ਕੁਲਗਾਮ ’ਚ ਫ਼ੌਜ ਵੱਲੋਂ ਫਾਇਰਿੰਗ; 3 ਮੌਤਾਂ, ਦੋ ਜ਼ਖ਼ਮੀ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਕੁਲਗ਼ਾਮ ਜ਼ਿਲੇ ਵਿੱਚ ਪਥਰਾਅ ਕਰ ਰਹੇ ਮੁਜ਼ਾਹਰਾਕਾਰੀਆਂ ’ਤੇ ਅੱਜ ਫ਼ੌਜ ਨੇ ਗੋਲੀਬਾਰੀ ਕਰ ਦਿੱਤੀ ਜਿਸ ਕਾਰਨ ਇਕ ਲੜਕੀ ਸਮੇਤ ਤਿੰਨ ਸਿਵਲੀਅਨ ਮਾਰੇ ਗਏ ਤੇ ਦੋ ਜ਼ਖ਼ਮੀ ਹੋ ਗਏ। ਇਸੇ ਦੌਰਾਨ ਦਹਿਸ਼ਤਗਰਦਾਂ ਨੇ ਅੱਜ ਸ੍ਰੀਨਗਰ ਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਦੋ ਥਾਈਂ ਸਲਾਮਤੀ ਦਸਤਿਆਂ ਉਤੇ ਗ੍ਰਨੇਡ ਹਮਲੇ ਕੀਤੇ। ਪੁਲੀਸ ਮੁਤਾਬਕ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਧਰ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ ਤੋਂ ਪਹਿਲਾਂ ਇਹਤਿਆਤ ਦੇ ਤੌਰ ’ਤੇ ਕਸ਼ਮੀਰ ਦੇ ਬਹੁਤੇ ਹਿਸਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਸ਼ਰਾਰਤੀਆਂ ਦੇ ਇਕ ਗਰੁਪ ਨੇ ਕੁਲਗ਼ਾਮ ਦੇ ਹਾਵੂਰਾ ਮਿਸ਼ੀਪੁਰਾ ਇਲਾਕੇ ਵਿੱਚੋਂ ਲੰਘ ਰਹੀ ਫ਼ੌਜ ਦੀ ਇਕ ਟੁਕੜੀ ’ਤੇ ਪਥਰਾਓ ਕੀਤਾ। ਫ਼ੌਜ ਨੇ ਲੋਕਾਂ ਨੂੰ ਤਿਤਰ-ਬਿਤਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਲੜਕੀ ਤੇ ਸਮੇਤ ਤਿੰਨ ਜਣੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਤਰਜਮਾਨ ਅਨੁਸਾਰ ਦੋ ਹੋਰਨਾਂ ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾਂਦੀ ਹੈ। ਪੁਲੀਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਇਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਪੁਲਵਾਮਾ ਜ਼ਿਲੇ ਦੇ ਤਰਾਲ ਕਸਬੇ ਅਤੇ ਸ੍ਰੀਨਗਰ ਦੇ ਨੌਹੱਟਾ ਤੇ ਮਾਇਸੁਮਾ ਪੁਲੀਸ ਸਟੇਸ਼ਨ ਅਧੀਨ ਖੇਤਰਾਂ ਵਿੱਚ ਰੋਕਾਂ ਲਾਈਆਂ ਗਈਆਂ ਹਨ। 8 ਜੁਲਾਈ 2016 ਨੂੰ ਬੁਰਹਾਨ ਵਾਨੀ ਅਨੰਤਨਾਗ ਦੇ ਕੋਕਰਨਾਗ ਖੇਤਰ ਵਿੱਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਜੋ ਤਰਾਲ ਦਾ ਜੰਮ-ਪਲ ਸੀ। ਉਸ ਦੀ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਸਨ।
ਲਸ਼ਕਰ ਦੇ ਚਾਰ ਅਤਿਵਾਦੀਆਂ ਖ਼ਿਲਾਫ਼ ਚਾਰਜ-ਸ਼ੀਟ: ਪੁਲੀਸ ਨੇ ਬਾਰਾਮੁੱਲਾ ਜ਼ਿਲੇ ਵਿੱਚ ਪਿਛਲੇ ਅਪਰੈਲ ਮਹੀਨੇ ਤਿੰਨ ਨੌਜਵਾਨਾਂ ਦੀ ਹੱਤਿਆ ਦੇ ਸਬੰਧ ਵਿੱਚ ਲਸ਼ਕਰ-ਏ-ਤੋਇਬਾ ਦੇ ਚਾਰ ਅਤਿਵਾਦੀਆਂ ਖ਼ਿਲਾਫ਼ ਪ੍ਰਿੰਸੀਪਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਾਰਜ-ਸ਼ੀਟ ਦਾਇਰ ਕੀਤੀ ਹੈ। ਪੁਲੀਸ ਤਰਜਮਾਨ ਨੇ ਦੱਸਿਆ ਕਿ ਇਨ੍ਹਾਂ ’ਚੋਂ ਦੋ ਅਤਿਵਾਦੀ ਜ਼ੇਰੇ-ਹਿਰਾਸਤ ਹਨ ਜਦਕਿ ਦੋ ਅਜੇ ਫ਼ਰਾਰ ਹਨ।
ਗਵਰਨਰੀ ਰਾਜ ਚਲਦਾ ਰਹੇ: ਰਾਮ ਮਾਧਵ: ਨਵੀਂ ਦਿੱਲੀ: ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਅੱਜ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੀਡੀਪੀ ਦੇ ਬਾਗ਼ੀ ਵਿਧਾਇਕਾਂ ਨਾਲ ਮਿਲ ਕੇ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਟਵਿਟਰ ’ਤੇ ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਦਾਅਵਾ ਕੀਤਾ ਸੀ ਕਿ ਪੀਡੀਪੀ ਦੇ ਕਈ ਵਿਧਾਇਕ ਭਾਜਪਾ ਹਾਈ ਕਮਾਂਡ ਦੇ ਸੰਪਰਕ ਵਿੱਚ ਹਨ ਤੇ ਭਗਵੀਂ ਪਾਰਟੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਮਾਧਵ ਨੇ ਕਿਹਾ ਉਹ ਰਾਜ ਦੇ ਅਮਨ, ਸ਼ਾਸਨ ਤੇ ਵਿਕਾਸ ਦੇ ਹਿੱਤ ਵਿੱਚ ਗਵਰਨਰੀ ਰਾਜ ਜਾਰੀ ਰੱਖਣ ਦੇ ਹੱਕ ਵਿੱਚ ਹਨ।
ਕਸ਼ਮੀਰ ਨਾਲ ਧੱਕਾ: ਉਮਰ: ਸ੍ਰੀਨਗਰ - ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਉਹ ਰਾਜਪਾਲ ਐਨ  ਐਨ ਵੋਹਰਾ ਨੂੰ ਮਿਲ ਕੇ ਸ੍ਰੀਨਗਰ ਵਿੱਚ ਲੋਕਾਂ ਨਾਲ ਹੋ ਰਹੇ ਵਿਤਕਰੇ ਤੇ ਧੱਕੇ ਬਾਬਤ ਜਾਣਕਾਰੀ ਦੇਣਗੇ। ਪਾਰਟੀ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਮੁੱਦਾ ਉਠਾ ਰਹੇ ਹਨ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਅੱਜ ਕੁਲਗਾਮ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਫਾਇਰਿੰਗ ਵਿੱਚ ਤਿੰਨ ਸਿਵਲੀਅਨਾਂ ਦੀਆਂ ਮੌਤਾਂ ਦੀ ਵੀ ਨਿਖੇਧੀ ਕੀਤੀ।
ਪਾਕਿ ਫਾਇਰਿੰਗ ’ਚ ਫ਼ੌਜੀ ਜਵਾਨ ਜ਼ਖ਼ਮੀ
ਜੰਮੂ - ਪਾਕਿਸਤਾਨ ਵੱਲੋਂ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਐਲਓਸੀ ਪਾਰੋਂ ਘਾਤ ਲਾ ਕੇ ਕੀਤੀ ਫਾਇਰਿੰਗ ਵਿੱਚ ਭਾਰਤੀ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਇਹ ਘਟਨਾ ਨੌਸ਼ਹਿਰਾ ਸੈਕਟਰ ਦੇ ਕਲਾਲ ਖੇਤਰ ਵਿੱਚ ਪੋਖਰਾ ਵਿਖੇ ਵਾਪਰੀ, ਜਿਥੇ ਜਵਾਨ ਸਰਹੱਦੀ ਚੌਕੀ ’ਤੇ ਤਾਇਨਾਤ ਸੀ। ਅਚਾਨਕ ਇਕ ਗੋਲੀ ਉਸ ਨੂੰ ਆਣ ਲੱਗੀ, ਜੋ ਸੰਭਵ ਤੌਰ ’ਤੇ ਪਾਕਿਸਤਾਨ ਵਾਲੇ ਪਾਸਿਉਂ ਛੁਪ ਕੇ ਚਲਾਈ ਗਈ ਸੀ। ਜਵਾਨ ਨੂੰ ਫ਼ੌਰੀ ਊਧਮਪੁਰ ਦੇ ਕਮਾਂਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ‘ਸਥਿਰ’ ਦੱਸੀ ਜਾਂਦੀ ਹੈ। ਇਹ ਕਰੀਬ ਇਕ ਮਹੀਨੇ ’ਚ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਪਹਿਲੀ ਉਲੰਘਣਾ ਹੈ।
ਹੜਤਾਲ ਕਾਰਨ ਅੱਜ ਮੁਲਤਵੀ ਰਹੇਗੀ ਅਮਰਨਾਥ ਯਾਤਰਾ
ਜੰਮੂ - ਜੰਮੂ-ਕਸ਼ਮੀਰ ਅਧਿਕਾਰੀਆਂ ਨੇ ਦਹਿਸ਼ਤਗਰਦ ਬੁਰਹਾਨ ਵਾਨੀ ਦੀ ਦੂਜੀ ਬਰਸੀ ਮੌਕੇ ਵੱਖਵਾਦੀਆਂ ਵੱਲੋਂ ਦਿੱਤੇ ਆਮ ਹੜਤਾਲ ਦੇ ਸੱਦੇ ਕਾਰਨ ਐਤਵਾਰ ਨੂੰ ਇਕ ਦਿਨ ਲਈ ਅਮਰਨਾਥ ਯਾਤਰਾ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਡੀਜੀਪੀ ਐਸ.ਪੀ. ਵੈਦ ਨੇ ਕਿਹਾ ਕਿ ਇਹ ਫ਼ੈਸਲਾ ਯਾਤਰੀਆਂ ਦੀ ਸਲਾਮਤੀ ਦੇ ਮੱਦੇਨਜ਼ਰ ਲਿਆ ਗਿਆ ਹੈ।

 

 

fbbg-image

Latest News
Magazine Archive