ਗੈਂਗਸਟਰ ਦਿਲਪ੍ਰੀਤ ਬਾਬਾ ਚੰਡੀਗੜ੍ਹ ਵਿੱਚੋਂ ਗ੍ਰਿਫ਼ਤਾਰ


ਚੰਡੀਗੜ੍ਹ - ਪੰਜਾਬ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਖ਼ਤਰਨਾਕ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਹਾਂ ਨੂੰ ਸੈਕਟਰ 43 ਦੇ ਬੱਸ ਅੱਡੇ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਦਾੜ੍ਹੀ ਅਤੇ ਕੇਸ ਕਟਾ ਕੇ ਆਪਣਾ  ਰੂਪ ਬਦਲਿਆ ਹੋਇਆ ਸੀ ਪਰ ਪੱਕੀ ਸੂਹ ਲੱਗਣ ਕਾਰਨ ਉਹ ਪੁਲੀਸ ਦੀ ਅੱਖ ਤੋਂ ਨਹੀਂ ਬੱਚ ਸਕਿਆ। ਚੰਡੀਗੜ੍ਹ ਅਤੇ ਪੰਜਾਬ ਪੁਲੀਸ ਦੀਆਂ ਟੀਮਾਂ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਦੇ ਪੱਟ ਉਪਰ ਗੋਲੀ ਲੱਗੀ ਹੈ। ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ।
ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸੈਕਟਰ 38 ਵੈਸਟ ਦੇ ਗੁਰਦੁਆਰੇ ਦੇ ਬਾਹਰ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਸ਼ਰੇਆਮ ਕਤਲ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪਲੀਸ ਨੂੰ ਲੋੜੀਂਦਾ ਸੀ। ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਵੀ ਮਾਰੀ ਸੀ ਅਤੇ ਕੁਝ ਦਿਨ ਪਹਿਲਾਂ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਦਿਲਪ੍ਰੀਤ ਫੇਸਬੁੱਕ ਰਾਹੀਂ ਕਈ ਹਸਤੀਆਂ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਪੰਜਾਬ ਵਿੱਚ ਉਸ ਖਿਲਾਫ਼ 25 ਦੇ ਕਰੀਬ ਕੇਸ ਦਰਜ ਹਨ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਨੂੰ ਦਿਲਪ੍ਰੀਤ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਨੇੜੇ ਪਹੁੰਚਣ ਦੀ ਐਤਵਾਰ ਨੂੰ ਸੂਹ ਮਿਲੀ ਸੀ। ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਦਿਹਾਤੀ ਪੁਲੀਸ ਦੀਆਂ ਟੀਮ ਨੇ ਅੱਜ ਸਵੇਰੇ ਤੋਂ ਹੀ ਚੰਡੀਗੜ੍ਹ ਵਿੱਚ ਸਰਗਰਮ ਸਨ। ਪੰਜਾਬ ਪੁਲੀਸ ਦੀ ਟੀਮ ਨੇ ਐਸਐਸਸਪੀ ਗੁਰਪ੍ਰੀਤ ਸਿੰਘ ਭੁੱਲਰ, ਡੀਐਸਪੀਜ਼ ਤਜਿੰਦਰ ਸਿੰਘ ਸੰਧੂ, ਰਾਕੇਸ਼ ਯਾਦਵ ਅਤੇ ਮੁਕੇਸ਼ ਕੁਮਾਰ ਦੀ ਅਗਵਾਈ ਹੇਠਲੀ ਟੀਮ ਤੇ ਚੰਡੀਗੜ੍ਹ ਪੁਲੀਸ ਦੀ ਕਰਾਈਮ ਬਰਾਂਚ ਦੀ ਟੀਮ ਨੇ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠ ਬੱਸ ਅੱਡੇ ਨੇੜੇ ਸਾਦੇ ਕੱਪੜਿਆਂ ਵਿੱਚ ਗੁਪਤ ਨਾਕੇ ਲਾਏ ਹੋਏ ਸਨ। ਇਸ ਦੌਰਾਨ ਪੰਜਾਬ ਪੁਲੀਸ ਟੀਮ ਦੀ ਬੱਸ ਅੱਡੇ ਦੇ ਬਾਹਰ ਪਾਰਕਿੰਗ ਨੇੜੇ ਦੁਪਹਿਰ 12:25 ਵਜੇ ਦਿਲਪ੍ਰੀਤ ਦੀ ਕਾਰ ਉਪਰ ਨਜ਼ਰ ਪਈ। ਪੁਲੀਸ ਦੇ ਇਕ ਅਧਿਕਾਰੀ ਨੇ ਕਾਰ ਦੇ ਅਗਲੇ ਸ਼ੀਸ਼ੇ ’ਤੇ ਇੱਟ ਮਾਰੀ ਤਾਂ ਦਿਲਪ੍ਰੀਤ ਨੇ ਕਾਰ ਪਿੱਛੇ ਵੱਲ ਭਜਾ ਲਈ। ਉਥੇ ਪਹਿਲਾਂ ਹੀ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਦਾ ਇੰਸਪੈਕਟਰ ਅਮਨਜੋਤ ਸਿੰਘ ਨਿੱਜੀ ਫੌਰਚੂਨਰ ਗੱਡੀ (ਸੀਐਚ01ਏਆਰ5194) ਵਿੱਚ ਟੀਮ ਸਮੇਤ ਤਾਇਨਾਤ ਸੀ ਅਤੇ ਉਸ ਨੇ ਗੱਡੀ ਦਿਲਪ੍ਰੀਤ ਦੀ ਬੈਕ ਆ ਰਹੀ ਕਾਰ ਵਿੱਚ ਮਾਰ ਦਿੱਤੀ। ਪੁਲੀਸ ਅਨੁਸਾਰ ਫਿਰ ਦਿਲਪ੍ਰੀਤ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਸ ਦੇ ਜਵਾਬ ’ਚ ਪੰਜਾਬ ਪੁਲੀਸ ਨੇ ਵੀ ਗੋਲੀ ਚਲਾਈ ਜੋ ਦਿਲਪ੍ਰੀਤ ਦੇ ਪੱਟ ਉਪਰ ਲੱਗੀ ਅਤੇ ਪੁਲੀਸ ਨੇ ਉਸ ਨੂੰ ਦਬੋਚ ਲਿਆ। ਦਿਲਪ੍ਰੀਤ ਦੀ ਕਾਰ ਕੋਲ ਉਸ ਦਾ ਕਾਲੇ ਰੰਗ ਦਾ ਰਿਵਾਲਵਰ ਡਿੱਗਾ ਪਿਆ ਸੀ ਅਤੇ ਕਾਰ ਵਿੱਚ ਫੌਇਲ ਪੇਪਰ ਤੇ ਲਾਈਟਰ ਮਿਲਿਆ ਹੈ। ਕਾਰ ਦੀ ਡਿੱਕੀ ਵਿੱਚੋਂ 310 ਬੋਰ ਦੀ ਬੰਦੂਕ, 59 ਕਾਰਤੂਸ, 2 ਹਾਕੀਆਂ ਅਤੇ ਨਕਲੀ ਦਾੜ੍ਹੀ ਬਰਾਮਦ ਹੋਈ ਹੈ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਓਸੀ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਸ਼ਾਮ ਵੇਲੇ ਇਥੇ ਪੁਲੀਸ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦਿਲਪ੍ਰੀਤ ਅੱਜ-ਕੱਲ ਪੰਜਾਬ ਅਤੇ ਹੋਰ ਰਾਜਾਂ ਵਿੱਚ ਚਿੱਟਾ ਅਤੇ ਗੋਲੀ-ਸਿੱਕਾ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਨੇ ਆਪਣੀ ਠਾਹਰ ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿੱਚ ਰੁਪਿੰਦਰ ਕੌਰ ਦੇ ਕਿਰਾਏ ਦੇ ਘਰ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਦੇ  ਨਵਾਂ ਸ਼ਹਿਰ ਸਥਿਤ ਘਰ ਵਿੱਚ ਰੱਖੀ ਹੋਈ ਸੀ। ਸ੍ਰੀ ਭੁੱਲਰ ਅਨੁਸਾਰ ਅੱਜ ਹੀ ਨਵਾਂ ਸ਼ਹਿਰ ਵਿੱਚ ਹਰਪ੍ਰੀਤ ਕੌਰ ਦੇ ਘਰ ਛਾਪਾ ਮਾਰ ਕੇ ਇਕ ਕਿਲੋ ਹੈਰੋਇਨ, ਮਰਦਾਨਗੀ ਤਾਕਤ ਵਧਾਉਣ ਵਾਲੇ ਕੈਪਸੂਲ, ਇਲੈਟ੍ਰਿਕ ਕੰਡਾ, ਬੋਰ ਪੰਪ ਐਕਸ਼ਨ ਰਾਈਫਲ, 40 ਕਾਰਤੂਸ ਅਤੇ ਫੋਨ ਬਰਾਮਦ ਕੀਤੇ ਹਨ।
ਗਿ੍ਫ਼ਤਾਰੀ ’ਚ ਚੰਡੀਗੜ੍ਹ ਪੁਲੀਸ ਦੀ ਭੂਮਿਕਾ ਨਾ ਹੋਣ ਦਾ ਦਾਅਵਾ
ਪੰਜਾਬ ਦੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨੇ ਕਿਹਾ ਹੈ ਕਿ ਦਿਲਪ੍ਰੀਤ ਦੀ ਗ੍ਰਿਫ਼ਤਾਰੀ ਨਾਲ ਨਾਰਕੋ -ਗੈਂਗਸਟਰਜ਼ ਦਾ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ  ਹੈਰੋਇਨ ਦੀ ਕੀਤੀ ਸਪਲਾਈ ਦੀ ਰਾਸ਼ੀ ਲੈਣ ਲਈ ਚੰਡੀਗੜ੍ਹ ਆਇਆ ਸੀ। ਸ੍ਰੀ ਗੁਪਤਾ ਅਨੁਸਾਰ ਦਿਲਪ੍ਰੀਤ ਨੂੰ ਜਲੰਧਰ ਦਿਹਾਤੀ ਪੁਲੀਸ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਸਟੇਟ ਕਾਊਂਟਰ ਇੰਟੈਂਲੀਜੈਂਸ ਦੇ ਸਾਂਝੇ ਅਪਰੇਸ਼ਨ ਨਾਲ ਕਾਬੂ ਕੀਤਾ ਗਿਆ ਹੈ ਅਤੇ ਇਸ ਅਪਰੇਸ਼ਨ ਵਿੱਚ ਚੰਡੀਗੜ੍ਹ ਪੁਲੀਸ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੀ ਦਿਲਪ੍ਰੀਤ ਨੇ ਸੋਸ਼ਲ ਮੀਡੀਆ ਉਪਰ ਡਰੱਗਜ਼ ਵਿਰੁੱਧ ਪੋਸਟ ਪਾਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਅਪਰੇਸ਼ਨ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ’ਤੇ ਕੀਤਾ ਹੈ। ਮੌਕੇ ਦੇ ਹਾਲਾਤ ਵੀ ਇਹੋ ਬਿਆਨ ਕਰਦੇ ਹਨ ਪਰ ਪੰਜਾਬ ਪੁਲੀਸ ਕੁਝ ਹੋਰ ਹੀ ਕਹਿ ਰਹੀ ਹੈ।

 

 

fbbg-image

Latest News
Magazine Archive