋਚਿਸਤਾਨ ਦੇ ਸਿਹਤ ਮੰਤਰੀ ਫੈਜ਼ ਕੱਕੜ ਅਤੇ ਮਸਤੁੰਗ ਦੇ ਡਿਪਟੀ ਕਮਿਸ਼ਨਰ ਹਬੀਬ ਬਲੌਚ ਨੇ ਰਾਏਸਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਏਸਾਨੀ ਦਾ ਭਰਾ ਸੀ। ਜ਼ਖ਼ਮੀਆਂ ਨੂੰ ਕੋਇਟਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਦੌਰਾਨ ਪਿਸ਼ਾਵਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਪੱਛਮੀ ਪਾਕਿਸਤਾਨ ਵਿੱਚ ਇੱਕ ਇਸਲਾਮਿਕ ਪਾਰਟੀ ਦੇ ਆਗੂ ਦੇ ਕਾਫ਼ਲੇ ਉੱਤੇ ਕੀਤੇ ਗਏ ਬੰਬ ਹਮਲੇ ਵਿੱਚ 5 ਵਿਅਕਤੀ ਮਾਰੇ ਗਏ ਅਤੇ 37 ਜ਼ਖ਼ਮੀ ਹੋ ਗਏ। ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਕਿਸੇ ਰਾਜਸੀ ਰੈਲੀ ਉੱਤੇ ਇਹ ਤੀਜਾ     ਹਮਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖੈਬਰ ਪਖ਼ਤੂਨਵਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਮਾਤ ਉਲੇਮਾ ਏ ਇਸਲਾਮ ਫਾਜ਼ਲ ਦੇ ਸੀਨੀਅਰ ਆਗੂ ਅਕਬਰ ਦੁਰਾਨੀ ਨੂੰ ਇਸ ਹਮਲੇ ਵਿੱਚ ਮਾਮੂਲੀ ਜ਼ਖ਼ਮ ਆਏ ਹਨ। ਇਹ ਹਮਲਾ ਖ਼ੈਬਰ ਪਖ਼ਤੂਨਵਾ ਸੂਬੇ ਵਿੱਚ ਉੱਤਰੀ ਵਜ਼ੀਰਸਤਾਨ ਜ਼ਿਲ੍ਹੇ ਦੇ ਨਾਲ ਪੈਂਦੇ ਬੰਨੁੂ ਜ਼ਿਲ੍ਹੇ ਵਿੱਚ ਹੋਇਆ। ਬੰਬ ਇੱਕ ਮੋਟਰ ਸਾਈਕਲ ਵਿੱਚ ਫਿੱਟ ਕੀਤਾ ਹੋਇਆ ਸੀ ਅਤੇ ਇਹ ਦੁਰਾਨੀ ਦੇ ਵਾਹਨ ਦੇ ਨੇੜੇ ਫਟ ਗਿਆ। ਦੁਰਾਨੀ ਇੱਥੋਂ ਪਾਕਿਸਤਾਨ ਦੀਆਂ ਕੱਟੜਵਾਦੀ ਇਸਲਾਮਕ ਪਾਰਟੀਆਂ ਦੇ ਰਾਜਸੀ ਗੱਠਜੋੜ ਮੁਤਾਹਿਦਾ ਮਜਲਿਸ ਏ ਆਮਾਲ (ਐੱਮਐੱਮਏ) ਦਾ ਉਮੀਦਵਾਰ ਹੈ। ਸ੍ਰੀ ਦੁਰਾਨੀ ਜਦੋਂ ਚੋਣ ਰੈਲੀ ਤੋਂ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਵਾਹਨ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਬੰਨੂ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਾਕਾ ਰੈਲੀ ਵਾਲੀ ਥਾਂ ਦੇ ਨੇੜੇ ਹੀ ਹੋਇਆ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਦੁਰਾਨੀ, ਕ੍ਰਿਕਟਰ ਤੋਂ ਰਾਜਸੀ ਆਗੂ ਬਣੇ ਇਮਰਾਨ ਖਾਨ ਦੇ ਵਿਰੁੱਧ ਚੋਣ ਲੜ ਰਿਹਾ ਹੈ।

 

 

fbbg-image

Latest News
Magazine Archive